Breaking News
Home / ਰੈਗੂਲਰ ਕਾਲਮ / ਨੈਤਿਕਤਾ ਤੋਂ ਸੱਖਣੀ ਹੋਈ ਸਿਆਸਤ

ਨੈਤਿਕਤਾ ਤੋਂ ਸੱਖਣੀ ਹੋਈ ਸਿਆਸਤ

ਦੀਪਕ ਸ਼ਰਮਾ ਚਨਾਰਥਲ
ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਦਿੱਤੇ ਅਸਤੀਫੇ ਨੇ ਇਕ ਵਾਰ ਅਵਾਮ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਸਿਆਸੀ ਗਲਿਆਰਿਆਂ ਵਿਚੋਂ ਨੈਤਿਕਤਾ ਗਾਇਬ ਹੋ ਚੁੱਕੀ ਹੈ। ਕੁਰਸੀ ਤਿਆਗਣ ਦਾ ਦਮ ਰੱਖਣ ਵਾਲੀ ਭਾਰਤ ਦੀ ਰਾਜਨੀਤੀ ਵਿਚ ਇਕੋ-ਇਕ ਉਦਾਹਰਨ ਮਿਲਦੀ ਹੈ ਲਾਲ ਬਹਾਦਰ ਸ਼ਾਸ਼ਤਰੀ ਦੀ, ਜਿਨ੍ਹਾਂ ਰੇਲ ਐਕਸੀਡੈਂਟ ਹੋਣ ‘ਤੇ ਆਪਣੇ ਮੰਤਰੀ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਸੀ। ਪਰ ਅੱਜ ਜੇ ਝਾਤ ਮਾਰੀਏ ਤਾਂ ਸਾਰੀਆਂ ਸਿਆਸੀ ਪਾਰਟੀਆਂ ਅੰਦਰ ਅਜਿਹੀ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਨ ਵਾਲੇ ਸਿਆਸਤਦਾਨ ਨਹੀਂ ਦਿਸਦੇ। ਦੋਸ਼ ਲੱਗ ਵੀ ਜਾਣ, ਦੋਸ਼ ਸਾਬਤ ਵੀ ਹੋ ਜਾਣ, ਉਨ੍ਹਾਂ ਦੋਸ਼ਾਂ ਦੀ ਸਜ਼ਾ ਵੀ ਮਿਲ ਜਾਵੇ, ਸਾਡੇ ਲੀਡਰ ਸਲਾਖਾਂ ਪਿੱਛੇ ਵੀ ਪਹੁੰਚ ਜਾਣ, ਤਦ ਵੀ ਜੁਬਾਨ ਦੇ ਪੱਕੇ ਹੀ ਰਹਿੰਦੇ ਹਨ। ਜਦੋਂ ਮਰਜ਼ੀ ਪੁੱਛਣਾ ਅਜਿਹੇ ਲੀਡਰਾਂ ਨੂੰ ਜਵਾਬ ਇਕ ਹੀ ਹੁੰਦਾ ਹੈ ਕਿ ਅਸੀਂ ਸਿਆਸੀ ਸਾਜਿਸ਼ ਦਾ ਸ਼ਿਕਾਰ ਹੋਏ ਹਾਂ, ਸਾਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਅਜਿਹੇ ਜਵਾਬ ਦੇ ਕੇ ਉਹ ਸਾਬਤ ਕਰਨਾ ਚਾਹੁੰਦੇ ਹਨ ਕਿ ਅਸੀਂ ਬੇਦਾਗ ਹਾਂ। ਹੱਦ ਹੈ ਕਿ ਅਜਿਹੇ ਲੀਡਰ ਜਦੋਂ ਮੁੜ ਚੋਣ ਪਿੜ ਵਿਚ ਵੀ ਉਤਰ ਆਉਂਦੇ ਤਦ ਵੀ ਸਾਡੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਰਹੇ ਹਨ। ਹੁਣ ਥੋੜ੍ਹਾ ਬਹੁਤ ਅਦਾਲਤ ਦੀ ਸਖਤੀ ਤੋਂ ਬਾਅਦ ਜਿੱਥੇ ਸਜ਼ਾ ਭੁਗਤ ਚੁੱਕੇ ਲੀਡਰਾਂ ਉਤੇ ਰੋਕ ਲੱਗੀ ਹੈ, ਉਥੇ ਇਹ ਪਹਿਲੂ ਹੁਣ ਪਹਿਲਾਂ ਨਾਲੋਂ ਜ਼ਿਆਦਾ ਭਾਰੂ ਹੋ ਗਿਆ ਹੈ ਕਿ ਲੀਡਰ ਅਹੁਦੇ ਤਿਆਗਣਾ ਨਹੀਂ ਚਾਹੁੰਦੇ, ਕੁਰਸੀਆਂ ਛੱਡਣਾ ਨਹੀਂ ਚਾਹੁੰਦੇ, ਚਾਹੇ ਉਨ੍ਹਾਂ ‘ਤੇ ਦੋਸ਼ ਰੇਤ ਖੱਡਾਂ ਦੇ ਘੁਟਾਲਿਆਂ ਦੇ ਲੱਗਦੇ ਹੋਣ, ਚਾਹੇ ਉਨ੍ਹਾਂ ‘ਤੇ ਦੋਸ਼ ਨਸ਼ਾ ਸਮੱਗਲਿੰਗ ਦੇ ਲੱਗਦੇ ਹੋਣ, ਚਾਹੇ ਉਨ੍ਹਾਂ ‘ਤੇ ਦੋਸ਼ ਕਿਸੇ ਹੋਰ ਘੁਟਾਲੇ, ਕਤਲ ਆਦਿ ਦੇ ਲੱਗਦੇ ਹੋਣ। ਪਰ ਇਹ ਲੋਕ ਏਨੇ ਬੇਸ਼ਰਮ ਹੁੰਦੇ ਹਨ ਕਿ ਇਨ੍ਹਾਂ ਦੀ ਚਮੜੀ ‘ਤੇ ਰਤਾ ਵੀ ਅਸਰ ਨਹੀਂ ਹੁੰਦਾ। ਇਸੇ ਲਈ ਸ਼ਰਮਸਾਰ ਹੋ ਕੇ ਨੈਤਿਕਤਾ ਸਿਆਸਤ ਤੋਂ ਕਿਤੇ ਦੂਰ ਹੋ ਗਈ ਹੈ। ਇਹ ਭਾਰਤੀ ਲੋਕਤੰਤਰ ਲਈ ਬਹੁਤ ਖਤਰਨਾਕ ਦੌਰ ਹੈ। ਜੇ ਲੀਡਰਾਂ ਨੂੰ ਸ਼ਰਮ ਨਹੀਂ ਤਾਂ ਅਵਾਮ ਨੂੰ ਹਿੰਮਤ ਕਰਨੀ ਪਵੇਗੀ। ਉਹ ਭ੍ਰਿਸ਼ਟ, ਉਹ ਗੁੰਡੇ, ਉਹ ਚਰਿੱਤਰਹੀਣ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਕੇਲਣ ਵਰਗੇ ਘਟੀਆ ਗੁਨਾਹ ਕਰਨ ਵਾਲੇ ਲੀਡਰਾਂ ਤੋਂ ਦੂਰੀ ਬਣਾ ਲੈਣ ਤੇ ਉਨ੍ਹਾਂ ਨੂੰ ਵੋਟਾਂ ਸਮੇਂ ਸ਼ੀਸ਼ਾ ਵਿਖਾ ਦੇਣ। ਅਜਿਹਾ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ ਉਸ ਖਿਲਾਫ ਜਨਤਾ ਨੂੰ ਸਖਤ ਫੈਸਲਾ ਲੈਣਾ ਪਵੇਗਾ, ਨਹੀਂ ਤਾਂ ਇਹ ਮਹਿਸੂਸ ਹੋਵੇਗਾ ਕਿ ਅਵਾਮ ਵੀ ਨੈਤਿਕਤਾ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …