Breaking News
Home / ਰੈਗੂਲਰ ਕਾਲਮ / ‘ਸੋਸ਼ਲ ਮੀਡੀਆ’ ਕੀ ਬਣਾਊ ਸਾਡਾ?

‘ਸੋਸ਼ਲ ਮੀਡੀਆ’ ਕੀ ਬਣਾਊ ਸਾਡਾ?

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਉਹ ਚੰਗੇ ਭਲੇ ਬੰਦੇ ਸਨ, ਖੂਬ ਸਿਆਣੇ ਸਨ, ਪਰ ਅੰਤਾਂ ਦੇ ਕਮਲੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਨੇ, ਤੇ ਜਿਹੜੇ ਉੱਕਾ ਹੀ ਨਕਾਰਾ ਸਨ ਸਿਰੇ ਦੇ ਨਿਕੰਮੇ ਸਨ, ਉਹ ਬਹੁਤ ਹੀ ਸਿਆਣੇ ਤੇ ਚੰਗਾ ਕੰਮ-ਕਾਰ ਕਰਨ ਵਾਲੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਨੇ! ਅੱਜ ਮਾਂ ਆਪਣੇ ਪਰਦੇਸੀ ਗਏ ਪੁੱਤਰ ਦਾ ਖਤ ਨਹੀਂ ਉਡੀਕਦੀ, ਜਿਹੜਾ ਡਾਕੀਆ ਕਈ-ਕਦੀ ਮਹੀਨਿਆਂ ਮਗਰੋਂ ਖਤ ਲੈਕੇ ਆਉਂਦਾ ਹੁੰਦਾ ਸੀ, ਹੁਣ ਕਿਧਰੇ ਗੁਆਚ ਗਿਆ ਹੈ। ਹੁਣ ਮਾਂ ਪਰਦੇਸੀ ਪੁੱਤਾਂ-ਧੀਆਂ ਨਾਲ ਵੀਡੀਓ ਕਾਲਾਂ ‘ਤੇ ਗੱਲਾਂ ਕਰ-ਕਰ ਕੇ ਖੁਸ਼ ਹੁੰਦੀ ਹੈ ਤੇ ਮਾਂ ਨੂੰ ਲਗਦਾ ਹੀ ਨਹੀਂ ਕਿ ਉਹਦੇ ਬੱਚੇ ਪਰਦੇਸੀ ਹੋ ਗਏ ਨੇ। ਦਿਨ ਵਿਚ ਕਈ ਕਈ ਵਾਰੀ ਗੱਲ ਹੁੰਦੀ ਹੈ ਮਾਂਵਾਂ-ਪਿਓਆਂ ਦੀ ਆਪਣੇ ਪਰਦੇਸੀ ਬੱਚਿਆਂ ਨਾਲ। ਖੇਤ ਕੀ ਬੀਜਿਆਂ ਹੈ ਤੇ ਕੀ ਵਾਹਿਆ ਹੈ? ਕੀ ਵੱਟਿਆ ਹੈ ਤੇ ਕੀ ਖੱਟਿਆ ਹੈ?ਇਸ ਸਭ ਬਾਰੇ ਪਲੋ-ਪਲੀ ਜਾਣੀ ਜਾਂਦੇ ਹਾਂ ਅਸੀਂ ਪਰਦੇਸਾਂ ਵਿਚ ਬੈਠੇ ਹੋਏ ਵੀ। ਸਾਡੇ ਮੁਲਕ ਵਿਚ ਕੀ ਚੰਗਾ ਵਾਪਰਿਆ ਤੇ ਕੀ ਮੰਦਾ ਵਾਪਰਿਆ? ਸਾਨੂੰ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਰਹਿ ਗਈ,ਆਪਣੇ ਆਪ ਹੀ ਸਾਡੇ ਕੋਲ, ਸਭ ਕੁਝ ਪਲੋ ਪਲੀ ਆਈ-ਜਾਈ ਜਾਂਦਾ ਰਹਿੰਦਾ ਹੈ। ਬੇ-ਜੁਬਾਨਿਆਂ ਦੀ ਜੁਬਾਨ ਬਣਿਆ ਹੈ ਸੋਸ਼ਲ ਮੀਡੀਆ ਪਰ ਕਈਆਂ ਦੀ ਇਸਨੇ ਜੁਬਾਨ ਹੀ ਖਿੱਚ੍ਹ ਲਈ ਹੈ। ਉਹ ਇਹਦੇ ਅੱਗੇ ਕੁਝ ਬੋਲਣਾ ਹੀ ਨਹੀਂ ਚਾਹੁੰਦੇ। ਉਹ ਗੂੰਗੇ ਹਨ ਤੇ ਬੇਚਾਰੇ ਹਨ। ਇਸਨੇ ਖੂਬ ਰੰਗਾਂ ਵਿਚ ਵੱਸਦੇ ਕਈ ਘਰ ਬੁਰੀ ਤਰਾਂ ਉਜਾੜ ਛੱਡੇ ਨੇ।
ਇਹਦਾ ਪੱਟਿਆ ਬੰਦਾ ਪਰਿਵਾਰ ਵਿਚ ਬੈਠਕੇ ਵੀ ਆਪਣੇ ਆਪ ਨੂੰ ਇਕੱਲਾ-ਇਕੱਲਾ ਮਹਿਸੂਸ ਕਰਦਾ ਹੈ, ਤੇ ਲਗਾਤਾਰ ਹੋ ਰਹੀ ਚੈਟਿੰਗ ਵਿਚੋਂ ਪਲ ਭਰ ਲਈ ਵੀ ਬਾਹਰ ਨਹੀਂ ਆ ਰਿਹਾ। ਪਲ ਭਰ ਲਈ ਫੋਨ ਜੇਬ ਵਿਚ ਪਾਉਂਦਾ ਹੈ ਤੇ ਪਲ ਪਿਛੋਂ ਹੀ ਬਾਹਰ ਕੱਢ ਲੈਂਦਾ ਹੈ। ਗੁੱਟ ਉਤੇ ਘੜੀ ਨਹੀਂ ਹੈ, ਵਕਤ ਤੇ ਦਿਨ-ਵਾਰ ਵੀ ਫੋਨ ਪਾਸੋਂ ਪੁੱਛਣਾ ਹੈ ਬੰਦੇ ਨੇ! ਉਸਦੀ ਚੈਨ ਉਡ-ਪੁਡ ਗਈ ਹੈ ਕਿਧਰੇ ਖੰਭ ਲਾ ਕੇ! ਮਨੋਰੋਗੀਆਂ ਵਾਲੀ ਅਵਸਥਾ ਨਹੀਂ ਤਾਂ ਹੋਰ ਕਿਹੜੀ ਅਵਸਥਾ ਹੈ ਅਜਿਹੇ ਬੰਦੇ ਦੀ? ਇਸ ਮੀਡੀਆ ਨੇ ‘ਆਪਣੇ’ ਲੋਕ ‘ਬਿਗਾਨੇ’ ਕਰ ਦਿੱਤੇ ਨੇ ‘ਬਿਗਾਨੇ’ ਲੋਕ ‘ਆਪਣੇ’ ਬਣਾ ਦਿੱਤੇ ਨੇ!
ਇੱਕ ਦਿਨ ਮੈਂ ਅੱਖੀਂ ਦੇਖਿਆ ਕਿ ਮੇਰਾ ਇੱਕ ਮਿੱਤਰ ਕੰਨਾਂ ਨੂੰ ਹੈੱਡ ਫੋਨ ਲਾਈ ਤੇ ਫੋਨ ਜੇਬ ਵਿਚ ਪਾਈ ਤੁਰਿਆ ਆਂਦਾ ਕਿਸੇ ਨਾਲ ਫੋਨ ‘ਤੇ ਬੁਰੀ ਤਰਾਂ ਲੜ-ਝਗੜ ਰਿਹਾ ਸੀ। ਸਾਹਮਣੇ ਆ ਰਹੇ ਬੰਦੇ ਰਾਹ ਛੱਡ ਕੇ ਭੱਜਣ ਲੱਗੇ ਕਿ ਕੋਈ ਪਾਗਲ ਆ ਰਿਹਾ ਹੈ, ਸਿਰ ਵਿਚ ਇੱਟ-ਵੱਟਾ ਮਾਰ ਕੇ ਪਾਰ ਬੁਲਾਏਗਾ ਭਾਈ! ਭੱਜੋ-ਭੱਜੋ ਭਾਈ ਜਾਨ! ਇਸ ਵਕਤ ਨਿਆਣਾ ਵਰਗ ਸੋਸ਼ਲ ਮੀਡੀਆ ਦੀ ਮਾਰ ਹੇਠ ਬਹੁਤ ਬੁਰੀ ਤਰਾਂ ਆਇਆ ਹੋਇਆ ਹੈ। ਖਤਰਨਾਕ ਗੇਮਾ ਆਈਆਂ ਤੇ ਜਾਨਾਂ ਗਈਆਂ। ਮਾਪੇ ਕੁਰਲਾ ਕੇ ਕਹਿੰਦੇ ਹਨ ਕਿ ਕਦੇ ਤਾਂ ਇਸ ‘ਡੱਬੀ’ ਜਿਹੀ ਦਾ ਖਹਿੜਾ ਛੱਡ ਦਿਆ ਕਰੋ, ਤਾਂ ਅੱਗੋਂ ਧਮਕੀ ਮਿਲਦੀ ਹੈ ਕਿ ਆਤਮ-ਹੱਤਿਆ ਕਰ ਲੈਣੀ ਹੈ ਜੇਕਰ ਅੱਗੋਂ ਤੋਂ ਟੋਕਾ-ਟਾਕੀ ਕੀਤੀ ਤਾਂ! ਕਈ ਥਾਂਈ ਮਾਪਿਆਂ ਨੂੰ ਅਜਿਹੇ ਨਤੀਜੇ ਭੁਗਤਣੇ ਵੀ ਪਏ ਹਨ। ਅਜਿਹੀਆਂ ਖਬਰਾਂ ਪੜ-ਸੁਣ ਕੇ ਡਰ-ਡਰ ਕੰਬਦੇ ਮਾਪੇ ਚੁੱਪ ਧਾਰਨੀਂ ਹੀ ਚੰਗੀ ਸਮਝਦੇ ਨੇ।
ਸੱਚੀ ਗੱਲ ਹੈ ਕਿ ਇਸ ਰਾਹੀਂ ਸੁੱਤੀਆ ਲਹਿਰਾਂ ਮੁੜ ਜਾਗੀਆਂ ਤੇ ਜਾਗ ਰਹੀਆਂ ਲਹਿਰਾਂ ਸੌਂ ਗਈਆਂ। ਜਿਹੜੇ ਪੰਜਾਬੀ ਭਾਸ਼ਾ ਨੂੰ ਮਰ ਮੁੱਕ ਜਾਣ ਵਾਲੀ ਭਾਸ਼ਾ ਆਖ ਰਹੇ ਨੇ, ਉਹੀ ਲੋਕ ਦੱਸਣ ਕਿ ਉਹਨਾਂ ਦੀ ਭਾਸ਼ਾ ਸੋਸ਼ਲ ਮੀਡੀਆਂ ਰਾਹੀਂ ਖੂਬ ਚਮਕੀ ਹੈ,ਜਾਂ ਨਹੀਂ? ਜਿਹੜੇ ਊੜਾ-ਐੜਾ ਨਹੀਂ, ਸੀ ਪਾਉਣਾ ਜਾਣਦੇ, ਉਹ ਟਿਕ-ਟਿਕ ਲਿਖੀ ਜਾ ਰਹੇ ਨੇ ਪੰਜਾਬੀ ਤੇ ਪੜ੍ਹੀ ਜਾ ਰਹੇ ਨੇ ਪੰਜਾਬੀ। ਕਈ ਕਹਿੰਦੇ ਨੇ ਕਿ ਉਹਨਾਂ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਰਫ ਸੋਸ਼ਲ ਮੀਡੀਆ ਤੋਂ ਹੀ ਸਿੱਖੀ ਹੈ। ਗਰੀਬ ਤੇ ਨਿਤਾਣੇ-ਨਿਮਾਣੇ ਲੋਕਾਂ ਲਈ ਸੋਸ਼ਲ ਮੀਡੀਆ ਇੱਕ ਤਰਾਂ ਵਰ ਬਣ ਕੇ ਬਹੁੜਿਆ ਹੈ। ਅਜਿਹੇ ਲੋਕਾਂ ਬਾਰੇ ਕੋਈ ਅਪੀਲ-ਦਲੀਲ ਪਾਉਂਦਾ ਹੈ ਤਾਂ ਅਨੇਕਾ ਮੱਦਦਗਾਰ ਝਟ ਜਾ ਪਹੁੰਚਦੇ ਨੇ। ਸਾਲਾਂ ਦੇ ਸਾਲਾਂ ਤੋਂ ਗੁੰਮੇ-ਗੁਆਚੇ ਲੱਭ ਦਿੱਤੇ ਨੇ ਇਸ ਸੋਸ਼ਲ ਮੀਡੀਆ ਨੇ ਪਰ ਇਸ ਨੇ ਵਿਛੋੜਨ ਲੱਗਿਆ ਵੀ ਦੇਰ ਨਹੀਂ ਲਾਈ। ਇੱਕ ਦੂਜੇ ਤੋਂ ‘ਖੂਨ’ ਵੀ ਕਰਾਈ ਜਾਂਦਾ ਹੈ ਤੇ ‘ਖੂਨਦਾਨ’ ਵੀ ਕਰਾਈ ਜਾਂਦਾ ਹੈ ਸਾਡਾ ਸੋਸ਼ਲ ਮੀਡੀਆ!
ਇਕ ਜੋੜਾ ਹੈ। ਇੱਕ ਕਮਰਾ ਹੈ। ਇੱਕ ਬੈੱਡ ਹੈ। ਦੋਵੇਂ ਪਤੀ-ਪਤਨੀ ਹੀ ਹਨ। ਪਰ ਦੋਵੇਂ ਕਿਸੇ ਬਾਹਰੀ ਸੰਸਾਰ ਵਿਚ ਰੁੱਝੇ ਹੋਏ ਹਨ। ਆਪਣਾ ਨਿੱਜੀ ਸੰਸਾਰ ਦੋਵੇਂ ਹੀ ਖੋ ਬੈਠੇ ਹਨ। ਤਲਾਕਾਂ ਤੱਕ ਨੌਬਤਾਂ ਆ ਗਈਆਂ ਤਾਂ ਜੱਜ ਪੁੱਛਦੇ ਹਨ ਕਿ ਤੁਹਾਡਾ ਰੌਲਾ ਆਖਰ ਹੈ ਕੀ? ਤਲਾਕ ਕਿਉਂ ਮੰਗਦੇ ਹੋ? ਜੁਆਬ ਮਿਲਦਾ ਹੈ ਕਿ ਫੇਸ ਬੁੱਕ ਤੇ ਵੈਟਸ ਐਪ ਤੇ ਇੰਸਟਾਗਰਾਮ ਤੇ ਹੋਰ ਇਹੋ ਜਿਹੀਆਂ ਸਾਈਟਾਂ ਦਾ ਪੰਗਾ। ਵਹਿਮ ਇਸ ਮੀਡੀਆ ਨੇ ਅੰਨੇ-ਵਾਹ ਫੈਲਾਇਆ। ਪਤਨੀ ਰਾਤੀ ਬਾਥਰੂਮ ਲਈ ਗਈ ਤੇ ਅਚਾਨਕ ਵੈਟਸ-ਐਪ ਚੈੱਕ ਕਰ ਬੈਠੀ। ਪਤੀ ਵੈਟਸ ਐਪ ਚੈੱਕ ਕਰਦਾ ਹੈ ਤੇ ਪੁਛਦਾ ਹੈ ਕਿ ਏਨੀ ਰਾਤ ਗਈ ਤੂੰ ਕਿਸ ਨਾਲ ਗੱਲ ਕਰਦੀ ਸੀ? ਆਨ-ਲਾਈਨ ਕਿਉਂ ਸੀ ਤੂੰ ਦੱਸ ਮੈਨੂੰ?
ਸੋ, ਮੇਰੀ ਉਹਨਾਂ ਪਾਠਕ ਦੋਸਤਾਂ ਨੂੰ ਅਪੀਲ ਹੈ, ਜੋ (ਮੇਰੇ ਵਾਂਗ) ਇਸਦੇ ਦੀਵਾਨੇ ਹਨ, ਸੁੱਧ-ਭੁਧ ਗੁਆ ਚੁਕੇ ਹਨ, ਦੋਸਤੋ ਹਾਲੇ ਵੀ ਵੇਲਾ ਹੈ-ਡੁੱਲੇ ਬੇਰਾਂ ਦਾ ਕੂਝ ਨਹੀਂ ਵਿਗੜਿਆ! ਆਓ ਚੁਗ ਲਈਏ!ੲੲੲ
ਜੇ ਬੇਸਮੈਂਟ ‘ਚ ਰੈਂਟ ‘ਤੇ ਰਹਿੰਦੇ ਹੋ ਤਾਂ ਕੀ ਇੰਸੋਰੈਂਸ ਵੀ ਕਰਵਾਉਣੀ ਜ਼ਰੂਰੀ ਹੈ?
ਚਰਨ ਸਿੰਘ ਰਾਏ416-400-9997
ਕੈਨੇਡਾ ਇੰਮੀਗਰਾਂਟਾਂ ਦਾ ਦੇਸ਼ ਹੈ ਅਤੇ ਹਰ ਸਾਲ ਲੱਖਾਂ ਹੀ ਨਵੇਂ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਇਥੇ ਇਸ ਦੇਸ ਵਿਚ ਪੱਕੇ ਤੌਰ ‘ਤੇ ਰਹਿਣ ਵਾਸਤੇ ਆਉਂਦੇ ਹਨ। ਬਹੁਤੇ ਵਿਅਕਤੀ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਹੀ ਆਪਣੀ ਰਿਹਾਇਸ਼ ਕਰਦੇ ਹਨ ਕਿਉਂਕਿ ਰੁਜਗਾਰ ਦੇ ਬਹੁਤੇ ਸਾਧਨ ਵੱਡੇ ਸਹਿਰਾਂ ਵਿਚ ਹੀ ਹੁੰਦੇ ਹਨ ਅਤੇ ਇਸ ਕਰਕੇ ਹੀ ਇਥੇ ਵੱਡੇ ਸਹਿਰਾਂ ਵਿਚ ਨਵੇਂ ਆਏ ਵਿਅਕਤੀਆਂ ਨੂੰ ਸਸਤੀ ਅਤੇ ਵਧੀਆ ਰਿਹਾਇਸ਼ ਮਹੱਈਆ ਕਰਵਾਉਣਾ ਇਕ ਸਮੱਸਿਆ ਬਣੀ ਹੋਈ ਹੈ। ਇਥੇ ਆਉਣ ਤੇ ਸਭ ਤੋਂ ਪਹਿਲਾ ਕੰਮ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨਾ ਹੀ ਹੁੰਦਾ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਹੀ ਨਵੇਂ ਆਏ ਵਿਅਕਤੀਆਂ ਵਾਸਤੇ ਮਹਿੰਗੇ ਰੇਟ ਤੇ ਅਪਾਰਟਮੈਂਟ ਬਿਲਡਿੰਗ ਜਾਂ ਘਰ ਕਿਰਾਏ ‘ਤੇ ਲੈਣਾ ਬਹੁਤ ਮੁਸਕਿਲ ਬਣਦਾ ਜਾ ਰਿਹਾ ਹੈ। ਇਸ ਕਰਕੇ ਹੀ ਜਿਥੇ ਘਰ ਦੀ ਬੇਸਮੈਂਟ ਵਿਚ ਰਿਹਾਇਸ਼ੀ ਅਪਾਰਟਮੈਂਟ ਬਣਾਕੇ ਕਿਰਾਏ ਤੇ ਦੇਣਾ ਮਕਾਨ ਮਾਲਕ ਵਾਸਤੇ ਆਮਦਨ ਦਾ ਸਾਧਨ ਬਣਦਾ ਹੈ ਉਥੇ ਨਵੇਂ ਆਏ ਪਰਿਵਾਰ ਵਾਸਤੇ ਇਕ ਸੁਰੱਖਿਅਤ ਅਤੇ ਠੀਕ ਕੀਮਤ ਤੇ ਰਿਹਾਇਸ਼ ਦਾ ਪ੍ਰਬੰਧ ਵੀ ਹੋ ਜਾਂਦਾ ਹੈ ਕਿਉਂਕਿ ਬਹੁਤੇ ਪਰਿਵਾਰ ਆਪਣੇ ਭਾਈਚਾਰੇ ਵਿਚ ਹੀ ਰਹਿਣਾ ਪਸੰਦ ਕਰਦੇ ਹਨ ਅਤੇ ਇਕ ਪਰਿਵਾਰ ਦਾ ਹਿਸਾ ਹੀ ਬਣ ਜਾਂਦੇ ਹਨ ।
ਮਕਾਨ ਮਾਲਕ ਨੂੰ ਤਾਂ ਆਪਣੇ ਮਕਾਨ ਦੀ ਇਹ ਇੰਸੋਰੈਂਸ ਲਾਜਮੀ ਤੌਰ ‘ਤੇ ਲੈਣੀ ਪੈਂਦੀ ਹੈ ਕਿਉਂਕਿ ਮਾਰਗੇਜ ਦੇਣ ਵਾਲੀ ਬੈਂਕ ਦੀ ਇਹ ਸ਼ਰਤ ਹੁੰਦੀ ਹੈ। ਇਹ ਇੰਸੋਰੈਂਸ ਜਿਸਨੂੰ ਫਾਇਰ ਅਤੇ ਥੈਪਟ ਇੰਸੋਰੈਂਸ ਵੀ ਕਿਹਾ ਜਾਂਦਾ ਹੈ,ਘਰ ਦੀ ਬਿਲਡਿੰਗ ਦੀ ਅਤੇ ਇਸ ਵਿਚ ਪਏ ਸਮਾਨ ਦੀ ਕਵਰੇਜ ਕਰਦੀ ਹੈ। ਬੇਸਮੈਂਟ ਵਿਚ ਰਹਿਣ ਵਾਲੇ ਅੱਧੇ ਤੋਂ ਵੱਧ ਪਰਿਵਾਰ ਇਹ ਇੰਸੋਰੈਂਸ ਨਹੀਂ ਲੈਂਦੇ,ਕਿਉਂਕਿ ਉਹ ਸਮਝਦੇ ਹਨ ਕਿ
1-ਮਾਲਕ ਮਕਾਨ ਦੀ ਘਰ ਦੀ ਇੰਸੋਰੈਂਸ ਹੀ ਬੇਸਮੈਂਟ ਵਿਚ ਰਹਿਣ ਵਾਲੇ ਵਿਅਕਤੀਆਂ ਦੇ ਸਮਾਨ ਦੀ ਕਵਰੇਜ ਕਰਦੀ ਹੈ,ਪਰ ਇਹ ਬਿਲਕੁਲ ਠੀਕ ਨਹੀਂ ਹੈ।
2-ਕਿ ਸਾਡੇ ਕੋਲ ਸਮਾਨ ਬਹੁਤ ਘੱਟ ਹੈ ਇਸ ਲਈ ਇੰਸੋਰੈਂਸ ਦੀ ਲੋੜ ਨਹੀਂ ਹੈ। ਪਰ ਅਸੀਂ ਆਪਣੇ ਸਮਾਨ ਦੀ ਕੀਮਤ ਨਹੀਂ ਸਮਝਦੇ ਪਰ ਇਸ ਸ਼ੁਰੂਆਤ ਸਮੇਂ ਜੇ ਇਹ ਸਾਰਾ ਸਮਾਨ ਨਵੇਂ ਸਿਰੇ ਤੋਂ ਦੁਬਾਰਾ ਨਵਾਂ ਲੈਣਾ ਪਵੇ ਤਾਂ ਇਸਦੀ ਕੀਮਤ ਦਾ ਪਤਾ ਲੱਗਦਾ ਹੈ ਅਤੇ ਇਹ ਬਹੁਤ ਔਖਾਂ ਵੀ ਹੋ ਜਾਂਦਾ ਹੈ।
3-ਕਿ ਇਹ ਬਹੁਤ ਮਹਿੰਗੀ ਹੋਵੇਗੀ। ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।
ਇਹ ਇੰਸੋਰੈਂਸ਼ ਤੁਹਾਡਾ ਸਮਾਨ,ਕੱਪੜੇ,ਇਲੈਕਟਰੋਨਿਕਸ ਦਾ ਸਮਾਨ ਅਤੇ ਫਰਨੀਚਰ ਜੇ ਚੋਰੀ ਹੋ ਜਾਵੇ,ਅੱਗ ਲੱਗ ਜਾਵੇ ਜਾਂ ਪਾਣੀ ਦੇ ਪਾਈਪ ਫਟਣ ਨਾਲ ਸਮਾਨ ਖਰਾਬ ਹੋ ਜਾਵੇ ਤਾਂ ਹੋਏ ਨੁਕਸਾਨ ਦੀ ਭਰਪਾਈ ਕਰਦੀ ਹੈ।
ਇਹ ਤੁਹਾਡੀਆਂ ਕਨੂੰਨੀ ਦੇਣਦਾਰੀਆਂ ਵੀ ਇਕ ਮਿਲੀਅਨ ਡਾਲਰ ਤੱਕ ਕਵਰ ਕਰਦੀ ਹੈ,ਭਾਵ ਜੇ ਦੁਨੀਆਂ ਦੇ ਕਿਸੇ ਵੀ ਹਿਸੇ ਵਿਚ ਜਾਕੇ ਕਿਸੇ ਗਲਤੀ ਦੇ ਤੁਸੀਂ ਕਨੂੰਨੀ ਤੌਰ ‘ਤੇ ਦੇਣਦਾਰ ਬਣ ਗਏ ਤਾਂ ਇਹ ਇੰਸੋਰੈਂਸ ਪੂਰਤੀ ਕਰਦੀ ਹੈ।
ਜੇ ਤੁਹਾਨੂੰ ਕੋਈ ਮਿਲਣ ਆਇਆ ਵਿਅਕਤੀ ਤੁਹਾਡੇ ਲਿਵਿੰਗ ਏਰੀਆ ਵਿਚ ਸੱਟ -ਫੇਟ ਖਾ ਬੈਠੇ ਤਾਂ ਮਕਾਨ ਮਾਲਕ ਦੀ ਇੰਸੋਰੈਂਸ ਨੇ ਕਵਰ ਨਹੀਂ ਕਰਨਾ,ਉਸਨੂੰ ਮੁਆਵਜਾ ਤੁਹਾਡੀ ਇੰਸੋਰੈਂਸ ਨੇ ਹੀ ਦੇਣਾ ਹੈ ਨਹੀਂ ਤਾਂ ਇਹ ਤੁਹਾਨੂੰ ਆਪਣੀ ਜੇਬ ਵਿਚੋਂ ਵੀ ਦੇਣਾ ਪੈ ਸਕਦਾ ਹੈ।
ਇਸ ਤਰ੍ਹਾਂ ਹੀ ਕਾਰ ਵਿਚ ਖੁਲਾ ਪਿਆ ਸਮਾਨ ਜੇ ਚੋਰੀ ਹੋ ਜਾਵੇ ਤਾਂ ਸਮਝਿਆ ਇਹ ਜਾਂਦਾ ਹੈ ਕਿ ਸਾਡੀ ਕਾਰ ਇੰਸੋਰੈਂਸ ਕਵਰ ਕਰੇਗੀ ਪਰ ਇਹ ਕਾਰ ਇੰਸੋਰੈਂਸ਼ ਕਵਰ ਨਹੀਂ ਕਰਦੀ,ਇਹ ਨੁਕਸਾਨ ਤੁਹਾਡੀ ਬੇਸਮੈਂਟ ਦੀ ਇੰਸੋਰੈਂਸ਼ ਭਰੇਗੀ।
ਇਹ ਬੇਸਮੈਂਟ ਪਾਲਸੀ ਨਵੀਂ ਬੇਸਮੈਂਟ ਕਰਾਏ ਤੇ ਲੈਣ ਵਾਸਤੇ ਜਾਂ ਹੋਟਲ ਵਿਚ ਰਹਿਣ ਦਾ ਖਰਚਾ ਵੀ ਦਿੰਦੀ ਹੈ ,ਜੇ ਅੱਗ ਲੱਗਣ ਕਰਕੇ ਜਾਂ ਹੋਰ ਕੁਦਰਤੀ ਆਫਤ ਕਰਕੇ ਘਰ ਦਾ ਨੁਕਸਾਨ ਹੋ ਜਾਵੇ ਅਤੇ ਬੇਸਮੈਂਟ ਰਹਿਣ ਦੇ ਕਾਬਲ ਨਾ ਰਹੇ।
ਇਨ੍ਹਾਂ ਸਾਰੀਆਂ ਸਹੂਲਤਾਂ ਦੇ ਮੁਕਾਬਲੇ ਇਹ ਬਹੁਤ ਹੀ ਸਸਤੀ ਹੁੰਦੀ ਹੈ ਕਿਉਂਕਿ ਇਸ ਵਿਚ ਸਿਰਫ ਤੁਹਾਡੇ ਸਮਾਨ ਦੀ ਕਵਰੇਜ ਹੁੰਦੀ ਹੈ ਅਤੇ ਘਰ ਦੀ ਬਿਲਡਿੰਗ ਦੀ ਤਾਂ ਮਕਾਨ ਮਾਲਕ ਦੀ ਇੰਸੋਰੈਂਸ ਕਵਰ ਕਰਦੀ ਹੈ। ਇਸ ਦੇ 20-25 ਡਾਲਰ ਮਹੀਨਾ ਖਰਚ ਕਰਕੇ ਇਹ ਪਾਲਸੀ ਲਈ ਜਾ ਸਕਦੀ ਹੈ। ਕੱਲ ਨੂੰ ਜਦ ਤੁਸੀਂ ਘਰ ਲੈਣਾ ਹੈ ਤਾਂ ਤੁਹਾਡੇ ਘਰ ਦੀ ਇੰਸੋਰੈਂਸ ਵੀ ਸਸਤੀ ਹੋ ਜਾਣੀ ਹੈ ਕਿਉਂਕਿ ਹੁਣ ਤੁਹਾਡਾ ਇੰਸੋਰੈਂਸ ਦਾ ਤਜਰਬਾ ਵੀ ਬਣ ਗਿਆ ਹੈ।
ਹੁਣ ਤਾਂ ਕਈ ਕੰਪਨੀਆਂ ਨੇ ਇਹ ਸ਼ਰਤ ਹੀ ਲਗਾ ਦਿਤੀ ਹੈ ਕਿ ਜੇ ਬੇਸਮੈਂਟ ਰੈਂਟ ਤੇ ਦਿੱਤੀ ਹੈ ਤਾਂ ਇਸ ਵਿਚ ਰਹਿੰਦੇ ਪਰਿਵਾਰ ਨੂੰ ਆਪਣੀ ਵੱਖਰੀ ਰੈਟਰ ਇੰਸੋਰੈਂਸ ਲੈਣੀ ਪੈਣੀ ਹੈ। ਇਸ ਕਰਕੇ ਹੀ ਕਈ ਮਕਾਨ ਮਾਲਕ ਤਾਂ ਪਹਿਲਾਂ ਹੀ ਆਪਣੇ ਲੀਜ ਐਗਰੀਮੈਂਟ ਵਿਚ ਇਸ ਇੰਸੋਰੈਂਸ ਦੀ ਸਰਤ ਲਗਾ ਦਿੰਦੇ ਹਨ। ਇਕ ਦੋ ਕੰਪਨੀਆਂ ਨੇ ਤਾਂ ਬੇਸਮੈਂਟ ਰੈਟਡ ਵਾਲੇ ਘਰਾਂ ਦੀਆਂ ਪਾਲਸੀਆਂ ਰੀਨੀਊ ਕਰਨ ਤੋਂ ਹੀ ਜਵਾਬ ਦੇ ਦਿਤਾ ਹੈ ਕਿਉਕਿ ਇੰਸੋਰੈਂਸ ਕੰਪਨੀ ਅਨੁਸਾਰ ਇੰਨੇ ਘੱਟ ਪ੍ਰੀਮੀਅਮ ਤੇ ਦੋ ਪਰਿਵਾਰਾਂ ਦੀ ਜਿੰਮੇਵਾਰੀ ਲੈਣਾ ਵਾਰਾ ਨਹੀਂ ਖਾਂਦਾ।
ਇਸ ਇੰਸੋਰੈਂਸ ਵਿਚ ਵੀ ਸਾਡੀਆਂ ਵੀ ਕਈ ਜਿੰਮੇਵਾਰੀਆਂ ਹੁੰਦੀਆਂ ਹਨ ਜਿਵੇਂ
ਜੇ ਤੁਹਾਡਾ ਸਮਾਨ ਬਹੁਤ ਮਹਿੰਗਾ ਹੈ ਅਤੇ ਜਿਊਲਰੀ ਅਤੇ ਗਹਿਣਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ ਤਾਂ ਇੰਸੋਰੈਂਸ ਕੰਪਨੀ ਨੂੰ ਇਸ ਬਾਰੇ ਜ਼ਰੂਰ ਦੱਸਣਾ ਪੈਂਦਾ ਹੈ।
ਜੇ ਬੇਸਮੈਂਟ ਵਿਚ ਕੋਈ ਅਜਿਹਾ ਕੰਮ ਕਰ ਰਹੇ ਹੋ ਜਾ ਕੋਈ ਅਜਿਹੀ ਚੀਜ਼ ਬਣਾ ਰਹੇ ਹੋ ਜੋ ਕਨੂੰਨੀ ਤੌਰ ਤੇ ਮਨ੍ਹਾ ਹੈ ਤਾਂ ਉਸ ਕਰਕੇ ਹੋਇਆ ਨੁਕਸਾਨ ਕਵਰ ਨਹੀਂ ਹੁੰਦਾ। ਇਸ ਤਰ੍ਹਾਂ ਹੀ ਜੇ ਬੇਸਮੈਂਟ ਵਿਚ ਕੋਈ ਹੋਮ-ਬੇਸਡ ਬਿਜਨਸ ਕਰ ਰਹੇ ਹੋ ਤਾਂ ਵੀ ਇਹ ਪਾਲਸੀ ਪੂਰਨ ਤੌਰ ਤੇ ਤੁਹਾਡੇ ਬਿਜਨਸ ਨੂੰ ਕਵਰ ਨਹੀਂ ਕਰਦੀ। ਇਸ ਵਾਸਤੇ ਇਹ ਪਾਲਸੀ ਦੇ ਨਾਲ ਬਿਜਨਸ ਇੰਸੋਰੈਂਸ ਦੀ ਕਵਰੇਜ਼ ਜੋੜਨੀਂ ਪੈਂਦੀ ਹੈ।
ਇਹ ਬੇਸਮੈਂਟ ਦੀ ਇੰਸੋਰੈਸ ਹਰ ਇਕ ਕੰਪਨੀ ਨਹੀਂ ਕਰਦੀ। ਜੇ ਨਵੇਂ ਆਏ ਹੋ ਕਾਰ ਦੀ ਇੰਸੋਰੈਂਸ ਪਹਿਲਾਂ ਕਰਵਾਈ ਹੋਈ ਹੈ,ਬਹੁਤ ਮਹਿੰਗੀ ਹੈ। ਹੁਣ ਬੇਸਮੈਂਟ ਦੀ ਇੰਸੋਰੈਂਸ਼ ਨਾਲ ਕਰਵਾ ਕੇ ਕਾਰ ਦੀ ਇੰਸੋਰੈਂਸ਼ ਵੀ ਕਈ ਕੇਸਾਂ ਵਿਚ ਸਸਤੀ ਹੋ ਜਾਂਦੀ ਹੈ। ਜੇ ਕਾਰ ਇੰਸੋਰੈਂਸ਼ ਕਰਵਾਈ ਨੂੰ ਪੂਰਾ ਸਾਲ ਹੋ ਗਿਆ ਹੈ ਅਤੇ ਹੁਣ ਰੀਨੀਊਲ ਆ ਗਈ ਹੈ ਪਰ ਤਾਂ ਵੀ ਇੰਸੋਰੈਂਸ਼ ਘੱਟ ਨਹੀਂ ਹੋਈ ਜਾਂ ਪਹਿਲਾਂ ਜੀ 2 ਲਾਇਸੰਸ਼ ਲੈਕੇ ਇੰਸੋਰੈਂਸ਼ ਲਈ ਸੀ ਹੁਣ ਜੀ ਲਾਈਸੈਂਸ ਲੈਣ ਤੇ ਵੀ ਘੱਟ ਨਹੀਂ ਹੋਈ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ਼ ਜਿਵੇਂ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ਼ ਲਾਈਫ,ਡਿਸਬਿਲਟੀ,ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।
ਚਰਨ ਸਿੰਘ ਰਾਏ,416-400-9997
ਸੀਨੀਅਰ ਆਟੋ ਤੇ ਹੋਮ ਇੰਸੋਰੈਂਸ਼ ਬਰੋਕਰ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …