Breaking News
Home / ਮੁੱਖ ਲੇਖ / ਕਿਉਂ ਮੋਹ ਭੰਗ ਹੋ ਗਿਆ ਲੋਕ ਸਭਾ ਚੋਣਾਂ ਲਈ ਪਰਵਾਸੀ ਪੰਜਾਬੀਆਂ ਦਾ?

ਕਿਉਂ ਮੋਹ ਭੰਗ ਹੋ ਗਿਆ ਲੋਕ ਸਭਾ ਚੋਣਾਂ ਲਈ ਪਰਵਾਸੀ ਪੰਜਾਬੀਆਂ ਦਾ?

ਗੁਰਮੀਤ ਸਿੰਘ ਪਲਾਹੀ
ਭਾਰਤ ਦੇ ਵਿਦੇਸ਼ ਮੰਤਰਾਲੇ (ਮਨਿਸਟਰੀ ਆਫ਼ ਫੌਰੈਨ ਅਫ਼ੇਅਰਜ਼ ਇੰਡੀਆ) ਦੇ ਮੁਤਾਬਿਕ ਲਗਭਗ 3.10 ਕਰੋੜ ਐਨ. ਆਰ.ਆਈ. (ਨਾਨ ਰੈਂਜੀਡੈਂਟ ਇੰਡੀਅਨਜ਼) ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਹਨ। ਆਰ.ਪੀ.ਐਕਟ (ਰਿਪਰੈਜੈਨਟੇਸ਼ਨ ਆਫ਼ ਪੀਪਲਜ਼ ਐਕਟ) 2018 ਵਿੱਚ ਇਹ ਦਰਸਾਇਆ ਗਿਆ ਹੈ ਕਿ ਜੋ ਐਨ. ਆਰ.ਆਈ. ਭਾਰਤੀ ਮਤਦਾਤਾ ਸੂਚੀ ਵਿੱਚ ਦਰਜ ਹੈ, ਉਹ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਖੇਤਰ ਵਿੱਚ ਆਪਣੇ ਦੋਸਤ ਜਾਂ ਰਿਸ਼ਤੇਦਾਰ ਨੂੰ ਪ੍ਰਾਕਸੀ ਨੀਅਤ ਕਰਕੇ ਆਪਣੇ ਵੋਟ ਦੀ ਵਰਤੋਂ ਕਰ ਸਕਦਾ ਹੈ। ਨਿਯੁਕਤ ਕੀਤਾ ਹੋਇਆ ਪ੍ਰਾਕਸੀ ਮਤਦਾਨ ਕੇਂਦਰ ਜਾ ਕੇ ਸਬੰਧਤ ਐਨ.ਆਰ.ਆਈ ਦੇ ਵਲੋਂ ਵੋਟ ਪਾ ਸਕਦਾ ਹੈ। ਲੇਕਿਨ ਅਸਲ ਵਿੱਚ ਸਿਆਸੀ ਦਲਾਂ ਵਿੱਚ ਇਸ ਮਸਲੇ ‘ਤੇ ਸਹਿਮਤੀ ਨਹੀਂ ਬਣ ਸਕੀ। ਪੰਜਾਬ ਦੇ ਸਿਰਫ਼ 393 ਐਨ.ਆਰ.ਆਈ. ਲੋਕਾਂ ਨੇ ਆਪਣੀ ਵੋਟ ਬਣਵਾਈ ਹੈ, ਜਿਹਨਾਂ ਵਿਚੋਂ ਬਹੁਤ ਘੱਟ ਲੋਕ ਕਿਰਾਇਆ ਖਰਚ ਕੇ, ਵਿਦੇਸ਼ਾਂ ਵਿੱਚੋਂ ਆਕੇ, ਵੋਟ ਪਾ ਸਕਣਗੇ। ਭਾਵੇਂ ਕਿ ਪੰਜਾਬ ਵਿਚੋਂ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਜਾ ਕੇ ਵਸੇ ਲੱਖਾਂ ਲੋਕਾਂ ਦਾ ਆਪਣੇ ਪਿੰਡਾਂ-ਕਸਬਿਆਂ ਲਈ ਅੰਤਾਂ ਦਾ ਮੋਹ ਹੈ, ਉਹ ਆਪਣੇ ਜਨਮ ਸਥਾਨ ਨੂੰ ਚੰਗੇਰਾ ਬਨਾਉਣ ਲਈ ਸਦਾ ਉਤਸਕ ਦਿਸਦੇ ਹਨ, ਅਤੇ ਸਮੇਂ-ਸਮੇਂ ਉਹ ਪਿੰਡ ਪੰਚਾਇਤਾਂ, ਵਿਧਾਨ ਸਭਾ ਚੋਣਾਂ ਵਿੱਚ ਡੂੰਘੀ ਦਿਲਚਸਪੀ ਲੈਂਦੇ ਰਹੇ ਹਨ, ਪਰ 2019 ਦੀਆਂ ਲੋਕ ਸਭਾ ਚੋਣਾਂ ਲਈ ਉਹ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਰੱਖ ਰਹੇ, ਕੀ ਉਹਨਾ ਦਾ ਚੋਣਾਂ ਪ੍ਰਤੀ ਮੋਹ ਭੰਗ ਹੋ ਗਿਆ ਹੈ?
ਪੰਜਾਬੀਆਂ ਦੇ ਲੋਕ ਸਭਾ ‘ਚ ਮੋਹ ਭੰਗ ਹੋਣ ਦਾ ਕਾਰਨ ਉਹ ਨੇਤਾ ਲੋਕ ਹਨ, ਜਿਹਨਾ ਨੇ ਰਾਜਨੀਤੀ ਨੂੰ ਲੋਕ ਸੇਵਾ ਵਜੋਂ ਨਹੀਂ ਇੱਕ ਧੰਦੇ ਵਜੋਂ ਅਪਨਾਇਆ ਹੋਇਆ ਹੈ ਅਤੇ ਜਿਹੜੇ ਆਪਣੇ ਹਿੱਤਾਂ ਦੀ ਖਾਤਰ ਲੋਕ ਹਿੱਤ ਵੇਚਣ ਤੋਂ ਗੁਰੇਜ਼ ਨਹੀਂ ਕਰਦੇ। ਪਰਵਾਸੀ ਵੀਰਾਂ ਨੇ ਕਦੇ ਲੋਕ ਭਲਾਈ ਪਾਰਟੀ ਦੇ ਨੇਤਾ ਬਲਵੰਤ ਸਿੰਘ ਰਾਮੂੰਵਾਲੀਆ ਨੂੰ ਭਰਪੂਰ ਸਹਿਯੋਗ ਦਿੱਤਾ। ਫਿਰ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ ਪੀ ਪੀ ਦਾ ਪੂਰਾ ਸਾਥ ਦਿੱਤਾ। ਆਮ ਆਦਮੀ ਪਾਰਟੀ ਨੂੰ ਤਾਂ ਉਹਨਾਂ ਤਨ, ਮਨ, ਧਨ ਨਾਲ ਸਹਾਇਤਾ ਦਿੱਤੀ, ਇਸ ਨੂੰ ਕਬੂਲਿਆ ਅਤੇ ਪੰਜਾਬ ‘ਚ ਆਕੇ ਵੀ ਇਸਦੇ ਹੱਕ ਵਿੱਚ ਪ੍ਰਚਾਰ ਕੀਤਾ ਪਰ ਆਮ ਆਦਮੀ ਪਾਰਟੀ ਦੇ ਨੇਤਾ ਪ੍ਰਵਾਸੀ ਪੰਜਾਬੀਆਂ ਦੇ ਪਿਆਰ ਦੇ ਹਾਣ ਦੇ ਨਾ ਹੋ ਸਕੇ। ‘ਆਪ’ ਦਾ ਝਾੜੂ ਤੀਲਾ ਤੀਲਾ ਹੋ ਗਿਆ ਜਾਂ ਕਰ ਦਿੱਤਾ ਗਿਆ ਤੇ ਪ੍ਰਵਾਸੀ ਪੰਜਾਬੀਆਂ ਦੇ ਦਿਲ ਹੀ ਜਿਵੇਂ ਟੁੱਟ ਗਏ।
ਪਰਵਾਸੀ ਪੰਜਾਬੀ ਲੰਮੇ ਸਮੇਂ ਤੋਂ ਹੀ ਦੇਸ਼ ਦੀਆਂ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ। ਭਾਰਤ ਵਿੱਚ 1969 ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਕਈ ਇਕਾਈਆਂ ਸਥਾਪਿਤ ਹੋਈਆਂ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਅਤੇ ਹੁਣ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਅਤੇ ਲੁਧਿਆਣਾ ਦੇ ਬੈਂਸ ਭਰਾਵਾਂ ਦੀ ਪਾਰਟੀ ਲੋਕ ਇਨਸਾਫ ਪਾਰਟੀ ਵਲੋਂ ਵੀ ਆਪਣੇ ਵਿਦੇਸ਼ੀ ਸਮਰਥਕਾਂ, ਸੰਸਥਾਵਾਂ ਨਾਲ ਗੂੜ੍ਹੇ ਸਬੰਧ ਬਣਾ ਰੱਖੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪਤਨੀ ਪ੍ਰਨੀਤ ਕੌਰ, ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ, ਕਾਂਗਰਸ ਪਾਰਟੀ ਦੇ ਹੱਕ ਵਿੱਚ ਸਮੇਂ-ਸਮੇਂ ਪ੍ਰਚਾਰ ਕਰਦੇ ਰਹਿੰਦੇ ਸਨ ਅਤੇ ਸਿੱਖ ਖੇਡਾਂ ਜਾਂ ਹੋਰ ਸਮਾਗਮਾਂ ਸਮੇਂ ਪਬਲਿਕ ਅਤੇ ਪ੍ਰਾਈਵੇਟ ਮਿਲਣੀਆਂ ਕਰਦੇ ਰਹੇ ਸਨ ਅਤੇ ਪੰਜਾਬੀ ਮੀਡੀਏ ਦੇ ਪ੍ਰਤੀਨਿਧਾਂ ਨਾਲ ਮਿਲਕੇ ਆਪਣੇ ਪਾਰਟੀ ਪ੍ਰੋਗਰਾਮਾਂ ਦਾ ਪ੍ਰਚਾਰ ਕਰਕੇ ਵੱਡੀ ਮਾਇਕ ਸਹਾਇਤਾ ਅਤੇ ਸਹਿਯੋਗ ਆਪਣੀ ਪਾਰਟੀ ਲਈ ਇੱਕਠੀ ਕਰਦੇ ਰਹੇ। ਇਸ ਲਿਸਟ ਵਿੱਚ ਹੋਰ ਛੋਟੇ ਵੱਡੇ ਕਾਂਗਰਸੀ ਨੇਤਾਵਾਂ ਤੋਂ ਬਿਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਵੱਜਦਾ ਹੈ। ਮਹਿੰਦਰ ਸਿੰਘ ਗਿਲਜੀਆਂ ਅਮਰੀਕਾ ਵਿੱਚ ਅਤੇ ਓਵਰਸੀਜ਼ ਕਾਂਗਰਸ ਦੇ ਯੂ.ਕੇ. ਦੇ ਨੇਤਾ ਦਲਜੀਤ ਸਿੰਘ ਸਹੋਤਾ ਅਤੇ ਇਟਲੀ ਦੇ ਕਰਮਜੀਤ ਸਿੰਘ ਢਿਲੋਂ ਆਦਿ ਇਹੋ ਜਿਹੇ ਪ੍ਰਵਾਸੀ ਪੰਜਾਬੀ ਹਨ, ਜਿਹੜੇ ਕਾਂਗਰਸ ਦੀ ਉੱਚ ਲੀਡਰਸ਼ਿਪ ਨੂੰ ਇਹਨਾ ਦੇਸ਼ਾਂ ‘ਚ ਸਵਾਗਤ ਕਰਨ ਵੇਲੇ ਮੋਹਰੀ ਰੋਲ ਅਦਾ ਕਰਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਕਦੇ ਪਰਵਾਸੀ ਪੰਜਾਬੀਆਂ ‘ਚ ਵੱਡਾ ਅਸਰ ਬਣਾਇਆ ਸੀ, ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਹੋਰ ਮੁਲਕਾਂ ‘ਚ ਆਪਣੀਆਂ ਇਕਾਈਆਂ ਖੋਲ੍ਹੀਆਂ, ਗੁਰਦੁਆਰਿਆਂ ‘ਚ ਆਪਣੀ ਸਿਆਸਤ ਕੀਤੀ। ਪਰ ਪਿਛਲੀਆਂ ਲੋਕ ਸਭਾ ਚੋਣਾਂ ‘ਚ ਵੱਡੀ ਹਾਰ ਨੂੰ ਉਹਨਾਂ ਨੇ ਪਰਵਾਸੀ ਪੰਜਾਬੀਆਂ ਕਾਰਨ ਆਪਣੀ ਹਾਰ ਹੋਈ ਮੰਨਿਆ, ਕਿਉਂਕਿ ਪਰਵਾਸੀ ਪੰਜਾਬੀਆਂ ਨੇ ਖੁੱਲ੍ਹੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਸਿੱਟੇ ਵਜੋਂ ਆਮ ਆਦਮੀ ਪਾਰਟੀ ਦੇ ਚਾਰ ਮੈਂਬਰ ਪਾਰਲੀਮੈਂਟ ਚੁਣੇ ਗਏ। ਇਸੇ ਗੁੱਸੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵਿਦੇਸ਼ਾਂ ਵਿੱਚ ਸਥਾਪਿਤ ਸ਼੍ਰੋਮਣੀ ਅਕਾਲੀ ਦਲ ਦੀਆਂ ਇਕਾਈਆਂ ਨੂੰ ”ਨਾਟ ਰਿਕੁਆਇਰਡ ਇੰਡੀਅਨਜ਼” ਗੁਰਦਾਨਦੇ ਹੋਏ ਭੰਗ ਕਰ ਦਿੱਤਾ। ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਪਰਵਾਸੀ ਸੰਮੇਲਨ, ਜਿਹਨਾਂ ਵਿੱਚ ਆਪਣੇ ਚਹੇਤਿਆਂ ਨੂੰ ਸਦਕੇ ਸਨਮਾਨਿਆ ਜਾਂਦਾ ਸੀ, ਉਹਨਾਂ ਨੂੰ ਵੀ ਆਈ ਪੀ ਟਰੀਟਮੈਂਟ ਦਿੱਤਾ ਜਾਂਦਾ ਸੀ, ਸਰਕਾਰੀ ਗੱਡੀਆਂ ‘ਚ ਹੂਟੇ ਦਿੱਤੇ ਜਾਂਦੇ ਸਨ, ਹੋਟਲਾਂ ‘ਚ ਉਹਨਾਂ ਦੀ ਆਓ ਭਗਤ ਹੁੰਦੀ ਸੀ, ਬੰਦ ਕਰ ਦਿੱਤੇ ਗਏ। ਪਰ ਜਦੋਂ ਪਰਵਾਸੀ ਸਹਿਯੋਗ ਵੋਟਾਂ ਨੋਟਾਂ ਬਿਨਾਂ ਨਾ ਸਰਿਆ ਤਾਂ ਬਾਅਦ ਵਿੱਚ ਛੇਤੀ ਹੀ ਅਮਰੀਕਾ, ਕੈਨੇਡਾ ਅਤੇ ਅਸਟ੍ਰੇਲੀਆ ‘ਚ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਇਕਾਈਆਂ ਸਥਾਪਤ ਕੀਤੀਆਂ। ਪਰ ਸ਼੍ਰੋਮਣੀ ਅਕਾਲੀ ਦਲ ਦੀ ਉਪਰਲੀ ਲੀਡਰਸ਼ਿਪ, ਕੋਟਕਪੂਰਾ ਗੋਲੀ ਕਾਂਡ ਅਤੇ ਬਹਿਬਲ ਕਲਾਂ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਾਰਨ, ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲਾਂ ਵਿਰੁੱਧ ਸਿੱਖਾਂ ‘ਚ ਪੈਦਾ ਹੋਏ ਰੋਸ ਕਾਰਨ, ਉਹਨਾਂ ਦੇਸ਼ਾਂ ‘ਚ ਆਪਣੇ ਪੈਰ ਨਹੀਂ ਜਮ੍ਹਾ ਸਕੀ। ਕਾਂਗਰਸੀ ਨੇਤਾਵਾਂ ਖਾਸ ਕਰਕੇ ਪੰਜਾਬੀ ਕਾਂਗਰਸੀ ਨੇਤਾਵਾਂ ਨੂੰ ਵੀ ਲਗਭਗ ਇਹੋ ਜਿਹੀ ਸਥਿਤੀ ਦਾ ਹੀ ਸਾਹਮਣਾ ਕਰਨਾ ਪਿਆ, ਜਿਸਦੇ ਉੱਚ ਨੇਤਾ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਵਾਸੀ ਪੰਜਾਬੀਆਂ ਦੇ ਕੋਲ ਨਾ ਪੁੱਜ ਸਕੇ ਅਤੇ ਨਾ ਹੀ ਉਹਨਾਂ ਦੀ ਹਿਮਾਇਤ ਪ੍ਰਾਪਤ ਕਰ ਸਕੇ।
ਅਕਾਲੀ ਅਤੇ ਕਾਂਗਰਸ ਦੇ ਪੰਜਾਬੀ ਆਗੂਆਂ ਨਾਲੋਂ ਆਮ ਆਦਮੀ ਪਾਰਟੀ ਦੇ ਆਗੂ ਵਿਦੇਸ਼ਾਂ ਵਿੱਚ ਵਧੇਰੇ ਸਰਗਰਮ ਹਨ। ਭਾਵੇਂ ਕਿ ਉਹਨਾ ਵਿਚੋਂ ਟੁੱਟਕੇ ਬਹੁਤ ਲੋਕ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਦੀਆਂ ਪਾਰਟੀਆਂ ਨਾਲ ਜੁੜੇ ਹਨ, ਪਰ ਖੱਖੜੀ-ਖੱਖੜੀ ਹੋਈਆਂ ਇਹਨਾ ਧਿਰਾਂ ਨਾਲ ਵੀ ਪਰਵਾਸੀ ਪੰਜਾਬੀਆਂ ਦਾ ਹੁਣ ਬਹੁਤਾ ਤੇਹ-ਪਿਆਰ ਵੇਖਣ ਨੂੰ ਨਹੀਂ ਮਿਲ ਰਿਹਾ। ਕਦੇ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਜਿਹੇ ਨੇਤਾਵਾਂ ਨੂੰ ਪ੍ਰਵਾਸੀ ਹੱਥੀਂ ਛਾਵਾਂ ਕਰਦੇ ਸਨ, ਉਹਨਾਂ ਦੇ ਇੱਕ ਇਸ਼ਾਰੇ ਉਤੇ ਮਰ ਮਿਟਣ ਤੱਕ ਜਾਂਦੇ ਸਨ। ਹਜ਼ਾਰਾਂ, ਲੱਖਾਂ ਡਾਲਰ ਉਹਨਾਂ ਆਮ ਆਦਮੀ ਪਰਟੀ ਲਈ ਕੁਰਬਾਨ ਕਰ ਦਿੱਤੇ ਪਰ ਅੰਤ ਵਿੱਚ ਉਹਨਾਂ ਪੱਲੇ ਨਿਰਾਸ਼ਤਾ ਆਈ।
ਇਹੀ ਨਿਰਾਸ਼ਤਾ 2019 ਲੋਕ ਸਭਾ ਚੋਣਾਂ ‘ਚ ਸਰਗਰਮੀ ਨਾਲ ਭਾਗ ਨਾ ਲੈਣ ਦਾ ਕਾਰਨ ਬਣੀ ਹੋਈ ਹੈ। ਹੁਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਵੀ ਕੁਝ ਪ੍ਰਵਾਸੀਆਂ ਨੂੰ ਆਸਾਂ ਸਨ ਕਿ ਇਹ ਸਰਕਾਰ ਉਹਨਾਂ ਦੀ ਜ਼ਮੀਨ ਜਾਇਦਾਦ ਦੀ ਰਾਖੀ ਲਈ ਵਿਸ਼ੇਸ਼ ਉਪਰਾਲੇ ਕਰੇਗੀ। ਉਹਨਾਂ ਨੂੰ ਬਣਦਾ ਸਰਦਾ ਸਤਿਕਾਰ ਦੇਵੇਗੀ ਪਰ ਕਾਂਗਰਸੀ ਸਰਕਾਰ ਵਲੋਂ ਪ੍ਰਵਾਸੀਆਂ ਦੀ ਐਨ.ਆਰ.ਆਈ. ਸਭਾ ਜਲੰਧਰ ਦੀ ਚੋਣ ਕਰਾਉਣ ਦਾ ਉਪਰਾਲਾ ਤੱਕ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪਰਵਾਸੀ ਸੰਮੇਲਨ, ਜੋ ਹਰ ਵਰ੍ਹੇ ਕਰਵਾਏ ਜਾਂਦੇ ਸਨ, ਅਤੇ ਜਿਸਦੀ ਸ਼ੁਰੂਆਤ ਕਾਂਗਰਸ ਰਾਜ ਵੇਲੇ ਕੀਤੀ ਗਈ ਸੀ, ਕਰਾਉਣ ਦਾ ਉਦਮ ਕੀਤਾ ਜਾ ਰਿਹਾ ਹੈ। ਜਿਹੜੇ ਕਾਨੂੰਨ ਪੰਜਾਬੀ ਪ੍ਰਵਾਸੀਆਂ ਲਈ ਬਣੇ ਹੋਏ ਹਨ, ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਹੇ। ਸਿੱਟੇ ਵਜੋਂ ਪਰਵਾਸੀ ਪੰਜਾਬੀਆਂ ਦੀ ਸਿਆਸੀ ਲੋਕਾਂ, ਸਿਆਸੀ ਪਾਰਟੀਆਂ ਅਤੇ ਇਥੋਂ ਦੇ ਪ੍ਰਾਸ਼ਾਨਿਕ ਪ੍ਰਬੰਧ ਪ੍ਰਤੀ ਉਦਾਸੀਨਤਾ ਦਾ ਵਧਣਾ ਸੁਭਾਵਕ ਹੈ।
2019 ਦੀਆਂ ਲੋਕ ਸਭਾ ਚੋਣਾਂ ‘ਚ ਧਰਮਾਂ, ਵਰਗਾਂ, ਜਾਤਾਂ, ਫਿਰਕਿਆਂ ਅਤੇ ਘੱਟ ਗਿਣਤੀ ਧੜਿਆਂ ਵਿੱਚ ਵੰਡ ਸਾਫ਼ ਦਿਖਾਈ ਦਿੰਦੀ ਹੈ। ਆਰਥਿਕ ਅਪਰਾਧੀ ਅਤੇ ਅਮੀਰ ਵੱਧ ਚੜ੍ਹਕੇ ਚੋਣਾਂ ਲੜ ਰਹੇ ਹਨ। ਕਾਲੇ ਧੰਨ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ। ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ ਵਲੋਂ ਗੈਰ-ਸੰਵਿਧਾਨਿਕ ਅਤੇ ਗੈਰ-ਕਾਨੂੰਨੀ ਛੋਟਾਂ ਅਤੇ ਆਰਥਿਕ ਸਹੂਲਤਾਂ ਕਾਰਨ ਭਾਰਤ ਕਈ ਪੱਖੋਂ ਬਿਮਾਰ ਲੋਕ ਰਾਜ ਦਾ ਨਮੂਨਾ, ਝਲਕਾਰਾ ਅਤੇ ਪ੍ਰਭਾਵ ਦੇਣ ਲੱਗ ਪਿਆ ਹੈ। ਇਸੇ ਕਰਕੇ ਪਰਵਾਸੀ ਭਾਰਤੀ ਆਪਣੇ ਪਿਆਰੇ ਦੇਸ਼ ‘ਚ ਕੁਝ ਸੁਧਾਰ ਲਈ ਤਤਪਰ ਦਿਸਦੇ ਸਨ। ਲਗਭਗ ਡੇਢ ਸੌ ਸਾਲਾਂ ਤੋਂ ਭਾਰਤ ਤੋਂ ਬਾਹਰ ਵਸਦੇ ਅਤੇ ਵਿਚਰਦੇ ਪਰਵਾਸੀ ਅਤੇ ਵਿਦੇਸ਼ੀ ਭਾਰਤੀਆਂ ਦਾ ਇੱਕ ਵਿਸ਼ੇਸ਼ ਵਰਗ ਹੈ, ਜਿਸ ਵਿੱਚ ਵਧੇਰੇ ਮਿਹਨਤਕਸ਼ ਅਤੇ ਕਾਬਲ ਪੰਜਾਬੀਆਂ ਅਤੇ ਧੁਰ-ਪੂਰਬ ਤੇ ਅਫ਼ਰੀਕਾ ਮਹਾਂਦੀਪ ਵਿੱਚ ਵੱਸਦੇ ਅਤੇ ਵਪਾਰ ਕਰਦੇ ਗੁਜਰਾਤੀਆਂ ਦਾ ਹੈ, ਜੋ ਇਸ ਵੇਲੇ ਉਤਰੀ ਅਮਰੀਕਾ, ਯੂਰਪ, ਅਫ਼ਰੀਕਾ ਅਤੇ ਅਸਟਰੇਲੀਆ ਮਹਾਂਦੀਪਾਂ ਦੇ 49 ਦੇਸ਼ਾਂ ਵਿੱਚ ਘੁੱਗ ਵਸਦੇ ਅਤੇ 160 ਦੇਸ਼ਾਂ ਵਿੱਚ ਡੰਗ ਟਪਾਊ ਅਤੇ ਅਸਥਾਈ ਰੁਜ਼ਗਾਰ ਤੇ ਵਪਾਰ ਪੱਖੋਂ ਵਿਚਰਦੇ ਹਨ ਅਤੇ ਜਿਹੜੇ ਆਪਣੀਆਂ ਜੜ੍ਹਾਂ ਅਤੇ ਪਿਤਾ-ਪੁਰਖਾਂ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਧਾਰਮਿਕ ਅਸਥਾਨਾਂ ਨਾਲ ਜੁੜੇ ਹੋਏ ਹਨ।
ਪਰਵਾਸੀ ਪੰਜਾਬੀਆਂ ਪੰਜਾਬ ਦੇ ਵਿਕਾਸ ਪਾਉਣ ਦਾ ਯਤਨ ਕੀਤਾ। ਧਰਮ ਅਸਥਾਨ, ਹਸਪਤਾਲ, ਸੀਵਰੇਜ, ਸਟੇਡੀਅਮ ਆਦਿ ਦੀ ਉਸਾਰੀ ਕਰਾਈ। ਟੂਰਨਾਮੈਂਟ ਕਰਵਾਏ, ਖੇਡਾਂ ਨੂੰ ਉਤਸ਼ਾਹਿਤ ਕੀਤਾ। ਪਰ ਉਹਨਾਂ ਦੀ ਵਿਸ਼ੇਸ਼ ਤਾਂਘ ਆਪਣੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਉਹ ਆਪਣੇ ਪਿੰਡਾਂ ਸ਼ਹਿਰਾਂ ‘ਚ ਉਸੇ ਕਿਸਮ ਦੀਆਂ ਸਹੂਲਤਾਂ, ਨਾਗਰਿਕ ਹੱਕ ਦਵਾਉਣ ਦੇ ਚਾਹਵਾਨ ਹਨ, ਜਿਹਨਾਂ ਨੂੰ ਉਹ ਆਪ ਹੰਢਾ ਰਹੇ ਹਨ। ਇਸੇ ਕਰਕੇ ਉਹ ਆਪਣੇ ਦੇਸ਼ ‘ਚ ਸੁਚੱਜੀ ਸਰਕਾਰ ਦੇ ਚਾਹਵਾਨ ਰਹੇ ਹਨ।
ਪਰ ਕੁਰਸੀਆਂ ਹਥਿਆਉਣ ਲਈ ਹਰ ਹੀਲਾ ਵਰਤਣ ਵਾਲੇ ਨੇਤਾਵਾਂ ਨੇ ਪਿਛਲੇ ਸਮੇਂ ‘ਚ ਪਰਵਾਸੀਆਂ ਦੇ ਸੁਫਨੇ ਚੂਰ-ਚੂਰ ਕੀਤੇ ਹਨ। ਸ਼ਾਇਦ ਇਸੇ ਕਰਕੇ ਪਰਵਾਸੀ ਖਾਸ ਕਰਕੇ ਕੈਨੇਡਾ, ਅਮਰੀਕਾ ਵਸਦੇ ਪ੍ਰਵਾਸੀ ਪੰਜਾਬੀ ”ਗੰਦਲੀ ਭਾਰਤੀ ਸਿਆਸਤ” ਤੋਂ ਮੂੰਹ ਫੇਰ ਬੈਠੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਕੋਈ ਖਾਸ ਦਿਲਚਸਪੀ ਨਹੀਂ ਦਿਖਾ ਰਹੇ।…”ਬਾਅਜ ਆਏ ਐਸੀ ਮੁਹੱਬਤ ਸੇ,ਉਠਾ ਲੇਂ ਪਾਨਦਾਨ ਅਪਨਾ…।”

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …