Breaking News
Home / ਨਜ਼ਰੀਆ / ਮਈ ਦਿਵਸ ‘ਤੇ ਵਿਸ਼ੇਸ਼

ਮਈ ਦਿਵਸ ‘ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ
ਕਿਰਤੀ ਸੋਸ਼ਣ ਵਿਰੁੱਧ ਮੁਕਤੀ ਮਾਰਗ !
ਜਗਦੀਸ਼ ਸਿੰਘ ਚੋਹਕਾ
ਸੰਸਾਰ ਅੰਦਰ ਅਨਿਆਏ, ਸੀਨਾ-ਜੋਰੀ ਅਤੇ ਜ਼ਬਰ ਵਿਰੁਧ ਲਗਾਤਾਰ ਸੰਘਰਸ਼ ਪਨਪਦਾ ਅਤੇ ਉਠਦਾ ਰਹਿੰਦਾ ਹੈ। ਉਜ਼ਰਤੀ ਗੁਲਾਮੀ ਅਤੇ ਕਿਰਤੀ ਸੋਸ਼ਣ ਮਾਲਕ ਅਤੇ ਕਿਰਤੀ-ਵਰਗ ਵਿਚਕਾਰ ਮੁੱਢ ਕਦੀਮ ਤੋਂ ਇਕ ਸਦੀਵੀ ਅੰਦੋਲਨ ਹੈ। ਭਾਵੇ ਇਹ ਅੰਦੋਲਨ, ‘ਪਹਿਲੀ ਵਾਰ ਅਮਰੀਕਾ ਅੰਦਰ, ‘ਦੱਖਣੀ ਰਾਜਾਂ ਦੇ ਵੱਡੇ ਭੂਮੀਪਤੀਆਂ ਵੱਲੋ ਸਿਆਹ-ਗੁਲਾਮਾਂ (ਕਾਲੇ ਲੋਕਾਂ) ‘ਤੇ ਜ਼ਬਰ ਅਤੇ ਉਤਰੀ ਰਾਜਾਂ ਦੇ ਸਨਅਤਾਂ ਦੇ ਮਾਲਕ ਪੂੰਜੀਪਤੀਆਂ ਵੱਲੋ, ‘ਆਪਣੀ ਲੁੱਟ ਲਈ ਉਜ਼ਰਤੀ-ਕਿਰਤੀਆਂ ਦੀ ਗੁਲਾਮੀ ਨੂੰ ਸਦੀਵੀ ਬਣਾਉਣ ਲਈ ਇਹ ਵਰਗ-ਸੰਘਰਸ਼ ਦੇ ਰੂਪ ਵਿੱਚ ਪੈਦਾ ਹੋਇਆ? ਕਿਰਤੀ-ਵਰਗ ਦੇ ਸੋਸ਼ਣ ਲਈ, ‘ਭੂਮੀਪਤੀਆਂ ਅਤੇ ਪੂੰਜੀਪਤੀਆਂ ਵਿਚਕਾਰ ਕਿਰਤੀ ਦੀ ਲੁੱਟ ਕਰਨ ਲਈ ਖਹਿਬਾਜ਼ੀ ਦਾ ਉਤਪਨ ਹੋਣਾ ਵੀ ਇਕ ਹਾਂ ਪੱਖੀ ਤਬਦੀਲੀ ਸੀ ਜਿਸ ਨੇ ਚਾਲਕਸ਼ਕਤੀ ਨੂੰ ਜਨਮ ਦਿੱਤਾ? ਇਹ ਗੁਣਾਂਤਮਕ ਤਬਦੀਲੀ ਹੀ ਅੱਗੋ ਉਜ਼ਰਤੀ-ਕਿਰਤੀਆਂ ਦੇ ਚੰਗੇ ਜੀਵਨ ਲਈ, ਇਤਿਹਾਸਕ ਬਰਾਬਰਤਾ ਦੇ ਨਿਆਂ-ਅਧੀਨ ਸਮਾਜਕ, ਆਰਥਿਕ ਅਤੇ ਰਾਜਨੀਤਕ ਖੇਤਰ ਅੰਦਰ, ਬਰਾਬਰਤਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕਿਰਤੀ ਅੰਦੋਲਨਾਂ ਨੂੰ ਜਨਮ ਦੇਣ ਲਈ ਸਹਾਇਕ ਬਣੀ।
8-ਘੰਟੇ ਦਾ ਕੰਮ-ਦਿਨ ਪ੍ਰਾਪਤ ਕਰਨ ਲਈ ਕੀਤੇ ਗਏ ਲੰਬੇ ਅਤੇ ਕਠਨ ਸੰਘਰਸ਼ ਦੀ ਇਕ ਇਨਕਲਾਬੀ ਕਹਾਣੀ ਨੇ, ‘ਅੱਜ ਤੋਂ 133 ਵਰ੍ਹੇ ਪਹਿਲਾਂ 1886 ਨੂੰ ਸ਼ਿਕਾਗੋ ਦੇ ਕਿਰਤੀਆਂ ਨੇ ਸਾਰੀ ਦੁਨੀਆਂ ਅੰਦਰ ਮਿਸਾਲ ਪੇਸ਼ ਕਰਕੇ, ਪੂੰਜੀਪਤੀਆਂ ਨੂੰ ਲਲਕਾਰਿਆ ਸੀ? ਅਸਲ ਵਿੱਚ ਮਈ ਦਿਵਸ ਸੰਸਾਰ ਇਤਿਹਾਸਕ ਤਿੰਨ ਵਰ੍ਹੇ ਗੰਢਾਂ ਦਾ ਹੀ ਇਕ ਪ੍ਰਤੀਕ ਹੈ। 1886 ਨੂੰ ਸ਼ਿਕਾਗੋ ਵਿਖੇ ਕਿਰਤੀ-ਵਰਗ ‘ਤੇ ਹਾਕਮਾਂ ਤੇ ਪੁਲਿਸ ਦਾ ਜ਼ਬਰ, 1889 ਦੀ ਦੂਜੀ ਕੌਮਾਂਤਰੀ ਕਾਂਗਰਸ ਵੱਲੋ ਪਹਿਲੀ ਮਈ ਦੇ ਸ਼ਹੀਦਾਂ ਨਾਲ ਇਕਮੁਠਤਾ ਅਤੇ 1890 ਨੂੰ ਸੰਸਾਰ ਪੱਧਰ ‘ਤੇ ਸ਼ਿਕਾਗੋ ਦੇ ਜੁਝਾਰੂ ਕਿਰਤੀਆਂ ਦੀਆਂ ਇਨਕਲਾਬੀ ਰਵਾਇਤਾਂ ਨੂੰ ਅੱਗੇ ਵਧਾਉਣ ਲਈ ਕਿਰਤੀ ਵਰਗ ਵੱਲੋਂ ਮੁਕਤੀ ਲਈ ਇਸ ਮਿਸ਼ਨ ਨੂੰ ਜਾਰੀ ਰੱਖਣ ਲਈ ਅਹਿਦ ਲਏ ਗਏ। ਪਹਿਲੀ ਮਈ। ਕਿਰਤੀ-ਜਮਾਤ ਦੇ ਸੰਘਰਸ਼ਾਂ ਦਾ ਇਕ ਸਦੀਵੀ ਚਿੰਨ ਬਣ ਗਿਆ।
ਉਜ਼ਰਤੀ-ਗੁਲਾਮੀ ਵਿਰੁਧ 1-ਮਈ 1886 ਨੂੰ ਅਮਰੀਕਾ ਦੇ ਸਭ ਤੋਂ ਵੱਡੇ ਸਨਅਤੀ ਕੇਂਦਰਾਂ ਅੰਦਰ ਆਮ ਹੜਤਾਲਾਂ ਹੋਈਆਂ। ਇਸ ਦੇ ਪਿਛੋਕੜ ਵਿੱਚ ਸ਼ਿਕਾਗੋ ਦੇ ਸਨਅਤੀ ਕਿਰਤੀਆਂ ਵੱਲੋ ਆਪਣੀਆਂ ਨਿਆਇਕ ਮੰਗਾਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਹਾਕਮਾਂ, ਮਿਲ ਮਾਲਕਾਂ, ਪੁਲਿਸ ਅਤੇ ਇਨਸਾਫ ਦੇਣ ਵਾਲੀਆਂ ਅਦਾਲਤਾਂ ਨੇ ਹੱਕਾਂ ਲਈ ਸੰਘਰਸ਼ ਕਰਦੇ ਕਿਰਤੀਆਂ ਅਤੇ ਉਨ੍ਹਾਂ ਦੇ ਆਗੂਆਂ ‘ਤੇ ਅਮਰੀਕਾ ਦੇ ਲੋਕਾਂ ਦੀਆਂ ਅਜ਼ਾਦੀ ਲਈ ਸੰਘਰਸ਼ ਦੇ ਦੌਰਾਨ ਸਥਾਪਤ ਕੀਤੀਆਂ ਗਈਆਂ ਸਾਰੀਆਂ ਨਗਰ ਰਵਾਇਤਾਂ ਦੀ ਉਲੰਘਣਾ ਕਰਕੇ, ‘ਹੇਅ-ਮਾਰਕਿਟ ਦੇ ਬੰਬ ਕੇਸ ਵਿੱਚ ਅਲਬਰਟ ਪਾਰਸਨ, ਆਗਸਤ ਸਪਾਈਜ਼, ਸੈਮੂਅਲ ਫੀਲਡਨ, ਮਾਈਕਲ ਸ਼ਾਅਬ, ਅਡਾਲਫ ਫਿਸ਼ਰ, ਜਾਰਜ ਐਂਗਲ ਤੇ ਲੂਈ ਲਿੰਗ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਜਮਹੂਰੀ ਸਮਾਜ ਲਈ ਇਕ ਨਿਰਾਦਰੀ ਭਰਿਆ ਫੈਸਲਾ ਸੁਣਾ ਦਿੱਤਾ। ਇਕ ਅੱਠਵੇਂ ਆਗੂ ਨੂੰ 15 ਸਾਲ ਦੀ ਕੈਦ ਦੀ ਸਜਾ ਹੋਈ। ਅਮਰੀਕੀ ਹਾਕਮਾਂ ਦੇ ਇਸ ਕਰੂਰ, ਵਹਿਸ਼ੀ ਅਤੇ ਬਰਬਰਤਾ ਵਾਲੇ ਫੈਸਲੇ ਵਿਰੁਧ ਇਨ੍ਹਾਂ ਸ਼ਹੀਦਾਂ ਦੇ ਬੋਲ ਅੱਜ ਵੀ ਹੱਕ-ਸੱਚ ਲਈ ਗੂੰਜ ਰਹੇ ਹਨ?
”ਉਹ ਸਵੇਰਾ (ਦਿਨ) ਜਰੂਰ ਆਵੇਗਾ, ਜਦੋਂ ਸਾਡੀ ਚੁੱਪ (ਜ਼ਬਰ ਨਾਲ ਬੰਦ ਕੀਤੀ ਜ਼ਬਾਨ) ਹੋਰ ਵੀ ਸ਼ਕਤੀਸ਼ਾਲੀ ਹੋਵੇਗੀ, ਜਿਸ ਦਾ ਅੱਜ ਤੁਸੀਂ ਗਲਾ ਘੁੱਟ ਕੇ ਬੰਦ ਕਰ ਰਹੇ ਹੋ (ਸ਼ਹੀਦ ਸਮਾਰਕ ਸ਼ਿਕਾਗੋ)।”
ਸ਼ਿਕਾਗੋ ਮਈ 1886: 1-ਮਈ 1886 ਨੂੰ ਅਮਰੀਕਾ ਅੰਦਰ ਸਾਰੇ ਸਨਅਤੀ ਕੇਂਦਰਾਂ ਅੰਦਰ ਅੱਠ-ਘੰਟੇ ਦੀ ਦਿਹਾੜੀ ਅਤੇ ਕੰਮ ਦੌਰਾਨ ਬਿਹਤਰ ਹਾਲਤਾਂ ਲਈ ਆਮ ਹੜਤਾਲ ਹੋਈ। ਇਸ ਹੜਤਾਲ ਨੂੰ ਸ਼ਿਕਾਗੋ ਦੀ ਸਮੁੱਚੀ ਕਿਰਤੀ-ਜਮਾਤ ਨੇ ਸੰਪੂਰਨ ਸਹਿਯੋਗ ਦਿੱਤਾ। ਜਿਵੇਂ ਹੁੰਦਾ ਹੀ ਹੈ, ‘ਮਿਲ ਮਾਲਕਾਂ, ਹਾਕਮ ਅਤੇ ਉਨ੍ਹਾਂ ਦੀ ਪੁਲਿਸ ਨੇ ਇਸ ਹੜਤਾਲ ਨੂੰ ਫੇਲ੍ਹ ਕਰਨ ਅਤੇ ਤੋੜਨ ਲਈ ਭੜਕਾਹਟ ਤੋਂ ਕੰਮ ਲਿਆ ? ਪਰ ਕਿਰਤੀ ਜਮਾਤ ਆਪਣੀਆਂ ਮੰਗਾਂ, ‘8-ਘੰਟੇ ਕੰਮ ਦੀ ਡਿਊਟੀ, ਉਚੇਰੀਆ ਉਜ਼ਰਤਾਂ ਅਤੇ ਟਰੇਡ ਯੂਨੀਅਨਾਂ ਦੀ ਪ੍ਰਵਾਨਗੀ ਲਈ ਦ੍ਰਿੜ ਸਨ। ਸਾਰੇ ਅਮਰੀਕਾ ਅੰਦਰ ਸਨਅਤੀ ਅਦਾਰਿਆਂ ਦੇ ਕਿਰਤੀਆਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਆਪਣੀਆਂ ਹੱਕੀ ਮੰਗਾਂ ਲਈ 1-ਮਈ ਨੂੰ ਬੇ-ਮਿਸਾਲ ਹੜਤਾਲ ਹੋਈ। ਇਕ-ਮੁਠ ਲੀਡਰਸ਼ਿਪ ਦੀ ਅਣਹੋਂਦ ਦੇ ਬਾਵਜੂਦ ਵੀ ਇਹ ਸਪਸ਼ਟ ਹੋ ਗਿਆ ਸੀ, ‘ਕਿ ਲਹਿਰ ਦਾ ਖਾਸਾ ਵਿਆਪਕ ਅਤੇ ਕਿਰਤੀ ਪੂਰੀ ਤਰ੍ਹਾਂ ਦ੍ਰਿੜ ਸਨ। ਇਸ ਦ੍ਰਿੜਤਾ ਕਾਰਨ ਹੀ ਕਈ ਮਿਲਾਂ ਵਿੱਚ ਪਹਿਲਾਂ ਹੀ 8-ਘੰਟੇ ਕੰਮ ਦੀ ਡਿਊਟੀ ਲਾਗੂ ਹੋਣ ਕਰਕੇ, ‘ਜੇਤੂ ਕਿਰਤੀ ਵੀ ਯਕਜਹਿਤੀ ਵੱਜੋ ਇਨ੍ਹਾਂ ਹੜਤਾਲਾਂ ਅਤੇ ਮੁਜ਼ਾਹਰਿਆਂ ਵਿਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮੁੱਚੇ ਸ਼ਿਕਾਗੋ ਸ਼ਹਿਰ ਅੰਦਰ ਦੋ-ਤਿਹਾਈ ਫੈਕਟਰੀਆਂ ਬੰਦ ਰਹੀਆਂ। ਕੇਂਦਰੀ ਲੇਬਰ ਯੂਨੀਅਨ ਨੇ ਇਕ ਰੈਲੀ ਕੀਤੀ ਜਿਸ ਵਿੱਚ 25,000 ਤੋਂ ਵੱਧ ਗਿਣਤੀ ਵਿਚ ਕਿਰਤੀ ਸ਼ਾਮਲ ਹੋਏ? ਕਿਰਤੀਆਂ ਨੂੰ ਸਪਾਈਜ਼, ਪਾਰਸਨਜ਼, ਫੀਲਡਨ ਅਤ ਸ਼ਾਅਬ ਨੇ ਸੰਬੋਧਨ ਕਰਦੇ ਹੋਏ ਸੱਦਾ ਦਿੱਤਾ, ‘ਕਿ ਕਿਰਤੀ ਦਲੇਰੀ ਤੋਂ ਕੰਮ ਲੈਣ ਅਤੇ ਹਿਤਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਣ।’
ਆਮ ਹੜਤਾਲ ਦੇ ਪਹਿਲੇ ਦਿਨ ਤੋਂ ਹੀ ਅਮਰੀਕਾ ਦੇ ਹੰਕਾਰੀ ਪੂੰਜੀਪਤੀ, ਮਿਲ ਮਾਲਕ ਅਤੇ ਰਾਜਤੰਤਰ ਮਨ-ਮਰਜ਼ੀ ਦੀਆਂ ਕਾਰਵਾਈਆਂ ਨਾਲ ਹੜਤਾਲੀ ਕਿਰਤੀਆਂ ਅੰਦਰ ਭੜਕਾਹਟ ਪੈਦਾ ਕਰਕੇ ਵੱਡੇ ਪੱਧਰ ‘ਤੇ ਤਸ਼ਦਦ ਕਰਨ ਲਈ ਬਹਾਨੇ ਲੱਭ ਰਿਹਾ ਸੀ? ਪਰ ਹੜਤਾਲੀ ਕਿਰਤੀ ਤੇ ਆਗੂ ਬੰਧੇਜ ਤੋਂ ਕੰਮ ਲੈਂਦੇ ਰਹੇ। ਇਸ ਮਨਸੂਬੇ ਵਿਰੁਧ ਕਿਰਤੀਆਂ ਵੱਲੋਂ ਮੈਕਾਰਮਿਕ ਫੈਕਟਰੀ ਲਾਗੇ 12,000 ਦੇ ਇਕ ਵੱਡੇ ਇਕੱਠ ਰਾਹੀ, ਜਿਸ ਨੂੰ ਪਾਰਸਨਜ਼ ਅਤੇ ਸ਼ਾਅਬ ਨੇ ਸੰਬੋਧਨ ਕੀਤਾ ਦੌਰਾਨ ਮਿਲ ਮਾਲਕਾਂ ਦੀਆਂ ਸਾਜ਼ਸ਼ਾਂ ਦਾ ਭਾਂਡਾ ਭੰਨਿਆ। 3-ਮਈ 1886 ਨੂੰ ਫਿਰ ਮੈਕਾਰਮਿਕ ਫੈਕਟਰੀ ਲਾਗੇ ਹੋਈ ਇਕ ਰੈਲੀ ਨੂੰ ਕੇਂਦਰੀ ਲੇਬਰ ਯੂਨੀਅਨ ਦੇ ਆਗੂ ਆਗਸਤ ਸਪਾਈਜ਼ ਨੇ ਸੰਬੋਧਨ ਕੀਤਾ। ਅੱਜੇ ਇਹ ਸੋਸ਼ਲਿਸਟ ਆਗੂ ਸੰਬੋਧਨ ਹੀ ਕਰ ਰਿਹਾ ਸੀ ਤਾਂ ਮਾਲਕ ਪੱਖੀ ਹੜਤਾਲ ਤੋੜੂ ਕੁਝ ਕਾਮੇ, ਮੈਕਾਰਮਿਕ ਫੈਕਟਰੀ ਵਿਚ ਬਾਹਰ ਆਏ ਤੇ ਝਗੜ ਪਏ! ਪੁਲਿਸ ਤਾਂ ਇਹ ਮੌਕਾ ਚਾਹੁੰਦੀ ਸੀ? ਪੁਲਿਸ ਨੇ ਬਿਨ੍ਹਾਂ ਕਿਸੇ ਵਾਰਨਿੰਗ ਗੋਲੀ ਚਲਾ ਕੇ ਹੜਤਾਲੀ 6-ਕਾਮਿਆਂ ਨੂੰ ਸ਼ਹੀਦ ਕਰ ਦਿੱਤਾ। ਕਈ ਫੱਟੜ ਹੋਏ। ਰੋਹ ਵਿੱਚ ਆਏ ਕਿਰਤੀਆਂ ਤੇ ਆਗੂਆਂ ਵਲੋਂ ਪੁਲਿਸ ਦੀ ਇਸ ਬਰਬਰਤਾ ਵਿਰੁਧ ਰੋਸ ਵੱਜੋ 4-ਮਈ 1886 ਨੂੰ ਹੇਅ-ਮਾਰਕਿਟ ਵਿੱਚ ਰੈਲੀ ਕਰਨ ਦਾ ਸੱਦਾ ਦਿੱਤਾ ਗਿਆ !
ਹੇਅ ਮਾਰਕਿਟ ਦਾ ਇਤਿਹਾਸਕ ਖੂਨੀ ਕਾਂਡ: 4-ਮਈ 1886 ਨੂੰ ਸ਼ਾਮ 7 ਵੱਜੇ ਹੇਅ-ਮਾਰਕਿਟ ਵਿਖੇ 3000 ਦੇ ਲਗਪਗ ਕਿਰਤੀ ਇਕੱਠੇ ਹੋਏ। ਮੌਸਮ ਦੀ ਖਰਾਬੀ ਕਾਰਨ ਕਿਰਤੀ ਵੱਡੀ ਗਿਣਤੀ ਵਿੱਚ ਇਸ ਰੋਸ ਰੈਲੀ ਵਿਚ ਸ਼ਾਮਲ ਨਾ ਹੋ ਸਕੇ। ਫਿਰ ਵੀ ਕਿਰਤੀ ਤੇ ਇਸਤਰੀਆਂ, ਸਮੇਤ ਬੱਚਿਆਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਕੱਠ ਨੂੰ ਸਪਾਈਜ਼, ਪਾਰਸਨਜ਼ ਅਤੇ ਫੀਲਡਨ ਨੇ ਸੰਬੋਧਨ ਕਰਦੇ ਹੋਏ ਮਾਲਕਾਂ ਅਤੇ ਉਨ੍ਹਾਂ ਦੀ ਰਾਖੀ ਕਰਦੀ ਪੁਲਿਸ ਦੇ ਜ਼ਬਰ ਦੀ ਸਖ਼ਤ ਨਿਖੇਧੀ ਕੀਤੀ। ਸੋਮਵਾਰ ਦੀ ਘਟਨਾ ਜਿਸ ਵਿੱਚ ਸਾਡੇ 6-ਕਿਰਤੀ ਸ਼ਹੀਦ ਹੋ ਗਏ ਸਨ, ਉਨ੍ਹਾਂ ਲਈ ਮੈਕਾਰਮਿਕ ਅਤੇ ਪੁਲਿਸ ਨੂੰ ਦੋਸ਼ੀ ਗਰਦਾਨਿਆ ਗਿਆ। ਆਗੂਆਂ ਨੇ ਦੱਸਿਆ, ਕਿ ਅੱਜ ਸ਼ਹਿਰ ਅੰਦਰ ਹਜ਼ਾਰਾਂ ਕਿਰਤੀ, ਮਾਲਕਾਂ ਦੀਆਂ ਮਨਮਾਨੀਆਂ ਕਾਰਨ ਲਾਕ-ਆਉਟ ਕਰਕੇ ਭੁੱਖੇ ਮਰ ਰਹੇ ਹਨ? ਪ੍ਰੈਸ ਦੇ ਦੋਗਲੇਪਨ ਦੀ ਵੀ ਨਿੰਦਾ ਕੀਤੀ ਗਈ। ਸ਼ਿਕਾਗੋ ਟ੍ਰਿਬਿਊਨ ਨੇ ਕਿਰਤੀਆਂ ਦੀ ਮੀਟਿੰਗ ਨੂੰ ‘ਅਵਾਰਾ-ਹਜੂਮ’ ਕਹਿੰਦੇ ਹੋਏ, ਲਿਖਿਆ, ‘ਕਿ ਜੇ ਅਰਾਜਕਤਾਬਾਦ ਅਤੇ ਕਮਿਊਨਿਜ਼ਮ ਨੂੰ ਛੇਤੀ ਤੇ ਪੂਰੀ ਤਰ੍ਹਾਂ ਦਰੜਿਆ ਨਾ ਗਿਆ ਤਾਂ ਸਾਡਾ ਅਮਰੀਕਨ ਸਮਾਜ ਖਤਰੇ ਵਿਚ ਪੈ ਜਾਵੇਗਾ? ਪਰ ਕਿਰਤੀ ਆਗੂਆਂ ਵੱਲੋਂ ਮਿਲ ਮਾਲਕਾਂ ਦੁਆਰਾ ਕਿਰਤੀ ਵਰਗ ਦੀ ਹੋ ਰਹੀ ਲੁੱਟ ਅਤੇ ਸੋਸ਼ਣ ਦੇ ਅੰਕੜੇ ਦੇ ਕੇ ਸਾਬਤ ਕੀਤਾ, ਕਿ ਕਿਵੇਂ ਪੂੰਜੀਪਤੀ ਅਮੀਰ ਅਤੇ ਕਿਰਤੀ ਹੋਰ ਗਰੀਬ ਹੋ ਰਿਹਾ ਹੈ? ਇਸ ਰੈਲੀ ਸਮੇਂ ਉਥੇ ਸ਼ਿਕਾਗੋ ਦਾ ਮੇਅਰ ਕੇ.ਐਚ.ਹੈਰੀਸਨ ਵੀ ਹਾਜ਼ਰ ਸੀ। ਰੈਲੀ ਦਾ ਆਖਰੀ ਬੁਲਾਰਾ ਫ਼ੀਲਡਨ ਸੀ।
ਮੀਟਿੰਗ ਖਤਮ ਹੋਣ ਵਾਲੀ ਸੀ। ਮੀਂਹ ਪੈਣ ਲੱਗ ਪਿਆ। ਕਾਮੇ ਘਰਾਂ ਨੂੰ ਜਾ ਰਹੇ ਸਨ। ਅਚਾਨਕ ਦਗੜ-ਦਗੜ ਕਰਦੀ ਸੈਂਕੜਿਆਂ ਦੀ ਗਿਣਤੀ ਵਿੱਚ ਪੁਲੀਸ ਨੇ ਪੁਰ-ਅਮਨ ਰੈਲੀ ਦੇ ਅੰਤ ਵੇਲੇ, ਸਟੇਜ ਦੇ ਲਾਗੇ ਜਾ ਕੇ ਪੁਜੀਸ਼ਨਾਂ ਲੈ ਲਈਆਂ। ਸ਼ਹਿਰ ਦੇ ਮੇਅਰ ਵੱਲੋਂ ਕੈਪਟਨ ਬੋਨਫੀਲਡ ਨੂੰ ਕਿਹਾ, ਕਿ ਕਿਸੇ ਨੇ ਵੀ ਪੁਲੀਸ ਨੂੰ ਨਹੀਂ ਸੱਦਿਆ ? ਜਦ ਕਿ ਹਾਕਮਾਂ ਵੱਲੋਂ ਪਹਿਲਾ ਹੀ ਇਹ ਮਨਸੂਬੇ ਧਰੇ ਹੋਏ ਸਨ। ਕਿਰਤੀ ਆਗੂ ਫੀਲਡਨ ਜੋ ਸਟੇਜ ਤੋਂ ਹੇਠਾਂ ਉਤਰ ਰਿਹਾ ਸੀ, ਨੇ ਕਿਹਾ, ਕਿ ਅਸੀਂ ‘ਅਮਨ-ਪਸੰਦ ਹਾਂ’। ਇਕ ਬੰਬ! ਹਵਾ ਨੂੰ ਚੀਰਦਾ ਹੋਇਆ ਪੁਲੀਸ ਦੇ ਦੋ ਗਰੁਪਾਂ ਵਿਚਕਾਰ ਡਿਗ ਪਿਆ। ਇਕ ਪੁਲਿਸ ਕਰਮਚਾਰੀ ਮਾਰਿਆ ਗਿਆ ਅਤੇ ਕੁਝ ਜ਼ਖ਼ਮੀ ਹੋ ਗਏ? ਫਿਰ ਕੀ ਸੀ, ਅੰਧਾ-ਧੁੰਦ ਗੋਲੀਆਂ ਦਾ ਮੀਂਹ ਕਿਰਤੀਆਂ ਦੇ ਇਕੱਠ ਵਲ ਵੱਸਣਾ ਸ਼ੁਰੂ ਹੋ ਗਿਆ? ਪੁਲਿਸ ਨੇ ਕਿਰਤੀਆਂ, ਔਰਤਾਂ ਸਮੇਤ ਬੱਚਿਆਂ ਦਾ ਪਿੱਛਾ ਕਰਕੇ ਗੋਲੀਆਂ ਚਲਾਈਆਂ । ਪੁਲਿਸ ਦੇ ਜ਼ਬਰ ਦਾ ਨੰਗਾ-ਨਾਚ, ਮਨਮਰਜ਼ੀ ਅਤੇ ਧੌਂਸ ਦੀ ਇਹ ਬਰਬਰਤਾ ਵਿਰੁੱਧ, ‘ਅੱਜ ਵੀ ‘ਹੈਅ-ਮਾਰਕਿਟ ਦਾ ਕਾਂਡ’ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ, ‘ਕੌਮਾਂਤਰੀ ਕਿਰਤੀ-ਜਮਾਤ ਨਾਲ ਇਕਮੁਠਤਾ ਅਤੇ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਕਿਰਤ ਦੀ ਲੁੱਟ ਦੇ ਖਾਤਮੇਂ ਵਿਰੁੱਧ ਸਦਾ ਹੱਕ-ਸੱਚ ਦੀ ਗਵਾਹੀ ਅਤੇ ਹਾਮੀ ਭਰਦਾ ਰਹੇਗਾ? ਕਿਰਤੀਆਂ ਦੇ ਡੁੱਲੇ ਖੂਨ ਨਾਲ ਉਨ੍ਹਾਂ ਦੇ ਸਬਰ ਦਾ ਚਿੱਟਾ ਝੰਡਾ ਜੋ ਲਾਲ ਸੁਰਖ ਹੋ ਗਿਆ ਸੀ ਸ਼ਿਕਾਗੋ ਹੀ ਨਹੀਂ, ਅੱਜ ਦੁਨੀਆਂ ਭਰ ਅੰਦਰ ਕਿਰਤੀਆਂ ਦੀ ਪ੍ਰਤੀਨਿਧਤਾ ਕਰ ਰਿਹਾ ਹੈ?
ਮਨੁੱਖੀ ਸਮਾਜ ਅੰਦਰ ਮਨੁੱਖ ਆਪਣੀ ਹੋਂਦ ਤੋਂ ਹੀ ਸੰਘਰਸ਼ ਕਰਦਾ ਆ ਰਿਹਾ ਹੈ। ਮਨੁੱਖ ਦੀ ਕਿਰਤ ਰਾਹੀ ਉਸਰੇ ਇਕ ਸਮਾਜ ਅੰਦਰ, ਉਸ ਨੇ ਆਪਣੀ ਕਿਰਤ ਦੀ ਲੁੱਟ ਅਤੇ ਹਰ ਤਰ੍ਹਾਂ ਦੀਆਂ ਬੇ-ਇਨਸਾਫ਼ੀਆਂ ਵਿਰੁਧ ਲੰਬੀਆਂ ਜਦੋ-ਜਾਹਿਦਾਂ ਕਰਕੇ ਜਿੱਤਾਂ ਪ੍ਰਾਪਤ ਕਰਨ ਦਾ ਇਕ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੋਇਆ ਹੈ? ਦੁਨੀਆਂ ਭਰ ‘ਚ ਅਨੇਕਾਂ ਕਿਰਤੀ ਜਮਾਤ ਦੇ ਨਾਇਕਾਂ ਵੱਲੋ ਅਚੇਤ ਅਤੇ ਸੁਚੇਤ ਰੂਪ ਵਿੱਚ ਗਰੀਬੀ-ਗੁਰਬਤ ਅਤੇ ਨਿਆਂ ਲਈ ਕੁਰਬਾਨੀਆਂ ਕੀਤੀਆਂ ਹਨ ! ਇਹ ਸੁੰਦਰ ਸੰਸਾਰ ਕਿਰਤੀਆਂ ਦੇ ਮੁੜਕੇ ਅਤੇ ਡੁਲ੍ਹੇ ਖੂਨ ਨਾਲ ਉਸਰਿਆ ਹੋਇਆ ਹੈ। ਪਰ ਜੋ ਵਰਗ ਚਲਾਕੀ ਨਾਲ ਇਸ ਸੰਸਾਰ ਦਾ ਮਾਲਕ ਬਣ ਬੈਠਾ, ਉਹ ਅੱਜ ਇਨ੍ਹਾਂ ਕਿਰਤੀਆਂ ਦੇ ਅਰਮਾਨਾਂ ਦਾ ਕਤਲ ਕਰ ਰਿਹਾ ਹੈ। ਸ਼ਿਕਾਗੋ ਸ਼ਹਿਰ ਦੇ ਹੇਅ-ਮਾਰਕਿਟ ਵਿਚ ਡੁੱਲੇ ਕਿਰਤੀਆਂ ਦੇ ਖੂਨ ਕਾਰਨ, ਜੋ ਇਤਿਹਾਸ ਉਸਰਿਆ ਹੈ, ਉਸ ਨੇ ਸਾਰੀ ਦੁਨੀਆਂ ਅੰਦਰ ਇਕ ਨਿਰਣਾਇਕ ਅਸੂਲਾਂ ਨੂੰ ਉਜਾਗਰ ਕਰਦੇ ਹੋਏ ਕਿਰਤ ਦੀ ਲੁੱਟ ਕਰਨ ਵਾਲੇ ਪੂੰਜੀਪਤੀ ਵਰਗ ਨੂੰ ਵੰਗਾਰਿਆ! ਸ਼ਿਕਾਗੋ ਦੇ ਸ਼ਹੀਦਾਂ ਵਿੱਚੋ, ਕਿਰਤੀਆ ਦੇ ਇਕ ਨਾਇਕ ‘ਅਗਸਟ ਸਪਾਈਜ਼’ ਨੇ ਫਾਂਸੀ ਤੋਂ ਪਹਿਲਾਂ, ਪੂੰਜੀਪਤੀ ਵਰਗ ਦੀ ਨੁਮਾਇੰਦਗੀ ਕਰਦੀ ਕੋਰਟ ਦੇ ਜੱਜ ਸਾਹਮਣੇ, ਪੂੰਜੀਪਤੀਆਂ ਨੂੰ ਲਲਕਾਰਦੇ ਹੋਏ ਕਿਹਾ, ਕਿ ਭਾਵੇਂ ਤੁਸੀ ਸਾਡੀ (ਕਿਰਤੀਆਂ) ਅਵਾਜ਼ ਨੂੰ ਬੰਦ ਕਰ ਰਹੇ ਹੋ। ਪਰ ਯਾਦ ਰੱਖੋ। ਇਕ ਸਵੇਰ ਜ਼ਰੂਰ ਆਵੇਗੀ, ਜਦੋਂ ਸਾਡੀ ਖਾਮੋਸ਼ੀ (ਫਾਂਸੀ ਬਾਅਦ) ਇਸ ਤੋਂ ਵੀ ਵੱਧ ਸ਼ਕਤੀਸ਼ਾਲੀ ਹੋਵੇਗੀ? ਮੈਂ ਇਕ ਕਿਰਤੀ ਜਮਾਤ ਵੱਲੋ, ਲੁਟੇਰਿਆਂ (ਪੂੰਜੀਪਤੀਆਂ) ਨੂੰ ਸੰਬੋਧਨ ਕਰ ਰਿਹਾ ਹਾਂ, ਕਿ ਜੇ ਤੁਸੀਂ ਸਮਝਦੇ ਹੋ, ਕਿ ਸਾਨੂੰ ਫਾਹੇ ਲਾ ਕੇ ਕਿਰਤੀ ਅੰਦੋਲਨ ਦਾ ਗਲਾ ਘੁਟ ਦੇਵਾਂਗੇ ਤਾਂ ਲਾ ਦਿਓ ਸਾਨੂੰ ਫਾਹੇ?
ਸ਼ਿਕਾਗੋ ਦੇ ਇਸ ਇਤਿਹਾਸਕ ਕਾਂਡ ਬਾਅਦ ਦੁਨੀਆਂ ਅੰਦਰ ਕਿਰਤੀਆਂ ਵੱਲੋਂ ਬਿਹਤਰ ਸੇਵਾ ਸ਼ਰਤਾਂ, ਚੰਗੀਆਂ ਉਜਰਤਾਂ, ਟਰੇਡ ਯੂਨੀਅਨ ਹੱਕ ਅਤੇ ਸਮਾਜਕ-ਆਰਥਿਕ ਸੁਰੱਖਿਆ ਲਈ ਸੰਘਰਸ਼ ਵਿੱਢੇ ਗਏ। ਭਾਵੇਂ ਪੂੰਜੀਪਤੀ-ਵਰਗ, ਕਿਰਤੀਆਂ ਦੇ ਇਨਾਂ ਅੰਦੋਲਨਾਂ ਦਾ ਸ਼ਿਕਾਗੋ ਵਿੱਚ ਦਮਨ ਰਾਹੀਂ ਇਸ ਦਾ ਅੰਤ ਕਰ ਦਿੱਤਾ ਸਮਝਦੇ ਸਨ ? ਪਰ ਇਹ ‘ਚੰਗਿਆੜੇ’ ਇਥੇ-ਉਥੇ, ਸਾਰੀ ਦੁਨੀਆਂ ਅੰਦਰ ਹਰ ਥਾਂ ਭਾਂਬੜ ਬਣ ਕੇ ਮਚਣ ਲਗ ਪਏ ! ਕਿਰਤੀ ਅੰਦੋਲਨ ਦਬਾਇਆ ਨਹੀਂ ਜਾ ਸਕਦਾ ? ਇਸ ਮਹਾਨ ਘੋਲ ਨੇ ਸਾਰੀ ਦੁਨੀਆਂ ਅੰਦਰ ਕਿਰਤ ਦੀ ਲੁੱਟ ਕਰਨ ਵਾਲੇ ਪੂੰਜੀਪਤੀ-ਵਰਗ ਵਿਰੁਧ ਲੁੱਟੇ ਜਾਣ ਵਾਲੇ ਕਿਰਤੀਆਂ ਨੂੰ, ਮਾਲਕਾਂ ਦੇ ਹਰ ਜ਼ਬਰ ਦੇ ਖਿਲਾਫ ਅਤੇ ਮਨੁੱਖ ਨੂੰ ਗਰੀਬੀ ਗੁਰਬਤ, ਨੰਗ-ਭੁੱਖ ਅਤੇ ਹਰ ਤਰ੍ਹਾਂ ਦੀ ਜਹਾਲਤ ਤੋਂ ਮੁਕਤੀ ਪ੍ਰਾਪਤ ਕਰਨ ਲਈ ਇਕ ਵੱਡਾ ਝੰਜੋੜਾ ਦਿੱਤਾ ? ਇਸ ਘਟਨਾ ਨੇ ਸੰਸਾਰ ਪੱਧਰ ‘ਤੇ ਕਿਰਤ ਕਰਨ ਵਾਲੇ ਕਿਰਤੀ-ਵਰਗ ਨੂੰ ਇਸ ਲੁੱਟ-ਖਸੁੱਟ ਵਾਲੇ ਰਾਜ ਪ੍ਰਬੰਧ ਦੇ ਬਦਲ ਵਿੱਚ ਇਕ ਖੁਸ਼ਹਾਲੀ ਵਾਲਾ ਰਾਜ ਪ੍ਰਬੰਧ, ਜਿਥੇ ਮਨੁੱਖ ਦੀਆਂ ਘੱਟੋ-ਘੱਟ ਬੁਨਿਆਦੀ ਲੋੜਾਂ ਪੂਰੀਆਂ ਹੋਣ, ਭਰੱਪਣ ਅਤੇ ਆਜ਼ਾਦੀ ਵਾਲਾ ਸਕੂਨ ਹੋਵੇ, ‘ਅਜਿਹੇ ਰਾਜ ਦੀ ਹੋਂਦ ਲਈ ਇਕ ਅਮਲੀ ਸੋਚ ਨੂੰ ਪੂਰਾ ਕਰਨ ਲਈ ਬਲ ਬਖਸ਼ਿਆ। ਇਸ ਅਮਲ ਨੂੰ ਜਾਮਾ ਪਹਿਨਾਇਆ ‘ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ-1917’ ਨੇ। ਰੂਸ ਅੰਦਰ, ਜਿਥੇ ਪਹਿਲੀ ਵਾਰ ਰਾਜਸਤਾ ਤੇ ਕਿਰਤੀ-ਜਮਾਤ ਕਾਬਜ਼ ਹੋਈ। ਇਹ ਸਮਾਜਵਾਦੀ ਰਾਜ ਪ੍ਰਬੰਧ ਦੁਨੀਆ ਅੰਦਰ ਪਹਿਲੀ ਵਾਰ ਹੋਂਦ ਵਿੱਚ ਆਇਆ, ਜਿੱਥੇ ਮਨੁੱਖ ਹੱਥੋ ਮਨੁੱਖ ਦੀ ਲੁੱਟ-ਖਸੁਟ ਵਾਲੇ ਵਰਤਾਰੇ ਦਾ ਭੋਗ ਪੈ ਗਿਆ।
ਦੁਨੀਆ ਦੇ ਮਹਾਨ ਚਿੰਤਨ ਕਾਰਲ ਮਾਰਕਸ ਨੇ ਕਿਹਾ ਸੀ, ਕਿ ਨਾ-ਬਰਾਬਰੀ ਅਤੇ ਗਰੀਬੀ-ਗੁਰਬਤ ‘ਪੂੰਜੀ’ (ਸਰਮਾਇਆ) ਦੇ ਇਕੱਤਰੀਕਰਨ (ਮੁੱਠੀ ਭਰ ਲੋਕਾਂ ਦੇ ਹੱਥਾਂ ‘ਚ ਇਕੱਠੀ ਹੋ ਜਾਣੀ) ਦੀ ਪ੍ਰਕਿਰਿਆ ਵਿੱਚ ਲੁਕਿਆ ਹੋਇਆ ਹੈ। ਪੂੰਜੀਵਾਦੀ ਵਿਵੱਸਥਾ (ਨਿਜਾਮ) ਨੂੰ ਖਤਮ ਕਰਨ ਲਈ ਕ੍ਰਾਂਤੀ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਕ੍ਰਾਂਤੀ (ਸਮਾਜਕ ਪਰਿਵਰਤਨ) ਕਦੀ ਆਪਣੇ ਆਪ ਨਹੀਂ ਹੋ ਜਾਂਦੀ, ਸਗੋਂ ਇਸ ਲਈ ਇਕ ਕ੍ਰਾਂਤੀਕਾਰੀ ਪਾਰਟੀ ਦੀ ਜ਼ਰੂਰਤ ਹੁੰਦੀ ਹੈ। ਜੋ ਲੁੱਟੇ ਜਾਣ ਵਾਲੇ ਕਿਰਤੀਆਂ ਨੂੰ ਲਾਮਬੰਦ ਕਰਕੇ ਵਰਗ-ਸੰਘਰਸ਼ ਨੂੰ ਤੇਜ ਕਰਨਾ ਹੁੰਦਾ ਹੈ। ਅੰਤਿਮ ਨਿਸ਼ਾਨਾ। ਰਾਜਸਤਾ ‘ਤੇ ਕਿਰਤੀ ਵਰਗ ਦੀ ਜਿੱਤ ਵਾਲੇ ਸਮਾਜ ਦੀ ਸਥਾਪਤੀ ਕਰਨਾ। ਇਸ ਧਾਰਨਾ ਨੂੰ ਸਭ ਤੋਂ ਪਹਿਲਾ ਰੂਸ ਅੰਦਰ ਮਹਾਨ ਅਕਤੂਬਰ ਇਨਕਲਾਬ-1917 ਨੇ ਅਮਲ ਵਿੱਚ ਲਿਆਂਦਾ। ਪੈਦਾਵਰੀ ਸਾਧਨਾਂ (ਜ਼ਮੀਨ, ਕਾਰਖਾਨੇ, ਕੁਦਰਤੀ ਸੋਮੇ ਆਦਿ) ਦੇ ਸਮਾਜੀਕਰਨ (ਜਨਤਕੀਕਰਨ) ਹੋਣ ਨਾਲ ਲੁੱਟ-ਖਸੁੱਟ ਵਾਲੇ ਰਾਜ ਪ੍ਰਬੰਧ ਦੇ ਭੋਗ ਪੈਣ ਨਾਲ ਸਮਾਜਵਾਦੀ ਬਰਕਤਾਂ ਨੇ ਕਿਰਤੀ ਵਰਗ ਨੂੰ ਬਿਹਤਰ ਜੀਵਨ ਹਾਲਤਾਂ ਦੇਣੇ ਲਈ ਇਕ ਨਵੇਂ ਸਮਾਜ ਲਈ ਦਰ ਖੋਲ੍ਹ ਦਿੱਤੇ? ਮਹਾਨ ਅਕਤੂਬਰ ਇਨਕਲਾਬ ਬਾਅਦ ਸੰਸਾਰ ਅੰਦਰ ਗੁਲਾਮ ਕੌਮਾਂ ਅਤੇ ਦੇਸ਼ਾਂ ਦੀ ਆਜ਼ਾਦੀ ਲਈ ਚਲੇ ਮੁਕਤੀ ਅੰਦਲੋਨ, ਕਿਰਤੀ-ਵਰਗ ਵੱਲੋ ਜੀਵਨ ਹਾਲਤਾਂ ਅਤੇ ਸਹੂਲਤਾਂ ਲਈ ਹੋਏ ਸੰਘਰਸ਼ਾਂ ਕਾਰਨ ਹੀ ਦੋ-ਧਰੁਵੀ ਆਰਥਿਕਤਾ ਦੀ ਹੋਂਦ ਆਉਣ ਕਰਕੇ ਹੀ ਪੂੰਜੀਵਾਦੀ ਅਰਥ-ਵਿਵੱਸਥਾ ਵਾਲੇ ਦੇਸ਼ਾਂ ਅੰਦਰ ਕਿਰਤੀ ਵਰਗ ਨੂੰ ਬਹੁਤ ਸਾਰੀਆਂ ਆਰਥਿਕ ਸਹੂਲਤਾਂ ਅਤੇ ਰਾਹਤਾਂ ਪ੍ਰਾਪਤ ਹੋਈਆਂ। ਬਹੁਤ ਸਾਰੇ ਦੇਸ਼ ਬਸਤੀਵਾਦੀ ਗੁਲਾਮੀ ਤੋਂ ਆਜ਼ਾਦ ਹੋਏ। ਜਮਹੂਰੀ ਲਹਿਰਾਂ ਮਜ਼ਬੂਤ ਹੋਈਆਂ ਅਤੇ ਕਈ ਸਮਾਜਵਾਦੀ ਦੇਸ਼ ਵੀ ਹੋਂਦ ਵਿਚ ਆਏ। ਇਹ ਕੋਈ ਛੋਟੀ ਜਿਹੀ ਸਮਾਜਕ ਤਬਦੀਲੀ ਨਹੀਂ ਸੀ?
ਦੁਨੀਆਂ ਅੰਦਰ ਦੋ ਤਰ੍ਹਾਂ ਦੀ ਅਰਥ ਵਿਵੱਸਥਾ -ਸਮਾਜਵਾਦ ਅਤੇ ਪੂੰਜੀਵਾਦ ਦੇ ਆਹਮੋ-ਸਾਹਮਣੇ ਆਉਣ ਕਾਰਨ ਕਿਰਤੀ ਵਰਗ ਲਈ ਸਹੂਲਤਾਂ, ਗੁਲਾਮ ਕੌਮਾਂ ਅਤੇ ਦੇਸ਼ਾਂ ਦੀ ਅਜ਼ਾਦੀ, ਸੰਸਾਰ ਅਮਨ ਵਿਗਿਆਨ ਤੇ ਟੈਕਨੌਲਜੀ ਖੇਤਰ ਅੰਦਰ ਅਥਾਹ ਪ੍ਰਾਪਤੀਆਂ ਵੀ ਹੋਈਆਂ? ਪਰ 1991 ਦੌਰਾਨ ਦੁਨੀਆਂ ਦੇ ਉਸਰੇ ਸਭ ਤੋਂ ਪਹਿਲੇ ਸਮਾਜਵਾਦੀ ਢਾਂਚੇ ‘ਸੋਵੀਅਤ ਯੂਨੀਅਨ’ ਦੇ ਢੈਅ-ਢੇਰੀ ਹੋਣ ਕਾਰਨ ਸਮਾਜਵਾਦੀ ਵਿਚਾਰਾਂ, ਅਮਲਾਂ ਅਤੇ ਪ੍ਰਭਾਵਾਂ ਨੂੰ ਕਾਫੀ ਠੇਸਾਂ ਪੁੱਜੀਆਂ? ਪੂੰਜੀਵਾਦੀ ਦੇਸ਼ਾਂ ਅਤੇ ਸਾਮਰਾਜੀਆਂ ਦੀ ਮੁੜ ਚੜ੍ਹ ਮੱਚ ਗਈ ? ਕਿਰਤੀ ਵਰਗ ਅਤੇ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਜਾਂ ਤਾਂ ਖਤਮ ਕਰ ਦਿੱਤੀਆਂ ਜਾਂ ਹੌਲੀ-ਹੌਲੀ ਘਟਾਈਆਂ ਜਾ ਰਹੀਆਂ ਹਨ? ਸਮਾਰਾਜ ਵੱਲੋ ਜਾਰੀ ਨੀਤੀਆਂ-ਉਦਾਰੀਕਰਨ, ਨਿਜੀਕਰਨ ਅਤੇ ਸੰਸਾਰੀਕਰਨ ਕਾਰਨ ਬਹੁ-ਕੌਮੀ ਕਾਰਪੋਰੇਸ਼ਨਾਂ ਵੱਲੋਂ ਮਚਾਈ ਲੁੱਟ ਨੇ, ਅੱਜ ਸਾਰੇ ਸੰਸਾਰ ਅੰਦਰ ਜਿਥੇ ਮੰਦੇ ਨੂੰ ਜਨਮ ਦਿੱਤਾ ਹੈ। ਉਥੇ ਜੰਗ, ਆਰਥਿਕ ਅਸਮਾਨਤਾਂ, ਸੱਜ ਪਿਛਾਖੜ ਪਿਛਾੜਾਂ, ਬੇਰੁਜ਼ਗਾਰੀ, ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸੰਸਾਰ ਅਮਨ ਖਤਰੇ ਵਿੱਚ ਪਾ ਦਿੱਤਾ ਹੈ। ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸੋਮਿਆਂ ਦੀ ਲੁੱਟ ਲਈ ਸਾਮਰਾਜੀ ਅਮਰੀਕੀ ਧੜੇ ਵੱਲੋ ਧੌਂਸ, ਦਖਲ-ਅੰਦਾਜੀ ਅਤੇ ਮਿਲਟਰੀ ਦਾਬੇ ਆਮ ਵਰਤਾਰਾ ਬਣ ਗਿਆ ਹੈ। ਹੁਣ ਇਹ, ਸੰਸਾਰ ਦੇ ਲੋਕਾਂ ਲਈ ਇਕ ਸਬਕ ਵੀ ਹੈ, ਕਿ ਸਮਾਜਵਾਦ ਹੀ ਮਨੁੱਖਤਾ ਦੀ ਭਲਾਈ, ਸੰਸਾਰ ਅਮਨ ਅਤੇ ਖੁਸ਼ਹਾਲੀ ਦੀ ਗਰੰਟੀ ਦੇ ਸਕਦਾ ਹੈ। ਦੂਸਰੇ ਪਾਸੇ ਸਾਮਰਾਜੀ ਅਮਰੀਕਾ ਵਿਤੀ-ਫੰਡ ਬੈਂਕਿੰਗ ‘ਤੇ ਕੰਟਰੋਲ, ਰਿਜ਼ਰਵ-ਮੁਦਰਾ ਦੇ ਰੂਪ ਵਿੱਚ ਡਾਲਰ ਦੀ ਭੁਮਿਕਾ ਅਤੇ ਕੂੰਜੀਵਤ ਤਕਨੀਕਾਂ ਰਾਹੀਂ ਵਿਸ਼ਵ ਪੂੰਜੀਵਾਦੀ ਵਿਵਸਥਾ ‘ਤੇ ਸਰਦਾਰੀ ਕਾਇਮ ਕਰਕੇ ਆਰਥਿਕ ਖੇਤਰ ਵਿੱਚ ਵੀ ਹਰ ਦੇਸ਼ ‘ਤੇ ਆਪਣੀਆਂ ਆਰਥਿਕ ਨੀਤੀਆਂ ਮੜ੍ਹ ਕੇ ਉਨ੍ਹਾਂ ‘ਤੇ ਕਾਠੀਆਂ ਪਾ ਕੇ ਰੱਖ ਰਿਹਾ ਹੈ ਅਤੇ ਮਨ-ਮਰਜ਼ੀ ਕਰ ਰਿਹਾ ਹੈ।
ਪਹਿਲੀ ਮਈ ਦਾ ਦਿਵਸ, ਜੋ ਕਿਰਤੀ ਜਮਾਤ ਦੇ ਹੱਕਾਂ ਹਿੱਤਾਂ ਦੀ ਰਾਖੀ ਤੋਂ ਲੈ ਕੇ, ਕਿਰਤੀ ਵਰਗ ਦੀ ਮੁਕਤੀ ਦੇ ਟੀਚੇ ਵੱਲ ਵੱਧਿਆ ਸੀ, ਮਨੁੱਖਤਾ ਦੀ ਭਲਾਈ, ਖੁਸ਼ਹਾਲੀ ਅਤੇ ਅਮਨ ਦੀ ਰਾਖੀ ਦਾ ਪ੍ਰਤੀਕ ਹੋ ਨਿਬੜਿਆ ! ਸ਼ਿਕਾਗੋ ਦੇ ਕਿਰਤੀਆਂ ਵੱਲੋਂ ਮਈ-1886 ਦੇ ਦਿਹਾੜੇ ਜੋ ਸ਼ਹਾਦਤਾਂ ਦੇ ਕੇ ਆਰਥਿਕ ਬਰਾਬਰਤਾ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਉਹ ਮਿਸ਼ਨ ਅਜੇ ਅਧੂਰਾ ਹੈ ! ਇਸ ਇਨਕਲਾਬੀ ਮਿਸ਼ਨ ਨੂੰ ਅੱਗੇ ਵਧਾਉਣ ਅਤੇ ਸੰਪੂਰਨ ਕਰਨ ਲਈ ਕਿਰਤੀ ਵਰਗ ਅੰਦਰ ਏਕਤਾ ਅਤੇ ਇਕਮੁਠਤਾ ਕਾਇਮ ਕਰਨ ਲਈ ਆਓ ! ਸਾਰੇ ਕਿਰਤੀ, ‘ਇਹ ਸੰਕਲਪ ਕਰੀਏ, ‘ਕਿ ਅਸੀਂ ਵੀ ਆਪੋ-ਆਪਣੇ ਕਿਰਤ ਦੇ ਅਦਾਰਿਆ ਅੰਦਰ ਹਾਕਮਾਂ ਵੱਲੋਂ ਹੋ ਰਹੇ ਅਨਿਆਏ, ਲੁੱਟ-ਖਸੁੱਟ ਅਤੇ ਜ਼ਬਰ ਵਿਰੁਧ ਲਾਮਬੰਦ ਹੋਈਏ ! ਇਸ ਮਿਸ਼ਨ ਦੀ ਸਫਲਤਾ ਲਈ,’ਦੁਨੀਆ ਅੰਦਰ ਅਮਨ ਦੀ ਰਾਖੀ, ਭਿੰਨ-ਭੇਦ ਵਿਰੁਧ, ਜਮਹੂਰੀ ਹੱਕਾਂ ਦੀ ਰਾਖੀ, ਵਾਤਾਵਰਨ ਦੀ ਰਾਖੀ, ਆਰਥਿਕ ਸਮਾਨਤਾਂ ਅਤੇ ਬਰਾਬਰਤਾ ਲਈ ਚਲ ਰਹੀਆਂ ਲਹਿਰਾਂ ਅਤੇ ਸਾਮਰਾਜ ਦੇ ਜ਼ਬਰ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਦਾ ਸਾਥ ਦੇਈਏ !
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡੀ ਇਹੋ ਸ਼ਰਧਾਂਜਲੀ ਹੋਵੇਗੀ 001-403-285-4208

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …