Breaking News
Home / ਨਜ਼ਰੀਆ / ਹਰੇ ਪਾਣੀ ਵਾਲਾ ਟੱਬ

ਹਰੇ ਪਾਣੀ ਵਾਲਾ ਟੱਬ

ਬੀ ਐੱਸ ਢਿੱਲੋਂ ਐਡਵੋਕੇਟ
ਉਸ ਰਾਤ ਮੈਂ ਜਲਦੀ ਸੋ ਗਿਆ ਸੀ ! ઠਫ਼ੋਨ ਦੀ ਘੰਟੀ ਵੱਜੀ ਤੇ ਫਿਰ ਵੱਜਦੀ ਹੀ ਰਹੀ ! ઠਹੁਣ ਤਾਂ ਉੱਠਣਾ ਹੀ ਪਊ ! ਘੇਸਲ ਮਾਰੀ ਪਏ ਨੇ ਬੈੱਡ ਸਵਿੱਚ ਬਾਲ ਕੇ ਸਾਹਮਣੀ ਕੰਧ ‘ਤੇ ਟਾਈਮ ਵੇਖਿਆ ! ਦੋ ਵੱਜੇ ਸਨ ! ਕੌਣ ਹੋਇਆ ? ਮੈਂ ਅਫਿਸ ਵਿੱਚ ਜਾ ਕੇ ਲੈਂਡਲਾਈਨ ਫ਼ੋਨ ਚੁੱਕਿਆ! ਦੂਜੇ ਪਾਸਿਉਂ ઠਬੇਹੱਦ ਹਲੀਮੀ ਭਰੀ ਆਵਾਜ਼ ਆਈ ! ”ਢਿੱਲੋਂ ਸਾਬ! ਸੱਤ ਸਰੀ ਅਕਾਲ ! ਮੈਂ ਇੰਗਲੈਂਡ ਤੋਂ ਐੱਚ ਐੱਸ ਥਿਆੜਾ ਬੋਲਦਾ ਹਾਂ ਜੀ ! ਤੁਹਾਡਾ ਪੁਰਾਣਾ ਪਾਠਕ ਹਾਂ ਜੀ !” ਮੇਰੇ ਨਾਲ ਅਕਸਰ ਇਦਾਂ ਹੁੰਦਾ ਸੀ ! 15-16 ਸਾਲ ਪਹਿਲਾਂ ਹੁਣ ਵਾਲੇ ਸਾਧਣ ਨਹੀਂ ਸਨ ! ਮੈਂ ਲੁਧਿਆਣੇ ਮਿੱਤਰ ਸੈਣ ਮੀਤ ਦੇ, ਇੱਕ ਪੰਜਾਬੀ ਭਵਨ ਵਿਚ ਹੋਏ ਫੰਕਸ਼ਨ ਵਿਚ, ਹਰਬੀਰ ਸਿੰਘ ਭੰਵਰ ਤੋਂ ਕੁੱਝ ਕੁ ਵਿਦੇਸ਼ੀ ਅਖ਼ਬਾਰਾਂ ਦੇ ਈ-ਮੇਲ ਪਤੇ ઠਲੈ ਲਏ ਸਨ ਤੇ ਪੰਜਾਬ ਵਿਚ ਛਪਦੇ ਆਪਣੇ ਲੇਖ ਬਾਹਰਲੇ ਪਰਚਿਆਂ ਨੂੰ ਭੇਜਣ ਲੱਗ ਗਿਆ ਸੀ ! ਅੱਜ ਵੀ ਯਾਦ ਹੈ ! ਜਦੋਂ ઠ2003 ਵਿਚ ਇੰਗਲੈਂਡ ਵਿਚ ਛਪਦੇ ‘ਲਿਖਾਰੀ ਡਾਟ ਕਾਮ’ ਤੇ ਮੇਰਾ ਪਹਿਲਾ ਲੇਖ ਛਪਿਆ ਸੀ, ਤਾਂ ਮੈਨੂੰ ਗਿਆਨੀ ਸੰਤੋਖ ઠਸਿੰਘ ਜੀ ਦਾ ਪਹਿਲਾ ਫੋਂਨ ਸਿਡਨੀ ਤੋਂ ઠਆਇਆ ਸੀ ! ਫਿਰ ਵਿਦੇਸ਼ੀ ਪਾਠਕ ਇੱਕ ਇੱਕ ਕਰਕੇ ਮੇਰੇ ਮਿੱਤਰਾਂ ਦੀ ਮਾਲਾ ਦੇ ਮਣਕੇ ਬਣਦੇ ਗਏ ਜੋ ਅੱਜ ਹਜਾਰਾਂ ਵਿੱਚ ਹਨ ! ”ਸੱਤ ਸਿਰੀ ਅਕਾਲ ਜੀ !” ਮੈਂ ਉਬਾਸੀ ਲੈਂਦੇ ਨੇ ਫਤਿਹ ਦਾ ਜਵਾਬ ਦਿੱਤਾ ! ਅਸੀਂ ਦੋ ਕੁ ਮਿਨਟ ਗੱਲ ਕੀਤੀ ! ਫਿਰ ਜਾਣ ਪਹਿਚਾਣ ਦੋਸਤੀ ‘ਚ ਬਦਲਣ ਲੱਗੀ! ਉਹਨਾਂ ਦਾ ਇੱਕ ਸਾਂਢੂ ਨੇਵੀ ‘ਚੋਂ ਕਰਨਲ ਰਿਟਾਇਰ ਹੋ ਕੇ 32 ਸੈਕਟਰ ਰਹਿੰਦਾ ਸੀ ! ਸ਼ਾਮਾਂ ਨੂੰ ਉਸਦੇ ਘਰ ਨੇਵੀ ਵਾਲੇ ਅਫਸਰਾਂ ਦੀਆਂ ਮਹਿਫਲਾਂ ‘ਚ ਅਸੀਂ ਇਕੱਠੇ ਹੁੰਦੇ ਤੇ ਕਦੀ ਮੈਂ ਉਸਨੂੰ ਚੰਡੀਗੜ੍ਹ ਕਲੱਬ ‘ਚ ਬੁਲਾ ਲੈਂਦਾ ! ‘ਰਫਤਾ ਰਫਤਾ ਵੋਹ ਮੇਰੀ ਹਸਤੀ ਕਾ ਸਾਮਾਨ ਹੋ ਗਏ ! ਪਹਿਲੇ ਜਾਂ, ਫਿਰ ਜਾਂਨੇ ਜਾਂ, ਫਿਰ ਜਾਂਨੇ ਜਾਂਨਾਂ ਹੋ ਗਏ !’ ਥਿਆੜਾ ਸਾਬ ਜਲੰਧਰ ਕੋਲ ਆਪਣੇ ਪਿੰਡ ਨਵੀਂ ਕੋਠੀ ਬਣਾਉਣ ਲੱਗੇ ! ਉਸਨੇ ਮੈਨੰ ਦੱਸਿਆ ਕਿ ਜੰਡੂ ਸਿੰਘਾ ਦੇ ਕੋਲ ਮੇਰਾ ਛੋਟਾ ਜਿਹਾ ਪਿੰਡ ਹੈ ! ਜੰਡੂ ਸਿੰਘ ਜਰਾ ਹੁਸ਼ਿਆਰਪੁਰ ਰੋਡ ‘ਤੇ ਰਹਿ ਜਾਂਦਾ ਤੇ ਸਾਡਾ ਨੇੜੇ ਸੜਕ ਤੋਂ ਦੋ ਕੁ ਕਿਲੋਮੀਟਰ ਹਟਵਾਂ ਹੈ ! ਹੁਣ ਉਸਦੀ ਇੱਕ ਲੱਤ ਇੰਗਲੈਂਡ ਤੇ ਦੂਜੀ ਪੰਜਾਬ ਹੁੰਦੀ ! ਸਾਲ ਕੁ ਬਾਅਦ ਉਸਨੇ ਬੜਾ ਖੁਸ਼ ਹੋ ਕੇ ਮੈਨੂੰ ਨਵੀਂ ਬਣੀ ਕੋਠੀ ਦੀ ਚੱਠ ‘ਤੇ ਬੁਲਾਇਆ ! ਮੈਂ ਐਤਵਾਰ ਨੂੰ ਠੀਕ ਵਕਤ ਸਿਰ ਵਾਲਵੋ ਰਾਹੀਂ ਜਲੰਧਰ ਪਹੁੰਚਣ ਦਾ ਵਾਅਦਾ ਕੀਤਾ ! ਉਸਦੇ ਪਿੰਡੋਂ ਹੀ ਇੱਕ ਮੁੰਡਾ ਟੈਕਸੀ ਚਲਾਉਂਦਾ ਹੈ ! ਮੈਂ ਉਸਨੂੰ ਦੱਸਿਆ ਕਿ ਮੇਰੇ ਚੈੱਕ ਦਾ ਕੋਟ, ਉਨਾਭੀ ਰੰਗ ਦੀ ਪੱਗ ਤੇ ਟਾਈ ਲੱਗੀ ਹੋਵੇਗੀ ! ਜਲੰਧਰ ਬੱਸੋਂ ਉੱਤਰਦਿਆਂ ਹੀ ਮੈਂ ਬੱਸ ਸਟੈਂਡ ਦੇ ਪਿਛਲੇ ਪਾਸੇ ਬਾਹਰ ਨਿੱਕਲਿਆ ! ਦੂਰੋਂ ਹੀ ਮੈਨੂੰ ਪਹਿਚਾਣ ਕੇ ਟੈਕਸੀ ਵਾਲਾ ਮੁੰਡਾ (ਅੱਜ ਨਾਮ ਵੀ ਯਾਦ ਨਹੀਂ) ਮੇਰੇ ਵੱਲ ਆਇਆ ਤੇ ਮੇਰਾ ਬੈਗ ਫੜ ਕੇ ਚੱਲ ਪਿਆ ! ਟੈਕਸੀ ਸ਼ਹਿਰੋਂ ਨਿੱਕਲਦਿਆਂ ਹੀ ਹਵਾ ਨੂੰ ਗੰਢਾਂ ਦੇਣ ਲੱਗੀ ! ਟੇਪ ਤੇ ਸਦੀਕ ਲਲਕਾਰਾ ਮਾਰਨ ਲੱਗਾ, ”ਹੋ ਜਾ ਹੁਣ ਜਿਹੋ ਜਿਹਾ ਹੋਣਾ ਮੱਲਾ ਓਏ ! ਪਿੱਛੋਂ ਤੂੰ ਨਰੈਣੇ ਨੂੰ ਤਕਾ ਲਿਆ ਕੱਲਾ ਓਏ !”
ਅਖੰਡ ਪਾਠ ਦੇ ਭੋਗ ਪਿੱਛੋਂ ਜਦੋਂ ਲੋਕ ਚਲੇ ਗਏ ਤਾਂ ਕੋਠੇ ਤੇ ਯਾਰਾਂ ਦੀ ਮਹਿਫਲ ਸਜ ਗਈ! ਉਸਦੇ ਸਾਰੇ ਪਰਿਵਾਰ ਬੇਟੇ ਤੇ ਨੂੰਹ, ਵੱਡੀ ਬੇਟੀ ਤੇ ਉਸਦਾ ਗੋਰਾ ਪਤੀ, ਛੋਟੀ ਬੇਟੀ ਜੋ ਬਰਮਿੰਘਮ ਆਪਣੇ ਬੁਆਏ ਫਰੈਂਡ ਨਾਲ ਰਹਿ ਰਹੀ ਸੀ ਅਤੇ 5-6 ਇੰਗਲੈਂਡੀਏ ਦੋਸਤ ਵੀ ਆਏ ਹੋਏ ਸਨ ! ਵਿਆਹ ਵਰਗਾ ਮਹੌਲ ਸੀ ! ਦਿਨ ਯਾਦਗਾਰੀ ਹੋ ਨਿੱਬੜਿਆ ! ਅਗਲੀ ਸਵੇਰ ਉਹੀ ਟੈਕਸੀ ਵਾਲਾ ਮੁੰਡਾ ਮੈਨੂੰ ਜਲੰਧਰ ਬੱਸ ਅੱਡੇ ਛੱਡ ਗਿਆ ! ਵਕਤ ਨੇ ਲੰਘਣਾ ਸੀ ਲੰਘਦਾ ਰਿਹਾ ! ਹੁਣ ਉਹ ਬਹੁਤਾ ਸਮਾਂ ਪਿੰਡ ਰਹਿਣ ਲੱਗਾ ! ਇੱਕ ਵਾਰ ਉਹ ਚੰਡੀਗੜ੍ਹ ਆਇਆ ਤੇ ਵਾਪਸੀ ਤੇ ਮੈਨੂੰ ਤੇ ਆਪਣੇ ਨੇਵੀ ਵਾਲੇ ਸਾਂਢੂ ਤੇ ਉਸਦੇ ਦੋਸਤ ਨੂੰ ਟੈਕਸੀ ਵਿੱਚ ਨਾਲ ਹੀ ਲੈ ਗਿਆ ਕਹਿੰਦਾ ਪੋਤੇ ਦਾ ਜਨਮ ਦਿਨ ਹੈ ! ਪਾਰਟੀ ਸ਼ਾਰਟੀ ਕਰਾਂਗੇ ! ਉਸ ਰਾਤ ਨੂੰ ਖਾ ਪੀ ਕੇ ਸੌਂ ਗਏ ! ਅਗਲੀ ਦੁਪਹਿਰ ਪੋਤੇ ਦਾ ਜਨਮ ਦਿਨ ਮਨਾਉਣਾ ਸੀ ! ਫੱਗਣ ਦਾ ਮਹੀਨਾ ਤੇ ਕੋਸੀ ਕੋਸੀ ਧੁੱਪ ਸੀ ! ਛੱਤ ਉੱਪਰ ਮੇਜ਼ ਕੁਰਸੀਆਂ ਸਜ ਗਈਆਂ ! ਥਿਆੜੇ ਨੇ ਛੱਤ ਉੱਪਰ ਬਾਥ ਟੱਬ ਬਣਾਇਆ ਹੋਇਆ ਸੀ ਜਿਸ ਵਿੱਚ ਹਰੇ ਰੰਗ ਦੀਆਂ ਟਾਇਲਾਂ ਲੱਗੀਆਂ ਹੋਈਆਂ ਸਨ ! ਟੱਬ ਵਿਚਲਾ ਪਾਣੀ ਹਰਾ ਹਰਾ ਦਿੱਸਦਾ ਸੀ ! ਪਾਣੀ ਗਰਮ ਕਰਣ ਲਈ ਂਨਾਲ ਹੀ ਦੋ ਵੱਡੇ ਗੀਜਰ ਲੱਗੇ ਹੋਏ ਸਨ! ਮੈਂ ਸਾਰਿਆਂ ਤੋਂ ਛੋਟਾ ਸੀ! ਤਿੰਨਾਂ ਨੇ ਚੱਕ ਚਕਾ ਕੇ ਮੈਨੂੰ ਟੱਬ ‘ਚ ਵਾੜ ਤਾ! ਠੰਢੀ ਬੀਅਰ ਤੇ ਹਰੀ ਕੇ ਪੱਤਣ ਵਾਲੀ ਮੱਛੀ ਦੇ ਦੌਰ ਚੱਲ ਰਹੇ ਸਨ! ਮੈਂ ਅਜਿਹੇ ਟੱਬ ਵਾਲੇ ਸੀਂਨ ਰਾਜੇਸ਼ ਖੰਨਾਂ ਦੀਆਂ ਫਿਲਮਾ ‘ਚ ਵੇਖੈ ਸਨ! ਕੋਸੇ ਪਾਣੀ ਵਿੱਚ ਲੇਟੇ ਪਏ ਨੂੰ ਮੈਨੂੰ ਉਪਰ ਨੀਲੇ ਆਸਮਾਨ ਵਿੱਚ ਰੇਖਾ ਦੇ ਮੁਜਰੇ ਤੇ ਹੈਲਨ ਦੇ ਕੈਬਰੇ ਡਾਂਸ ਦੇ ਝੌਲੇ ਪੈਣ ਲੱਗੇ ! ਦੋ ਵਾਰ ਉਸਦਾ ਭਤੀਜਾ ਉੱਪਰ ਆਇਆ ! ਪਰ ਉਸਨੇ ਲਿਆ ਕੁਝ ਨਹੀਂ ! ਸਾਨੂੰ ਠਹਾਕੇ ਲਾ ਕੇ ਹੱਸਦਿਆਂ ਨੂੰ ਵੇਖਕੇ ਉਹ ਚੁੱਪ ਹੀ ਰਿਹਾ ! ਮੈਨੂੰ ਉਸਦੇ ਮੱਥੇ ਤੇ ਨਿੱਕੀ ਜਿਹੀ ਤਿਉੜੀ ਦਿੱਸੀ ! ਨਾਲ ਦੀ ਨਾਲ ਮੇਰੇ ਮੱਥੇ ਦੀ ਨਾੜ ਫੜੱਕ ਫੜੱਕ ਵੱਜੀ ! ਪਤਾ ਨਹੀਂ ਮੈਨੂੰ ਕਿਉਂ ਮਹਿਸੂਸ ਹੋਇਆ ਕਿ ਖੁਸ਼ੀਆਂ ਤੇ ਹਾਸਿਆਂ ਪਿੱਛੋਂ ਇੱਕ ਦੌਰ ਉਦਾਸੀ ਦਾ ਵੀ ਆਉਂਦਾ! ਅਗਲੇ ਦਿਨ ਉਸਨੇ ਉਸੇ ਟੈਕਸੀ ਤੇ ਸਾਨੂੰ ਤਿੰਨਾਂ ਨੂੰ ਵਾਪਸ ਚੰਡੀਗੜ੍ਹ ਭੇਜ ਦਿੱਤਾ !ਦੋ ਕੁ ਸਾਲ ਬਾਅਦ ਉਸਦਾ ਫੋਨ ਆਇਆ! ”ਢਿੱਲੋਂ ਸਾਬ! ਮੈਂ ਇਸ ਵੇਲੇ ਜਲੰਧਰ ਕਚਹਿਰੀ ‘ਚੋਂ ਬੋਲਦਾਂ ! ਤੁਹਾਡੇ ਕਿਸੇ ਵਾਕਫ ਵਕੀਲ ਜੇ ਕੋਈ ਹੋਵੇ ਤਾਂ ਦਾ ਨਾਂਮ ਦੱਸਿਉ ! ਥੋੜ੍ਹਾ ਚੱਕਰ ਪੈ ਗਿਆ !” ਮੈਂ ਉਸਨੂੰ ਦੋ ਨਾਮ ਦੱਸ ਕੇ ਕਿਹਾ ਕਿ ਇਹਨਾਂ ਨਾਲ ਗੱਲ ਕਰੋ ਜੇ ਲੋੜ ਪਈ ਤਾਂ ਮੇਰੀ ਗੱਲ ਕਰਾ ਦਿਉ ! ਪਰ ਹੋਇਆ ਕੀ ? ”ਮੈਂ ਜਿਸ ਪੁਰਾਣੇ ਢੱਠੇ ਹੋਏ ਘਰ ਵਾਲੀ ਥਾਂ ਕੋਠੀ ਪਾਈ ਹੈ ! ਤੁਸੀਂ ਵੇਖਿਆ ਸੀ ਕਿ ਦੋਨੋਂ ਪਾਸੇ ਮੇਰੇ ਭਰਾਵਾਂ ਦੇ ਸੋਹਣੇ ਮਕਾਨ ਬਣੇ ਹੋਏ ਹਨ! ਮੇਰਾ ਵੱਡਾ ਭਰਾ ਅਮਰੀਕਾ ਤੇ ਛੋਟਾ ਕੈਨੇਡਾ ਰਹਿੰਦਾ ਸੀ! ਵੱਡੇ ਦਾ ਮੁੰਡਾ ਤੇ ਨੂੰਹ ਪਿੰਡ ਹਨ ! ਛੋਟੇ ਦਾ ਇੱਕ ਮੁੰਡਾ ਪਿੰਡ ਰਹਿੰਦਾ ਹੈ ! ਉਹ ਆਪ ਮਰ ਗਿਆ ਸੀ! ਮੇਰੇ ਭਤਿਿਜਆਂ ਰੌਲਾ ਪਾ ਲਿਆ ਕਿ ਮੈਂ ਕੋਠੀ ਸਾਂਝੀ ਥਾਂ ਵਿੱਚ ਪਾਈ ਹੈ ਇਸ ਲਈ ਸਾਰਿਆਂ ਦਾ ਹਿੱਸਾ ਹੈ!” ਵਿਚਾਰਾ ਨਮਾਜ ਬਖਸ਼ਾਉਣ ਆਇਆ ਸੀ ਤੇ ਰੋਜੇ ਗਲ ਪੁਆ ਬੈਠਾ! ਇਸ ਦਿਨ ਤੋਂ ਪਿੱਛੋਂ ਸਾਡਾ ਸੰਪਰਕ ਟੁੱਟ ਗਿਆ !
ਇੱਕ ਦਿਨ ਹੁਸ਼ਿਆਰਪੁਰ ਤੋਂ ਮੇਰੇ ਮਿੱਤਰ ਦਾ ਫੋਨ ਆਇਆ ਕਿ ਜਲੰਧਰ ਦੂਰਦਰਸ਼ਨ ‘ਤੇ ਆਪਣਾ ਟਾਕ ਸ਼ੋਅ ਹੈ ਨਾਲੇ ਗਦਰੀ ਬਾਬਿਆਂ ਦਾ ਮੇਲਾ ਹੈ! ਰਾਤ ਉੱਥੇ ਰਹਾਂਗੇ ! ਮੈਂ ਥਿਆੜੇ ਨੂੰ ਯਾਦ ਕੀਤਾ ਕਿ ਉਸ ਕੋਲ ਰਹਾਂਗੇ ! ਇੰਗਲੈਂਡ ਵਾਲੇ ਨੰਬਰ ਤੇ ਮਸ਼ੀਨ ਬੋਲ ਰਹੀ ਸੀ ! ਦੂਜੇ ਦਿਨ ਉਸਨੇ ਫੋਨ ਮਿਲਾ ਲਿਆ ! ਇਸ ਵਾਰ ਕੋਈ ਓਪਰਾ ਬੰਦਾ ਬੋਲਦਾ ਲੱਗਿਆ ! ਰਸਮੀਂ ਹਾਲ ਚਾਲ ਪੁੱਛਣ ਤੋਂ ਬਾਅਦ ਉਹ ਭਰਿਆ ਪੀਤਾ ਬੋਲਿਆ, ”ਇਹ ਦੇਸ਼ ਕੁੱਤਾ ਹੈ! ਸਾਲੇ ਲੋਕ ਕੁੱਤੇ ਹਨ ! ਕੋਈ ਕਿਸੇ ਦਾ ਸਕਾ ਨਹੀਂ ! ਲੁੱਟ ਮੱਚੀ ਪਈ ਹੈ ! ਸਾਲਾ ਹਰ ਪਾਸੇ ਭਰਿਸ਼ਟਾਚਾਰ ਹੈ, ਵਗੈਰਾ ਵਗੈਰਾ !”
ਮੈਂ ਸੁਣਦਾ ਰਿਹਾ ! ”ਮੈਂ ਸੁਣ ਰਿਹਾ ਹਾਂ ਮੈਨੂੰ ਸਾਰੀ ਗੱਲ ਦੱਸੋ !” ਮੈਂ ਉਤਸੁਕਤਾ ਵੱਸ ਜਾਨਣਾ ਚਾਹਿਆ ! ”ਹੋਇਆ ਇਹ ਹੈ ਜੀ ਕਿ ਮੇਰੇ ਭਰਾਵਾਂ ਭਤੀਜਿਆਂ ਨਾਲ ਦੋ ਤਿੰਨ ਕੇਸ ਚੱਲਪੇ! ਮੇਰੇ ਬੱਚੇ ਕਹਿੰਦੇ, ਡੈਡ ਤੁਸੀਂ ਪੰਗਾ ਕਿਉਂ ਲਿਆ ? 40 ਸਾਲ ਬਾਅਦ ਉੱਥੇ ਜਾ ਕੇ ਰਹਿਣ ਦੀ ਕੀ ਤੁਕ ਸੀ ? ਸਾਨੂੰ ਕੋਈ ਦਿਲਚਸਪੀ ਨਹੀਂ ! ਅਸੀਂ ਨਹੀਂ ਜਾਣਾ ! ਮੇਰੀ ਵਾਈਫ ਕਹਿੰਦੀ ਸਾਨੂੰ ਕੋਠੀ ਨਾਲੋਂ ਤੁਹਾਡੀ ਸਿਹਤ ਦਾ ਫਿਕਰ ਹੈ ! ਦਫਾ ਕਰੋ ! ਮੇਰਾ 35 ਲੱਖ ਲੱਗਿਆ ਸੀ ! 15 ਦੋਵਾਂ ਭਤੀਜਿਆਂ ਨੂੰ ਦੇ ਕੇ 20 ਮੇਰੇ ਹਿੱਸੇ ਆਇਆ ! ਕੋਠੀ ਵੇਚਕੇ ਮੈਂ ਮੁੜ ਲੈਸਟਰ ਆ ਗਿਆ ਹਾਂ! ਹੁਣ ਨਹੀਂ ਕਦੀ ਵੀ ਜਾਣਾ !” ਮਾੜਾ ਹੋਇਆ ਕਹਿਕੇ ਮੈਂ ਹੁੰਘਾਰਾ ਭਰਿਆ! ”ਅੱਛਾ ਇੱਦਾਂ ਆ ਢਿੱਲੋਂ ਸਾਹਿਬ! ਕਦੀ ਇੰਗਲੈਂਡ ਵੱਲ ਆਏ ਤਾਂ ਮੇਰੇ ਕੋਲ ਰਹਿਣਾ ਤੇ ਮਿਲਕੇ ਜਾਣਾ !” ਮੈਂ ਕਿਹਾ, ”ਥਿਆੜਾ ਸਾਹਿਬ! ਮੈਂ ਤਾਂ ਸਾਰੀ ਉਮਰ ਯਾਰੀਆਂ ਹੀ ਪਾਲੀਆਂ ! ਮੇਰੇ ਕੋਲ ਤੁਹਾਡੇ ਵਰਗੇ ਦੋ ਤਿੰਨ ਇੰਗਲੈਂਡ ਦੇ ਨਿਉਂਦੇ ਪਹਿਲਾਂ ਹੀ ਪਏ ਹਨ ! ਰਾਤਾਂ ਥੋੜ੍ਹੀਆਂ ਤੇ ਯਾਰ ਬਥੇਰੇ ਮੈਂ ਕੀਹਦਾ ਕੀਹਦਾ ਮਾਣ ਰੱਖ ਲਾਂ ! ਇਹ ਕਲਮ ਦੀ ਹੀ ਕਰਾਮਾਤ ਹੈ ਕਿ ਮੇਰੀ ਜ਼ਿੰਦਗੀ ‘ਚ ਤੁਹਾਡੇ ਵਰਗੇ ਨਿੱਘੇ ਮਿੱਤਰ ਹਨੇਰੀ ਦੀ ਤਰ੍ਹਾਂ ਆਉਂਦੇ ਹਨ ਤੇ ਤੂਫਾਨ ਦੀ ਤਰ੍ਹਾਂ ਚਲੇ ਜਾਂਦੇ ਹਨ ! ਮੈਂ ਚੁਰਾਹੇ ਵਿੱਚ ਖੜ੍ਹੇ ਬਿਜਲੀ ਦੇ ਖੰਭੇ ਵਾਂਗ, ਦੂਰ ਦਿਸਹੱਦੇ ਤੱਕ ਆਉਂਦੇ ਜਾਂਦੇ ਸੋਹਣੇ ਚਿਹਰੇ ਦੇਖਦਾ ਰਹਿੰਦਾ ਹਾਂ! ਫਿਰ ਵੀ ਇਨਸ਼ਾ ਅੱਲਾਂ ਜ਼ਰੂਰ ਮਿਲਾਂਗੇ ! ਜੇ ਨਾ ਵੀ ਮਿਲੇ ਮੈਨੂੰ ਤੁਹਾਡਾ ਹਰੇ ਪਾਣੀ ਵਾਲਾ ਟੱਬ ਹਮੇਸ਼ਾ ਯਾਦ ਰਹੇਗਾ ! ਖੁਦਾ ਹਾਫਿਜ਼ !”

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …