Breaking News
Home / ਨਜ਼ਰੀਆ / ਇਨਕਲਾਬੀ ਯੋਧੇ ਸਨ ਸ਼ਹੀਦ ਊਧਮ ਸਿੰਘ

ਇਨਕਲਾਬੀ ਯੋਧੇ ਸਨ ਸ਼ਹੀਦ ਊਧਮ ਸਿੰਘ

ਹਰਜੀਤ ਬੇਦੀ
ਜਦ ਕੋਈ ਗੱਲ ਦਿਲ ਨੂੰ ਖਲਦੀ ਹੈ ।
ਤਾਂ ਸੀਨੇ ਵਿੱਚ ਅੱਗ ਬਲਦੀ ਹੈ ।
ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ ਦੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣਾ ਚਾਹੁੰਦਾ ਸੀ। ਉਹ ਆਪਣੇ ਪਿਆਰੇ ਮੁਲਕ ਨੂੰ ਅੰਗਰੇਜੀ ਸਾਮਰਾਜ ਤੋਂ ਮੁਕਤ ਕਰਾ ਕੇ ਇੱਕ ਆਜ਼ਾਦ, ਜਮਹੂਰੀ , ਸਮਾਜਿਕ ਬਰਾਬਰੀ ਅਤੇ ਇਨਸਾਫਪਸੰਦ ਦੇਸ਼ ਦੇ ਤੌਰ ‘ਤੇ ਦੇਖਣਾ ਲੋਚਦਾ ਸੀ । ਉਹ ਬਦੇਸ਼ੀ ਸਾਮਰਾਜ ਦੀ ਲੁੱਟ ਖਸੁੱਟ ਤੋਂ ਰਹਿਤ ਇੱਕ ਐਸਾ ਰਾਜਨੀਤਕ ਢਾਂਚਾ ਚਾਹੁੰਦਾ ਸੀ ਜਿੱਥੇ ਸਾਧਾਰਨ ਤੋਂ ਸਾਧਾਰਨ ਵਿਅਕਤੀ ਵੀ ਆਪਣੀ ਕਿਸਮਤ ਖੁਦ ਘੜਣ ਵਾਲਾ ਬਣ ਸਕੇ ।
26 ਦਸੰਬਰ 1899 ਨੂੰ ਸੁਨਾਮ ਵਿੱਚ ਪੈਦਾ ਹੋਏ ਊਧਮ ਸਿੰਘ ਦੇ ਸਿਰ ਤੋਂ ਮਾਂ ਦਾ ਸਾਇਆ ਤਾਂ ਬਚਪਨ ਵਿੱਚ ਹੀ ਉਠ ਗਿਆ ਤੇ ਕੁੱਝ ਸਮੇਂ ਬਾਦ ਉਸਦੇ ਸਿਰ ਤੇ ਪਿਤਾ ਦਾ ਹੱਥ ਵੀ ਨਾ ਰਿਹਾ । ਸੈਂਟਰਲ ਯਤੀਮਖਾਨਾ ਪੁਤਲੀ ਘਰ ਅੰਮ੍ਰਿਤਸਰ ਵਿੱਚ ਪਲੇ ਇਸ ਗਭਰੇਟ ਤੇ ਸੰਤ ਗੁਲਾਬ ਸਿੰਘ ਦਾ ਬਹੁਤ ਅਸਰ ਸੀ ਜੋ ਮਨੁੱਖੀ ਹਮਦਰਦੀ ਦਾ ਪੁੰਜ ਤੇ ਬ੍ਰਿਟਿਸ ਸਰਕਾਰ ਦੇ ਜੁਲਮਾਂ ਦੇ ਖਿਲਾਫ ਸੀ । ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨਾਲ ਉਸਦਾ ਕੋਮਲ ਹਿਰਦਾ ਵਲੂੰਧਰਿਆ ਗਿਆ ਤੇ ਉਸਦੇ ਦਿਲ ਵਿੱਚ ਗੋਰੀ ਸਰਕਾਰ ਵਿਰੁੱਧ ਗੁੱਸੇ ਦੇ ਭਾਂਬੜ ਬਲਣ ਲੱਗੇ । ਇੱਕ ਪਾਸੇ ਊਧਮ ਸਿੰਘ ਤੇ ਹੋਰ ਅਨੇਕਾਂ ਲੋਕਾਂ ਅੰਦਰ ਰੋਹ ਪੈਦਾ ਹੋਇਆ । ਦੂਜੇ ਪਾਸੇ ਸਰਕਾਰ ਦੇ ਥਾਪੇ ਉਸ ਸਮੇਂ ਸਿੱਖ ਕੌਮ ਦੇ ਸਰਬਰਾਹ ਅਰੂੜ ਸਿੰਘ ਵਲੋਂ ਅੰਗਰੇਜ ਹਕੂਮਤ ਦੀ ਚਾਪਲੂਸੀ ਕਰਨ ਲਈ ਜਨਰਲ ਡਾਇਰ ਤੇ ਉਸਦੇ ਸਾਥੀ ਬ੍ਰਿਗਜ ਨੂੰ ਦਰਬਾਰ ਸਾਹਿਬ ਸੱਦ ਕੇ ਸਿਰੋਪਿਆਂ ਨਾਲ ਨਿਵਾਜਿਆ ਗਿਆ ਤੇ ਕ੍ਰਿਪਾਨਾਂ ਭੇਟ ਕੀਤੀਆਂ ਗਈਆਂ। ਅਰੂੜ ਸਿੰਘ ਦੀ ਆਪਣੇ ਲੋਕਾਂ ਨਾਲ ਇਹ ਪਹਿਲੀ ਗਦਾਰੀ ਨਹੀਂ ਸੀ ਇਸ ਤੋਂ ਪਹਿਲਾਂ ਵੀ ਉਹ ਕਾਮਾਗਾਟਾਮਾਰੂ ਦੇ ਮੁਸਾਫਰਾਂ ਉੱਤੇ ਕੀਤੇ ਜ਼ੁਲਮ ਨੂੰ ਨਿੰਦਣ ਦੀ ਥਾਂ ਤੇ ਉਹਨਾਂ ਨੂੰ ਅਸਿੱਖ,ਕੁਰਾਹੀਏ ਤੇ ਗਦਾਰ ਆਦਿ ਕਹਿਕੇ ਅੰਗਰੇਜੀ ਸਰਕਾਰ ਦੀ ਪਿੱਠ ਪੂਰੀ ਸੀ ।
ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਤੋਂ ਬਾਅਦ ਸਰਹਾਲੀ ਜਾ ਕੇ ਗਰੁਦਿੱਤ ਸਿੰਘ ਕਾਮਾ- ਗਾਟਾਮਾਰੂ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਵਿੱਚ ਉਹਨਾਂ ਆਪਸ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਕਾਫੀ ਵਿਚਾਰ ਵਟਾਂਦਰਾ ਕੀਤਾ। ਉਹ ਪੂਰੀ ਤਰ੍ਹਾਂ ਆਜਾਦੀ ਦੀ ਲੜਾਈ ਦਾ ਸਿਪਾਹੀ ਬਣ ਗਿਆ। ਊਧਮ ਸਿੰਘ 1920 ਵਿੱਚ ਅਮਰੀਕਾ ਚਲਿਆ ਗਿਆ ਜਿੱਥੇ ਉਹ ਗਦਰ ਪਾਰਟੀ ਦੇ ਸੰਪਰਕ ਵਿੱਚ ਆਇਆ । ਉਸਨੇ ਗਦਰ ਪਾਰਟੀ ਵਲੋਂ ਛਾਪਿਆ ਸਾਹਿਤ ਪੜ੍ਹਿਆ । ਉਸ ਵਿੱਚ ਆਜ਼ਾਦੀ ਲਈ ਤੜਪ ਅਤੇ ਸਾਮਰਾਜ ਵਿਰੁੱਧ ਗੁੱਸਾ ਭਾਂਬੜ ਬਣ ਗਿਆ। ਗ਼ਦਰ ਪਾਰਟੀ ਜਿਹੜੀ ਕਿ ਹਥਿਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਅੰਗਰੇਜੀ ਸਾਮਰਾਜ ਤੋਂ ਆਜ਼ਾਦ ਕਰਵਾ ਕੇ ਕੌਮੀ ਜ਼ਮਹੂਰੀਅਤ ਕਾਇਮ ਕਰਨਾ ਚਾਹੁੰਦੀ ਸੀ ਦੇ ਕਾਰਕੁੰਨ ਦੇ ਤੌਰ ਤੇ ਕੰਮ ਕਰਦਾ ਰਿਹਾ। ਅਮਰੀਕਾ ਵਿੱਚ ਗਦਰ ਪਾਰਟੀ ਵਲੋਂ ਉਸਦੀ ਡਿਉਟੀ ਗੈਰ ਕਾਨੂੰਨੀ ਪਰਵਾਸੀਆਂ ਨੂੰ ਗ਼ਦਰੀਆਂ ਦੇ ਗੁਪਤ ਟਿਕਾਣੇ ਤੇ ਪਹੁੰਚਾਉਣ ਤੇ ਅਤੇ ਫੰਡ ਇਕੱਠਾ ਕਰਨ ਲਈ ਲਾਈ ਗਈ ਸੀ।
ਭਗਤ ਸਿੰਘ ਦੀ ਸਲਾਹ ਤੇ ਊਧਮ ਸਿੰਘ 27 ਜੁਲਾਈ 1927 ਨੂੰ ਭਾਰਤ ਮੁੜ ਆਇਆ। ਕਰਾਚੀ ਵਿੱਚ ਉਸ ਕੋਲੋਂ ਗ਼ਦਰ ਪਾਰਟੀ ਦਾ ਸਾਹਿਤ ਫੜੇ ਜਾਣ ‘ਤੇ ਉਸਨੂੰ ਜੁਰਮਾਨਾ ਹੋਇਆ । ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਣ ਲੱਗੀ। 30 ਅਗਸਤ 1927 ਨੂੰ ਅੰਮ੍ਰਿਤਸਰ ਵਿੱਚ ਊਧਮ ਸਿੰਘ ਨੁੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਅਸਲਾ ਅਤੇ ਗ਼ਦਰ ਲਹਿਰ ਸਬੰਧੀ ਸਾਹਿਤ ‘ਗਦਰ ਦੀ ਗੂੰਜ’ , ‘ਪੈਂਫਲੇੱਟ ਗੁਲਾਮੀ ਦੀ ਜ਼ਹਿਰ’, ‘ਗ਼ਦਰ ਦੀ ਦੂਰੀ’, ‘ਦੇਸ਼ ਭਗਤਾਂ ਦੀ ਜਾਨ’ ਅਤੇ ‘ਰੂਸੀ ਗਦਰ ਗਿਆਨ ਸਮਾਚਾਰ’ ਬਰਾਮਦ ਹੋਏ। ਉਸ ਤੇ ਅਸਲਾ ਕਾਨੂੰਨ ਅਧੀਨ ਮੁਕੱਦਮਾ ਚਲਾ ਕੇ ਪੰਜ ਸਾਲ ਦੀ ਸਖਤ ਸਜਾ ਦਿੱਤੀ ਗਈ। ਇਸ ਕੇਸ ਦੌਰਾਨ ਉਸ ਨੇ ਬਿਆਨ ਦਿਤਾ ਕਿ ਪਿਸਤੌਲ ਉਸਨੇ ਗੋਰਿਆਂ ਨੂੰ ਮਾਰਨ ਲਈ ਰੱਖਿਆ ਸੀ ਜਿਹੜੇ ਸਾਡੇ ਤੇ ਰਾਜ ਕਰਦੇ ਹਨ ਕਿਉਂਕਿ ਉਸਦਾ ਉਦੇਸ਼ ਭਾਰਤ ਨੂੰ ਅੰਗਰੇਜਾਂ ਤੋਂ ਆਜ਼ਾਦ ਕਰਾਉਣਾ ਹੈ।
ਉਸ ਲਈ ਇਨਕਲਾਬ, ਆਜ਼ਾਦੀ ਤੇ ਗੁਲਾਮੀ ਦੇ ਕੀ ਅਰਥ ਸਨ ਇਸ ਗੱਲ ਦਾ ਪਤਾ ਉਸ ਦੇ ਵਿਚਾਰਾਂ ਤੋਂ ਲਗਦਾ ਹੈ। ਊਧਮ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ, ”ਇਨਕਲਾਬ ਦੇ ਅਰਥ ਹਨ, ਬਦੇਸ਼ੀ ਖੂਨੀ ਜਬੜ੍ਹਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਨ ਲੱਖੂਖਾਂ ਕਿਰਤੀ ਕੁੱਲੀ , ਗੁੱਲੀ , ਜੁੱਲੀ, ਵਿਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ । ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਅਤੇ ਲਾਚਾਰੀ ਵੇਖ ਕੇ ਜਿਸਦਾ ਖੂਨ ਉੱਬਲ ਨਹੀਂ ਪੈਂਦਾ । ਕਹਿਰ ਹੈ ਯਾਰੋ। ਜਿਹੜਾ ਆਪਣੀ ਜਿਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹਿਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਭੁੱਖਾ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਵੇਂ”। ਉਸਦੇ ਵਿਚਾਰ ਮੁਤਾਬਕ ,”ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ । ਗੁਲਾਮੀ ਦੇ ਵਿਰੁੱਧ ਇਨਕਲਾਬ ਕਰਨਾ ਮਨੁੱਖ ਦਾ ਧਰਮ ਹੈ । ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ । ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਅਤੇ ਗੁਲਾਮੀ ਮੌਤ ਹੈ । ਆਜਾਦੀ ਸਾਡਾ ਜਮਾਂਦਰੂ ਹੱਕ ਹੈ । ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ । ਅਸੀਂ ਇਨਕਲਾਬ ਲਈ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ । ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਹੈ?”।
ਉਸਨੇ ਇੰਗਲੈਂਡ ਜਾਣ ਤੋਂ ਪਹਿਲਾਂ ਬੰਬਈ ਵਿਖੇ ਮੁਸਲਮਾਨੀ ਭੇਸ ਵਿੱਚ ਮਜਦੂਰ ਜਥੇਬੰਦੀਆਂ ਵਿੱਚ ਕੰਮ ਕੀਤਾ । ਉਥੋਂ ਅਦਨ ਰਾਹੀ ਹੁੰਦਾ ਹੋਇਆ ਲੰਡਨ ਦੀ ਬੰਦਰਗਾਹ ਟਿਲਬਰੀ ਜਾ ਪਹੁੰਚਿਆ । ਉਹ ਜਰਮਨ ਸਮੇਤ ਯੂਰਪ ਦੇ ਕਈ ਮੁਲਕਾਂ ਵਿਚ ਘੁੰਮਿਆ । ਉਸਦੀ ਮੁਲਾਕਾਤ ਬਾਬ ਕੋਨੈਲੋ ਨਾਲ ਹੋਈ ਜਿਸਨੇ ਉਸਨੂੰ ਡਬਲਿਨ ਦੀਆਂ ਉਹ ਕੰਧਾਂ ਦਿਖਾਈਆ ਜਿੰਨ੍ਹਾਂ ਵਿੱਚ ਗੋਲੀਆਂ ਦੇ ਨਿਸ਼ਾਨ ਸਨ । ਉਸਨੂੰ ਇਹ ਦੇਖਕੇ ‘ਈਸਟਰ ਕਤਲੇਆਮ’ ਅਤੇ ‘ਜਲ੍ਹਿਆਂ ਵਾਲਾ ਬਾਗ’ ਦੀਆਂ ਘਟਨਾਵਾਂ ਇੱਕੋ ਜਿਹੀਆਂ ਪ੍ਰਤੀਤ ਹੋਈਆਂ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਸੀ ।
ਜਲ੍ਹਿਆਂ ਵਾਲੇ ਬਾਗ ਵਿੱਚ ਗੋਲੀ ਚਲਾਉਣ ਵਾਲਾ ਡਾਇਰ ਤਾਂ ਪਹਿਲਾਂ ਹੀ ਅਧਰੰਗ ਨਾਲ ਮਰ ਚੁੱਕਾ ਸੀ। ਊਧਮ ਸਿੰਘ ਨੂੰ ਪਤਾ ਲੱਗਾ ਕਿ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਮਾਈਕਲ ਓਡਵਾਇਰ ਅਤੇ ਭਾਰਤ ਵਿੱਚ ਰਹਿ ਚੁੱਕੇ ਹੋਰ ਅਫਸਰਾਂ ਨੇ ਆਉਣਾ ਹੈ । ਮਾਈਕਲ ਓਡਵਾਇਰ ਨੇ ਗ਼ਦਰ ਲਹਿਰ ਨੂੰ ਕੁਚਲਣ ਲਈ ਪੂਰਾ ਜੋਰ ਲਾਇਆ। ਗਦਰੀਆਂ ਨੂੰ ਫੜ੍ਹਨ ਤੇ ਨਾਕਾਮ ਕਰਨ ਲਈ ਉਸਨੇ ਪਿੱਠੂਆਂ ਨੂੰ ਸਰਗਰਮ ਕੀਤਾ ਤੇ ਅਕਾਲ ਤਖਤ ਤੋਂ ਉਹਨਾਂ ਉਲਟ ਹੁਕਮਨਾਮਾ ਜਾਰੀ ਕਰਵਾਇਆ ਕਿ ਇਹ ਸਿੱਖ ਨਹੀਂ ਹਨ । ਉਸ ਨੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਹੁੰਦੇ ਹੋਏ ਵਿਸ਼ੇਸ਼ ਅਦਾਲਤਾਂ ਰਾਹੀਂ ਗ਼ਦਰ ਲਹਿਰ ਦੇ ਮਹਾਨ ਸ਼ਹੀਦਾਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਜਗਤ ਸਿੰਘ ਸੁਰ ਸਿੰਘ , ਹਰਨਾਮ ਸਿੰਘ ਸਿਆਲਕੋਟੀ, ਇੱਕੋ ਪਿੰਡ ਗਿੱਲਵਾਲੀ ਦੇ ਬਖਸ਼ੀਸ਼ ਸਿੰਘ, ਸੂਰੈਣ ਸਿੰਘ ਪੁੱਤਰ ਬੂੜ ਸਿੰਘ ਅਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ , ਡਾ: ਮਥਰਾ ਦਾਸ ਅਤੇ ਹੋਰਨਾਂ ਨੂੰ ਫਾਂਸੀਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਉਮਰ ਕੈਦ, ਕਾਲੇ ਪਾਣੀਆਂ ਦੀਆਂ ਸਜਾਵਾਂ ਦਿਵਾਈਆਂ ਅਤੇ ਜਾਇਦਾਦਾਂ ਕੁਰਕ ਕਰਵਾਈਆਂ। ਊਧਮ ਸਿੰਘ ਅਜਿਹੇ ਮੌਕੇ ਦੀ ਤਾਕ ਵਿੱਚ ਹੀ ਸੀ ਤੇ ਉਹ ਭੇਸ ਵਟਾ ਕੇ ਰਿਵਾਲਵਰ ਲਿਜਾਣ ਵਿੱਚ ਸਫਲ ਹੋ ਗਿਆ। ਜਿਉਂ ਹੀ ਮਾਈਕਲ ਐਡਵਾਇਰ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਉਸਨੇ ਇਕੱਲੇ ਓਡਵਾਇਰ ਤੇ ਹੀ ਨਹੀਂ ਸਗੋਂ ਜੈੱਟਲੈਂਡ, ਲੂਈਸ ਡੇਨ ਅਤੇ ਲਾਰਡ ਲੈਮਿੰਗਟਨ ਤੇ ਛੇ ਗੋਲੀਆਂ ਚਲਾਈਆਂ। ਓਡਵਾਇਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲਾਰਡ ਲੈਮਿੰਗਟਨ ਦੇ ਸੱਜੇ ਹੱਥ, ਜੈੱਟਲੈਂਡ ਦੇ ਸਰੀਰ ਦੇ ਖੱਬੇ ਪਾਸੇ ਤੇ ਲੁਈਸ ਡੇਨ ਦੀ ਸੱਜੀ ਬਾਂਹ ਤੇ ਜਖ਼ਮ ਆਏ। ਇਹ ਸਾਰੇ ਭਾਰਤ ਦੀ ਆਜ਼ਾਦੀ ਦੇ ਕੱਟੜ ਵਿਰੋਧੀ ਅਤੇ ਜ਼ਾਲਮ ਅਧਿਕਾਰੀ ਸਨ। ਜਦ ਊਧਮ ਸਿੰਘ ਗ੍ਰਿਫਤਾਰ ਕੀਤਾ ਗਿਆ ਤਾਂ ਉਸਨੇ ਪੁਛਿੱਆ ਕਿ ਕੀ ਜੈਟਲੈਂਡ ਮਰ ਗਿਆ ਉਸਨੂੰ ਵੀ ਮਰਨਾ ਚਾਹੀਦਾ ਸੀ । ਮੈਂ ਉਸ ਦੇ ਦੋ ਗੋਲੀਆਂ ਠੋਕੀਆਂ ਸਨ।
ਮਾਈਕਲ ਓਡਵਾਇਰ ਦਾ ਕਤਲ ਕਰਨ ਪਿੱਛੋਂ ਆਪਣੇ ਜੁਰਮ ਦਾ ਇਕਬਾਲ ਕਰਨਾ ਉਸਦੀ ਬਹਾਦਰੀ ਦੀ ਨਿਸ਼ਾਨੀ ਹੈ । ਗਿਰਫਤਾਰੀ ਸਮੇਂ ਊਧਮ ਸਿੰਘ ਇਹ ਕਹਿ ਰਿਹਾ ਸੀ ਕਿ ਉਸ ਨੇ ਦੇਸ਼ ਪ੍ਰਤੀ ਆਪਣਾ ਫ਼ਰਜ ਨਿਭਾਇਆ ਹੈ । ਵਿਚਾਰਧਾਰਕ ਤੌਰ ਤੇ ਪਰਪੱਕ ਮਨੁੱਖ ਮੌਤ ਤੋਂ ਕਦੇ ਨਹੀਂ ਡਰਦੇ । ਉਹ ਵੀ ਮੌਤ ਤੋਂ ਬਿਲਕੁੱਲ ਨਹੀਂ ਸੀ ਡਰਦਾ । ਉਸਦੇ ਬਿਆਨ ਮੁਤਾਬਕ ”ਮੈਂ ਮੌਤ ਦੀ ਸਜਾ ਤੋਂ ਡਰਦਾ ਨਹੀਂ । ਰੱਤੀ ਭਰ ਵੀ ਨਹੀਂ । ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ । ਮੈਨੂੰ ਭੋਰਾ ਵੀ ਫਿਕਰ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ”। ਅੰਗਰੇਜੀ ਸਾਮਰਾਜ ਦੇ ਭ੍ਰਿਸ਼ਟ ਤਾਣੇ ਬਾਣੇ ਤੇ ਉਹਨਾਂ ਰਾਹੀ ਗੁਲਾਮ ਕੀਤੇ ਲੋਕਾਂ ਦੀ ਗੁਰਬਤ ਭਰੀ ਜਿੰਦਗੀ ਬਾਰੇ ਨਿਰਣਾ ਕਰਦਾ ਹੋਇਆ ਉਹ ਬਿਆਨ ਦਿੰਦਾ ਹੈ,”ਤੁਸੀਂ ਕਹਿੰਦੇ ਹੋ ਹਿੰਦੁਸਤਾਨ ਵਿੱਚ ਸ਼ਾਤੀ ਨਹੀਂ ਹੈ । ਤੁਸੀਂ ਤਾਂ ਸਾਡੇ ਪੱਲੇ ਸਿਰਫ ਗੁਲਾਮੀ ਹੀ ਪਾਈ ਹੈ । ਤੁਹਾਡੀ ਪੁਸ਼ਤਾਂ ਦੀ ਸਭਿੱਅਤਾ ਨੇ ਸਾਨੂੰ ਤਾਂ ਭ੍ਰਿਸਟਾਚਾਰ ਤੇ ਗੁਰਬਤ ਹੀ ਦਿੱਤੀ ਹੈ ਜੋ ਇਨਸਾਨੀਅਤ ਵਿੱਚ ਕਿਧਰੇ ਹੋਰ ਨਹੀਂ ਆਈ”।
ਉਸਦੀ ਲੜਾਈ ਕਿਸੇ ਧਰਮ ਜਾਂ ਫਿਰਕੇ ਜਾਂ ਦੇਸ਼ ਦੇ ਲੋਕਾਂ ਨਾਲ ਨਹੀਂ ਸੀ ਸਗੋਂ ਸਾਮਰਾਜ ਨਾਲ ਸੀ । ਇਸ ਬਾਰੇ ਉਸਦਾ ਬਿਆਨ ਸੀ , ”ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ ਦਾ ਝੰਡਾ ਹੈ ੳੱਥੇ ਤੁਹਾਡੀਆਂ ਮਸ਼ੀਨ ਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਂਉਂਦੀਆਂ ਹਨ ਇਹ ਨੇ ਤੁਹਾਡੇ ਕੁਕਰਮ । ਮੈਂ ਅੰਗਰੇਜ ਸਾਮਰਾਜ ਦੀ ਗੱਲ ਕਰ ਰਿਹਾ ਹਾਂ। ਮੇਰੀ ਅੰਗਰੇਜ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਗੋਂ ਹਿੰਦੀਆਂ ਨਾਲੋਂ ਗੋਰੇ ਮੇਰੇ ਵਧੇਰੇ ਦੋਸਤ ਹਨ ਅਤੇ ਗੋਰੇ ਮਜਦੂਰਾਂ ਨਾਲ ਮੇਰੀ ਵਧੇਰੇ ਹਮਦਰਦੀ ਹੈ । ਮੈਂ ਤਾਂ ਸਿਰਫ ਅੰਗਰੇਜੀ ਸਾਮਰਾਜ ਦੇ ਖਿਲਾਫ ਹਾਂ”।
ਫਾਂਸੀ ਦੀ ਸਜ਼ਾ ਸੁਣਾਈ ਜਾਣ ਮਗਰੋਂ ਊਧਮ ਸਿੰਘ ਦੇ ਦੋਸਤਾਂ ਮਿੱਤਰਾਂ, ਹਿੰਦੁਸਤਾਨੀ ਕਿਰਤੀਆਂ, ਬਾਬ ਕੋਨੇਲੇ ਤੇ ਉਸਦੇ ਨਾਲ ਦੇ ਆਇਰਸ਼ ਮਜਦੂਰਾਂ ਨੇ ਉਸ ਨੂੰ ਦੱਸੇ ਬਿਨਾਂ ਹੀ ਪੌਂਡ ਇਕੱਠੇ ਕਰਕੇ ਕ੍ਰਿਸ਼ਨਾ ਮੈਨਨ ਰਾਹੀਂ ਜੋਹਨ ਹਚਨਸਨ ਵਕੀਲ ਕਰ ਲਿਆ। ਉਸਨੂੰ ਪਤਾ ਲੱਗਣ ਤ ਉਸ ਨੇ ਆਪਣੇ ਮਿੱਤਰ ਜੌਹਲ ਨੂੰ ਅਪੀਲ ਨਾ ਕਰਨ ਲਈ ਲਿਖਿਆ। ”ਮੈਂ ਨਹੀਂ ਜਾਣਦਾ ਉਹ ਲੋਕ ਕੌਣ ਹਨ ਜੋ ਪੌਂਡ ਇਕੱਠੇ ਕਰਕੇ ਅਪੀਲ ਕਰ ਰਹੇ ਹਨ । ਜੋ ਪੌਂਡ ਇਕੱਠੇ ਕੀਤੇ ਨੇ ਉਹ ਲੋਕਾਂ ਨੂੰ ਵਿੱਦਿਆ ਦੇਣ ਤੇ ਖਰਚੋ” । ਇਸ ਤਰ੍ਹਾਂ ਊਹ ਆਪਣੇ ਨਾਲੋਂ ਆਪਣੇ ਦੇਸ਼ ਤੇ ਉਸ ਤੋਂ ਵੀ ਵੱਧ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਉਹਨਾਂ ਵਿੱਚ ਚੇਤਨਾ ਆਵੇ । ਇਸੇ ਸੰਦਰਭ ਵਿੱਚ ਉਸ ਨੇ ਕਿਹਾ ਸੀ , ”ਮੈਂ ਮਰਨ ਨੂੰ ਤਿਆਰ ਹਾਂ , ਮੈਂ ਆਪਣੇ ਵਤਨ ਦਾ ਇੱਕ ਸਿਪਾਹੀ ਹਾਂ । ਮੈਂ ਫਾਂਸੀ ਨੂੰ ਜੱਫੀ ਪਾਉਣ ਦੀ ਉਡੀਕ ਵਿੱਚ ਹਾਂ । ਦਸ ਸਾਲ ਹੋ ਗਏ ਨੇ ਮੇਰਾ ਸੱਚਾ ਮਿੱਤਰ ਭਗਤ ਸਿੰਘ ਮੈਨੁੰ ਪਿੱਛੇ ਛੱਡ ਗਿਆ ਸੀ । ਮੈਂ ਸ਼ਹੀਦੀ ਪਿੱਛੋਂ ਉਸ ਨੂੰ ਜਾ ਮਿਲਾਂਗਾ”।
ਜੱਜ ਦੁਆਰਾ ਓਡਵਾਇਰ ਦੇ ਕਤਲ ਦਾ ਕਾਰਣ ਪੁੱਛੇ ਜਾਣ ਤੇ ਉਸ ਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਤੇ ਇਸ ਸਜ਼ਾ ਦਾ ਹੱਕਦਾਰ ਸੀ । ਜੱਜ ਨੇ ਇਸ ਪਿੱਛੋਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ । ਅੰਤ 31ਜੁਲਾਈ 1940 ਨੂੰ ਊਧਮ ਸਿੰਘ ਫਾਂਸੀ ਦਾ ਰੱਸਾ ਚੁੰਮ ਕੇ ਮਦਨ ਲਾਲ ਢੀਂਗਰਾ,ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਦੀ ਕਤਾਰ ਵਿੱਚ ਜਾ ਸ਼ਾਮਲ ਹੋਇਆ ।
ਊਧਮ ਸਿੰਘ ਦੁਆਰਾ ਓਡਵਾਇਰ ਨੂੰ ਮਾਰਨ ਤੋਂ ਬਾਅਦ ਅਲੱਗ ਅਲੱਗ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ । ਬਹੁਤ ਸਾਰੇ ਭਾਰਤੀ ਲੋਕਾਂ ਨੇ ਊਧਮ ਸਿੰਘ ਦੀ ਇਸ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਅੰਗਰੇਜੀ ਹਕੂਮਤ ਦੇ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਇਹ ਇੱਕ ਮਹੱਤਵ ਪੂਰਨ ਕਦਮ ਸੀ । ਗਾਂਧੀ ਨੇ ਇਸ ਦੀ ਨਿੰਦਿਆ ਕਰਦੇ ਹੋਏ ਕਿਹਾ, ”ਇਸ ਹਿੰਸਾਤਮਕ ਕਾਰਵਾਈ ਨੇ ਮੈਨੂੰ ਅਤੀ ਦੁੱਖ ਪਹੁੰਚਾਇਆ ਹੈ ਅਤੇ ਮੈਂ ਇਸ ਨੂੰ ਇੱਕ ਮੂਰਖਤਾ ਭਰਿਆ ਕਦਮ ਸਮਝਦਾ ਹਾਂ”। ਹਿੰਦੁਸਤਾਨ ਸ਼ੋਸਲਿਸਟ ਪਾਰਟੀ ਨੇ ਗਾਂਧੀ ਦੇ ਬਿਆਨ ਦੀ ਨਿੰਦਾ ਕਰਦੇ ਕਿਹਾ ਕਿ ਇਹ ਭਾਰਤ ਦੀ ਜੁਆਨੀ ਲਈ ਇੱਕ ਵੰਗਾਰ ਹੈ। ਜਵਾਹਰ ਲਾਲ ਨਹਿਰੂ ਨੇ ਨੈਸ਼ਨਲ ਹੈਰਾਲਡ ਵਿੱਚ ਲਿਖਿਆ ਕਿ ਇਹ ਹੱਤਿਆ ਖੇਦ ਪਰਗਟ ਕਰਨ ਯੋਗ ਹੈ ਤੇ ਇਹ ਭਾਰਤੀ ਸਿਆਸਤ ਉੱਤੇ ਮੋੜਵੇਂ ਰੂਪ ਵਿੱਚ ਅਸਰ ਪਾਵੇਗੀ । ਉਸੇ ਨਹਿਰੂ ਨੇ ਆਜ਼ਾਦੀ ਤੋਂ ਬਾਦ ਆਪਣੇ ਲਿਖਤੀ ਬਿਆਨ ਵਿੱਚ ਉਸਦੀ ਪਰਸੰਸਾ ਕਰਦੇ ਹੋਏ ਕਿਹਾ ਸੀ ,”ਮੈਂ ਊਧਮ ਸਿੰਘ ਨੂੰ ਆਦਰ ਪੂਰਬਕ ਪ੍ਰਣਾਮ ਕਰਦਾ ਹਾਂ ਜਿਸਨੇ ਸਾਡੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ”।
ਟਾਈਮਜ ਆਫ ਲੰਡਨ ਨੇ ਊਧਮ ੰਿਸੰਘ ਨੂੰ ਆਜ਼ਾਦੀ ਘੁਲਾਟੀਆ ਦਸਦੇ ਹੋਏ ਕਿਹਾ ਕਿ ਇਹ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਦੇ ਭਿਅੰਕਰ ਗੁੱਸੇ ਦਾ ਪ੍ਰਗਟਾਵਾ ਹੈ । ਬੰਗਾਲੀ ਅਖਬਾਰ ਅੰਮ੍ਰਿਤ ਬਾਜਾਰ ਪੱਤਰਿਕਾ ਨੇ ਆਪਣੇ 18 ਮਾਰਚ 1940 ਦੇ ਅੰਕ ਵਿੱਚ ਲਿਖਿਆ ਕਿ ਓਡਵਾਇਰ ਦਾ ਨਾਂ ਪੰਜਾਬ ਦੀਆਂ ਉਹਨਾਂ ਘਟਨਾਵਾਂ ਨਾਲ ਜੁੜਿਆ ਹੈ ਜਿਹਨਾਂ ਨੂੰ ਭਾਰਤ ਕਦੇ ਨਹੀਂ ਭੁੱਲੇਗਾ । ਦੀਵਾਨ ਚੰਦ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦੀ ਸ਼ਾਖਾ ਨੇ ਪ੍ਰੀਮੀਅਰ ਦੇ ਇਸ ਹੱਤਿਆ ਦੀ ਨਿਖੇਧੀ ਦੇ ਮਤੇ ਦੇ ਹੱਕ ਵਿੱਚ ਵੋਟ ਪਾਉਣ ਤੋਂ ਨਾਂਹ ਕਰ ਦਿੱਤੀ । 1940 ਵਿੱਚ ਜਲ੍ਹਿਆਂ ਵਾਲੇ ਕਾਂਡ ਦੀ 21ਵੀਂ ਬਰਸੀ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਯੁਵਕ ਵਿੰਗ ਨੇ ਇਨਕਲਾਬੀ ਨਾਹਰੇ ਲਾਏ ਜਿਨ੍ਹਾਂ ਵਿੱਚ ਊਧਮ ਸਿੰਘ ਦੇ ਕਾਰਜ ਨੂੰ ਸਲਾਹਿਆ ਗਿਆ ਤੇ ਇਸ ਨੂੰ ਦੇਸ਼ ਭਗਤੀ ਭਰਪੂਰ ਤੇ ਬਹਾਦਰੀ ਵਾਲਾ ਕਾਰਨਾਮਾ ਕਿਹਾ ਗਿਆ ।
ਅਜੇ ਊਧਮ ਸਿੰਘ ਤੇ ਸਾਡੇ ਹੋਰ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ । ਅੱਜ ਜਦੋਂ ਅਸੀਂ ਸੰਸਾਰ ਪੱਧਰ ਤੇ ਨਜ਼ਰ ਮਾਰਦੇ ਹਾਂ ਤਾਂ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਨਜ਼ਰ ਆਊਂਦਾ ਹੈ । ਅੱਜ ਵਿਸ਼ਵ ਪੱਧਰ ਦਾ ਸਾਮਰਾਜ ਵਿਸ਼ਵੀ-ਪੂੰਜੀਵਾਦ ਦੇ ਨਵੇਂ ਰੂਪ ਵਿੱਚ ਲੁੱਟ ਨੂੰ ਹੋਰ ਵੀ ਤਿੱਖੇ ਰੂਪ ਵਿੱਚ ਜਾਰੀ ਰੱਖ ਰਿਹਾ ਹੈ । ਧਰਮ, ਜਾਤ, ਖਿੱਤੇ, ਨਸਲ ਆਦਿ ਦੇ ਆਧਾਰ ਤੇ ਮਨੁੱਖ ਨੂੰ ਮਨੁੱਖ ਤੋਂ ਦੂਰ ਕੀਤਾ ਜਾ ਰਿਹਾ ਤਾ ਕਿ ਲੁੱਟ ਸੁਖਾਲੀ ਹੋ ਸਕੇ ਤੇ ਉਸ ਲੁੱਟ ਵਿਰੁੱਧ ਮੋਰਚਾਬੰਦੀ ਨਾ ਹੋ ਸਕੇ । ਡਾਇਰ ਤੇ ਓਡਵਾਇਰ ਦੇ ਵਾਰਿਸ ਥਾਂ ਥਾਂ ਅਰਾਜਕਤਾ, ਅਸਹਿਣਸ਼ੀਲਤਾ, ਫਿਰਕਾਪ੍ਰਸਤੀ, ਬੇਰੁਜਗਾਰੀ ਅਤੇ ਕੁਰਪਸ਼ਨ ਆਦਿ ਹਥਿਆਰ ਆਪਣੀ ਲੋੜ ਅਨੁਸਾਰ ਵਰਤ ਰਹੇ ਹਨ। ਜਿਸ ਦੇ ਨਤੀਜੇ ਦੇ ਤੌਰ ਤੇ ਥਾਂ ਥਾਂ ਕਤਲੇਆਮ ਰਚੇ ਜਾ ਰਹੇ ਹਨ। ਉਹਨਾਂ ਦੀ ਚਾਪਲੂਸੀ ਕਰਨ ਵਾਲੇ ਅਰੂੜ ਸਿੰਘ ਦੇ ਵਾਰਸਾਂ ਦੀ ਵੀ ਕੋਈ ਕਮੀ ਨਹੀਂ । ਪਰ ਊਧਮ ਸਿੰਘ ਦੇ ਵਾਰਸ ਵੀ ਜਿਉਂਦੇ ਹਨ ਜੋ ਮਨੁੱਖੀ ਹੱਕਾਂ, ਆਜ਼ਾਦੀ ਅਤੇ ਇਨਸਾਨੀਅਤ ਦੀ ਰਾਖੀ ਲਈ ਘੋਲ ਕਰ ਰਹੇ ਹਨ ਤੇ ਆਪਣੀਆਂ ਜਾਨਾਂ ਵਾਰ ਰਹੇ ਹਨ । ਪਰ ਆਖਰ ਨੂੰ ਜਿੱਤ ਤਾਂ ਸੱਚ ਦੀ ਹੀ ਹੋਣੀ ਹੈ ਮਨੁੱਖਤਾ ਦੀ ਹੀ ਹੋਣੀ ਹੈ।

 

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …