Breaking News
Home / ਮੁੱਖ ਲੇਖ / ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ

ਸ੍ਰੀ ਗੁਰੂ ਤੇਗ ਬਹਾਦਰ ਜੀ
ਡਾ. ਦੇਵਿੰਦਰ ਪਾਲ ਸਿੰਘ
(ਕਿਸ਼ਤ ਪਹਿਲੀ)
ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ, ਜੋ ਆਪਣੀ ਸਾਦਗੀ, ਧਾਰਮਿਕ ਸੁਭਾਅ, ਦ੍ਰਿੜ੍ਹ ਇਰਾਦੇ ਅਤੇ ਲਾਸਾਨੀ ਕੁਰਬਾਨੀ ਕਾਰਣ ਯਾਦ ਕੀਤੇ ਜਾਂਦੇ ਹਨ। ਮਨੁੱਖੀ ਹੱਕਾਂ ਦੀ ਰਾਖੀ ਲਈ ਉਨ੍ਹਾਂ ਵਲੋਂ ਕੀਤੇ ਗਏ ਬਲੀਦਾਨ ਨੇ ਇਤਿਹਾਸ ਦਾ ਮੁੱਖ ਮੋੜ ਦਿੱਤਾ। ਸਮਕਾਲੀ ਬਾਦਸ਼ਾਹ ਔਰੰਗਜਬ ਦੁਆਰਾ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ ਵਿਰੁੱਧ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕੀਤੀ।
ਬਾਲਕ ਤੇਗ ਬਹਾਦਰ ਦਾ ਜਨਮ 1 ਅਪ੍ਰੈਲ, 1621 ਈਸਵੀ ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਵਿਖੇ, ਪੰਜਾਬ (ਭਾਰਤ) ਦੇ ਪਵਿੱਤਰ ਸਹਿਰ ਅੰਮ੍ਰਿਤਸਰ ਵਿਚ ਹੋਇਆ। ਉਹ ਗੁਰੂ ਹਰਗੋਬਿੰਦ ਜੀ ਦੇ ਪੰਜ ਪੁੱਤਰਾਂ ਵਿਚੋਂ ਸੱਭ ਤੋਂ ਛੋਟੇ ਸਨ। ਉਨ੍ਹਾਂ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟੱਲ ਰਾਏ ਜੀ ਅਤੇ ਇੱਕ ਭੈਣ ਬੀਬੀ ਵੀਰੋ ਜੀ ਸਨ। ਬਚਪਨ ਵਿਚ ਆਪ ਦਾ ਨਾਮ ਤਿਆਗ ਮੱਲ ਰੱਖਿਆ ਗਿਆ।
ਬਾਲਕ ਤਿਆਗ ਮੱਲ ਨੂੰ ਸਿੱਖ ਸਿਧਾਂਤਾਂ ਅਤੇ ਗੁਰਮਤਿ ਅਨੁਸਾਰ ਸੁਯੋਗ ਸਿੱਖਿਆ ਦਿੱਤੀ ਗਈ। ਪ੍ਰਸਿੱਧ ਸਿੱਖ ਵਿਦਵਾਨ ਭਾਈ ਗੁਰਦਾਸ ਤੋਂ ਉਸ ਨੂੰ ਭਾਸ਼ਾਵਾਂ, ਸਮਾਜਿਕ ਵਿਗਿਆਨ ਅਤੇ ਦਰਸ਼ਨ ਸਾਸਤਰ ਦਾ ਗਿਆਨ ਹਾਸਿਲ ਹੋਇਆ। ਤੀਰਅੰਦਾਜ਼ੀ ਅਤੇ ਘੋੜਸਵਾਰੀ ਦੀ ਸਿਖਲਾਈ ਉਸ ਨੇ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ। ਕਿਹਾ ਜਾਂਦਾ ਹੈ ਬਾਲਕ ਤਿਆਗ ਮੱਲ ਨੂੰ ਤਲਵਾਰਬਾਜੀ ਦਾ ਹੁਨਰ ਗੁਰੂ ਹਰਗੋਬਿੰਦ ਜੀ ਨੇ ਆਪ ਸਿਖਾਇਆ ਸੀ।
ਵਰਨਣਯੋਗ ਹੈ ਕਿ ਭਾਈ ਗੁਰਦਾਸ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੇ ਸਹਿਯੋਗੀ ਸਨ, ਜਿਸ ਨੇ ਗੁਰੂ ਜੀ ਦੇ ਹੁਕਮਾਂ ਅਨੁਸਾਰ, ਸਿੱਖਾਂ ਦੇ ਪਵਿੱਤਰ ਧਾਰਮਿਕ ਗ੍ਰੰਥ -”ਆਦਿ ਗ੍ਰੰਥ” ਦਾ ਲੇਖਣ ਕਾਰਜ ਕੀਤਾ। ਉਹ ਆਪਣੇ ਸਮੇਂ ਦੀ ਬਹੁਤ ਹੀ ਵਿਦਵਾਨ ਸਖਸੀਅਤ ਸਨ। ਇੰਝ ਹੀ ਬਾਬਾ ਬੁੱਢਾ ਜੀ ਵੀ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਹੋਏ ਸਨ। ਉਸ ਨੂੰ ਪਹਿਲੇ ਛੇ ਸਿੱਖ ਗੁਰੂਆਂ ਦੀਆਂ ਗੱਦੀ ਨਸੀਨੀ ਰਸਮਾਂ ਨਿਭਾਉਣ ਦਾ ਮਾਣ ਵੀ ਹਾਸਿਲ ਰਿਹਾ।
ਬਚਪਨ ਤੋਂ ਹੀ ਬਾਲਕ ਤਿਆਗ ਮੱਲ ਸਾਂਤ ਸੁਭਾਅ ਦਾ ਸੀ। ਉਹ ਆਪਣੀ ਉਮਰ ਦੇ ਹੋਰ ਮੁੰਡਿਆਂ ਨਾਲ ਬਹੁਤ ਘੱਟ ਹੀ ਖੇਡਦਾ ਅਤੇ ਆਪਣਾ ਬਹੁਤਾ ਸਮਾਂ ਚਿੰਤਨ ਵਿਚ ਬਿਤਾਉਂਦਾ ਸੀ। ਘਰ ਵਿੱਚ ਮੌਜੂਦ ਧਾਰਮਿਕ ਮਾਹੌਲ ਨੇ ਉਸ ਦੀ ਰੁਚੀ ਦਰਸਨ ਸਾਸਤਰਾਂ ਦੇ ਅਧਿਐਨ ਵੱਲ ਪੈਦਾ ਕਰ ਦਿੱਤੀ। ਅਜਿਹੇ ਅਧਿਐਨ ਕਾਰਜਾਂ ਕਾਰਣ ਸੁਭਾਵਿਕ ਹੀ ਸੀ ਕਿ ਉਸ ਵਿਚ ਨਿਸਕਾਮ ਸੇਵਾ ਅਤੇ ਬਲੀਦਾਨ ਦੀ ਭਾਵਨਾ ਭਰਪੂਰ ਜੀਵਨ ਬਸਰ ਕਰਨ ਦਾ ਉੱਤਸਾਹ ਪੈਦਾ ਹੋ ਗਿਆ। ਸੰਨ 1632 ਵਿਚ, ਬਾਲਕ ਤਿਆਗ ਮਲ ਅਜੇ ਗਿਆਰਾਂ ਕੁ ਸਾਲਾਂ ਦੇ ਹੋਏ ਸਨ ਕਿ ਉਸ ਦਾ ਦਾ ਵਿਆਹ ਬੀਬੀ ਗੁਜਰੀ ਜੀ ਨਾਲ ਕਰ ਦਿੱਤਾ ਗਿਆ। ਬੀਬੀ ਗੁਜਰੀ ਦੇ ਪਿਤਾ ਸ੍ਰੀ ਲਾਲ ਚੰਦ ਅਤੇ ਮਾਤਾ ਬੀਬੀ ਬਿਸ਼ਨ ਕੌਰ ਕਰਤਾਰਪੁਰ ਦੇ ਵਾਸੀ ਸਨ। ਬੀਬੀ ਗੁਜਰੀ ਵੀ ਬਹੁਤ ਹੀ ਸ਼ਾਂਤ ਸੁਭਾਅ ਤੇ ਧਾਰਮਿਕ ਬਿਰਤੀ ਦੀ ਮਾਲਿਕ ਸੀ।
ਗੁਰੂ ਪਰਿਵਾਰ ਵਿਚ ਵਧੀਆ ਪਾਲਣ-ਪੋਸਣ ਅਤੇ ਸਿੱਖਿਆ ਪ੍ਰਾਪਤੀ ਸਦਕਾ ਨੌਜਵਾਨ ਤਿਆਗ ਮੱਲ ਬਹਾਦਰ ਤੇ ਉਤਸ਼ਾਹਮਈ ਭਾਵਨਾ ਵਾਲੀ ਸਖਸੀਅਤ ਦਾ ਮਾਲਕ ਬਣ ਗਿਆ। ਅਜੇ ਉਹ ਸਿਰਫ 13 ਸਾਲਾਂ ਦਾ ਹੀ ਸੀ ਜਦੋਂ ਉਸ ਨੂੰ ਆਪਣੀ ਸੈਨਿਕ ਸਿਖਲਾਈ ਦਾ ਹੁਨਰ ਜਾਹਿਰ ਕਰਨ ਦਾ ਮੌਕਾ ਮਿਲਿਆ। ਸੰਨ 1635 ਵਿਚ ਉਸ ਨੇ ਮੁਗਲ ਫੌਜਾਂ ਵਿਰੁੱਧ ਕਰਤਾਰ ਪੁਰ ਦੀ ਲੜਾਈ ਵਿਚ ਭਾਗ ਲਿਆ। ਇਸ ਲੜਾਈ ਵਿਚ ਪੈਂਦਾ ਖਾਨ ਦੀ ਅਗੁਵਾਈ ਵਿਚ ਲੜ ਰਹੀ ਮੁਗਲ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਵਿਚ ਨੋਜਵਾਨ ਤਿਆਗ ਮੱਲ ਨੇ ਤਲਵਾਰਬਾਜੀ ਦੇ ਜੋ ਜੌਹਰ ਦਿਖਾਏ, ਉਸ ਦੀ ਮੱਦੇਨਜਰ ਬਾਲਕ ਤਿਆਗ ਮੱਲ ਨੂੰ ਤੇਗ ਬਹਾਦਰ ਦੇ ਨਾਮ ਨਾਲ ਬੁਲਾਇਆ ਜਾਣ ਲੱਗ ਪਿਆ।
ਸੰਨ 1644 ਵਿਚ, ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਤੁਰੰਤ ਬਾਅਦ, ਮਾਤਾ ਨਾਨਕੀ ਜੀ, ਤੇਗ ਬਹਾਦਰ ਜੀ ਅਤੇ ਬੀਬੀ ਗੁਜਰੀ ਨੂੰ ਬਿਆਸ ਦਰਿਆ ਨੇੜੇ ਵਸੇ ਆਪਣੇ ਪੇਕੇ ਪਿੰਡ ਬਕਾਲਾ ਲੈ ਗਏ। ਕੁਝ ਇਤਹਾਸਕਾਰਾਂ ਅਨੁਸਾਰ ਭਾਈ ਮਹਿਰਾ, ਜੋ ਗੁਰੂ ਹਰਿਗੋਬਿੰਦ ਜੀ ਦੇ ਸ਼ਰਧਾਲੂ ਸਨ, ਨੇ ਤੇਗ ਬਹਾਦਰ ਜੀ ਲਈ ਇਕ ਘਰ ਬਣਵਾਇਆ। ਜਿੱਥੇ ਉਨ੍ਹਾਂ ਅਗਲੇ ਵੀਹ ਵਰ੍ਹੇ ਸਾਂਤੀ ਭਰਪੂਰ ਸਾਧਾਰਨ ਜੀਵਨ ਜੀਵਿਆ।
ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਤੇਗ ਬਹਾਦਰ ਜੀ ਨੇ ਬਕਾਲੇ ਵਿਖੇ ਆਪਣੇ ਘਰ ਵਿਚ ਭੋਰਾ ਬਣਵਾਇਆ ਹੋਇਆ ਸੀ ਜਿਸ ਵਿਚ ਉਹ ਅਕਸਰ ਇਕਾਂਤਮਈ ਹਾਲਾਤ ਵਿਚ ਪ੍ਰਭੂ ਸਿਮਰਨ ਕਰਦੇ ਸਨ। ਜੋ ਕਿ ਇਕ ਬਿਲਕੁਲ ਹੀ ਗ਼ਲਤ ਧਾਰਨਾ ਹੈ। ਦਰਅਸਲ ਤੇਗ ਬਹਾਦਰ ਜੀ ਦੀ ਪ੍ਰਭੂ-ਪਿਆਰ ਤੇ ਸਿਮਰਨ ਦੀ ਰੁਚੀ ਨੂੰ ਗਲਤ ਰੂਪ ਵਿਚ ਸਮਝਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਹੀ ਸਮੇਂ ਤੋਂ ਸਿੱਖ ਸਮੁਦਾਇ ਵਿਚ ਪ੍ਰਭੂ ਪਿਆਰ ਤੇ ਸਿਮਰਨ ਦੀ ਪਰੰਪਰਾ ਸਥਾਪਿਤ ਹੋ ਚੁੱਕੀ ਸੀ। ਇਸ ਪਰੰਪਰਾ ਅਨੁਸਾਰ ਅਧਿਆਤਮਕ ਵਿਕਾਸ ਦੇ ਨਾਲ ਨਾਲ ਨਿਸਕਾਮ ਮਾਨਵੀ ਸੇਵਾ ਦਾ ਵੀ ਬਹੁਤ ਮਹੱਤਵ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ:
ਸਚਿ ਸਿਮਰਿਐ ਹੋਵੈ ਪਰਗਾਸੁ ॥ (ਮ. 1, ਸਗਗਸ, ਪੰਨਾ 661)
ਭਾਵ: ਪ੍ਰਭੂ ਨਾਲ ਪਿਆਰ ਤੇ ਨਾਮ ਸਿਮਰਨ ਰਾਹੀਂ ਆਤਮ-ਪ੍ਰਕਾਸ਼ (ਅਧਿਅਤਮਕ ਵਿਕਾਸ) ਹੁੰਦਾ ਹੈ।
ਸੁਖੁ ਹੋਵੈ ਸੇਵ ਕਮਾਣੀਆ ॥ (ਮ. 1, ਸਗਗਸ, ਪੰਨਾ 25)
ਭਾਵ: ਨਿਸਕਾਮ ਸੇਵਾ ਕਰਨ ਨਾਲ ਮਨ ਦੀ ਸਾਂਤੀ ਪ੍ਰਾਪਤ ਹੁੰਦੀ ਹੈ। ਤੇਗ ਬਹਾਦੁਰ ਜੀ ਨੇ ਆਪਣੇ ਇਕਾਂਤਵਾਸ ਦੇ ਲੰਮੇ ਅਰਸੇ ਦੌਰਾਨ ਪ੍ਰਭੂ-ਸਿਮਰਨ, ਨਿਸਕਾਮ ਸੇਵਾ ਅਤੇ ਸਵੈ-ਕੁਰਬਾਨੀ ਦੀਆਂ ਭਾਵਨਾਵਾਂ ਨੂੰ ਪ੍ਰਬਲ ਕਰਦੇ ਹੋਏ ਭਾਣਾ ਮੰਨਣ ਦੀ ਨੈਤਿਕ ਅਤੇ ਰੂਹਾਨੀ ਹਿੰਮਤ ਪ੍ਰਾਪਤ ਕਰ ਲਈ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਹਰ ਰਾਏ ਜੀ ਨੂੰ ਗੁਰਗੱਦੀ ਬਖਸ਼ੀ ਤਾਂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰ ਰਾਏ ਜੀ ਨੂੰ ਮੱਥਾ ਟੇਕਿਆ। ਉਨ੍ਹਾਂ ਕਦੇ ਵੀ ਆਪਣੇ ਪਿਤਾ (ਗੁਰੂ) ਜੀ ਦੀ ਮਰਜ਼ੀ ਦੀ ਵਿਰੋਧਤਾ ਨਹੀਂ ਕੀਤੀ।
ਬਾਬਾ ਬਕਾਲਾ ਵਿਖੇ ਨਿਵਾਸ ਦੋਰਾਨ, ਤੇਗ ਬਹਾਦਰ ਜੀ ਕਈ ਪਵਿੱਤਰ ਅਤੇ ਇਤਿਹਾਸਕ ਸਥਾਨਾਂ ਜਿਵੇਂ ਕਿ ਗੋਇੰਦਵਾਲ, ਕੀਰਤਪੁਰ ਸਾਹਿਬ, ਹਰਿਦੁਆਰ, ਪ੍ਰਯਾਗ, ਮਥੁਰਾ, ਆਗਰਾ, ਕਾਸ਼ੀ (ਬਨਾਰਸ) ਅਤੇ ਗਯਾ ਵਿਖੇ ਧਾਰਮਿਕ ਪ੍ਰਚਾਰ ਲਈ ਗਏ। ਭਾਈ ਜੇਠਾ ਜੀ, ਜੋ ਗੁਰੂ ਘਰ ਦੇ ਵੱਡੇ ਸਰਧਾਲੂ ਸਨ, ਤੇਗ ਬਹਾਦਰ ਜੀ ਨੂੰ ਪਟਨਾ ਲੈ ਗਏ। ਇਥੇ ਉਨ੍ਹਾਂ ਨੇ ਸ੍ਰੀ ਗੁਰੂ ਹਰ ਰਾਏ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣੀ, ਤਦ ਹੀ ਉਨ੍ਹਾਂ ਕੀਰਤਪੁਰ ਸਾਹਿਬ ਵਾਪਸ ਜਾਣ ਦਾ ਫੈਸਲਾ ਕੀਤਾ। ਵਾਪਸ ਪਰਤਦਿਆਂ ਉਹ 21 ਮਾਰਚ 1664 ਨੂੰ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਨੂੰ ਰਾਜਾ ਜੈ ਸਿੰਘ ਦੇ ਘਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਗਮਨ ਦਾ ਪਤਾ ਲਗਾ। ਦਿੱਲੀ ਵਿਖੇ ਉਨ੍ਹਾਂ, ਆਪਣੀ ਮਾਤਾ ਜੀ ਤੇ ਹੋਰ ਸਰਧਾਲੂ ਸਿੱਖਾਂ ਦੇ ਸਾਥ ਵਿਚ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਹਰ ਰਾਏ ਜੀ ਦੇ ਅਕਾਲ ਚਲਾਣੇ ਸੰਬੰਧੀ, ਗੁਰੂ ਸਾਹਿਬ ਤੇ ਉਨ੍ਹਾਂ ਦੀ ਮਾਤਾ ਕ੍ਰਿਸ਼ਨ ਕੌਰ ਪ੍ਰਤੀ ਡੂੰਘੀ ਹਮਦਰਦੀ ਜ਼ਾਹਿਰ ਕੀਤੀ। ਇਸ ਪਿੱਛੋਂ ਉਹ ਬਕਾਲਾ (ਪੰਜਾਬ) ਲਈ ਰਵਾਨਾ ਹੋ ਗਏ। ਤੇਗ ਬਹਾਦਰ ਜੀ ਦੇ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਨਿਯੁਕਤ ਹੋਣ ਪਿੱਛੇ ਇਕ ਬਹੁਤ ਹੀ ਦਿਲਚਸਪ ਕਹਾਣੀ ਹੈ। ਨੌਵੇਂ ਗੁਰੂ, ਗੁਰੂ ਹਰ ਕ੍ਰਿਸ਼ਨ ਜੀ ਨੇ ਅਕਾਲ ਚਲਾਣੇ ਤੋਂ ਪਹਿਲਾਂ ਅਗਲੇ ਗੁਰੂ ਬਾਰੇ ਬਸ ਦੋ ਸ਼ਬਦ ”ਬਾਬਾ ਬਕਾਲਾ” ਹੀ ਉਚਾਰੇ। ਖ਼ਬਰ ਸੁਣਦਿਆਂ ਹੀ ਬਕਾਲੇ ਵਿਖੇ ਗੁਰਗੱਦੀ ਦੇ ਚਾਹਵਾਨ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਆਪ ਨੂੰ ਗੁਰੂ ਘੋਸਿਤ ਕਰ ਲਿਆ। ਉਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਧੀਰ ਮੱਲ ਸੀ, ਜੋ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦਾ ਇਕਲੌਤਾ ਸਿੱਧਾ ਵੰਸ਼ਜ ਸੀ। ਇਹ ਉਹ ਵਿਅਕਤੀ ਸੀ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ ਸੀ। ਇਸ ਸਥਿਤੀ ਨੇ ਕਈ ਮਹੀਨਿਆਂ ਤਕ ਸਾਧਾਰਣ ਸਿੱਖ ਸ਼ਰਧਾਲੂਆਂ ਨੂੰ ਉਲਝਣ ਵਿਚ ਪਾਈ ਰੱਖਿਆ। ਅਗਸਤ 1664 ਦੇ ਮਹੀਨੇ, ਦਿੱਲੀ ਤੋਂ ਕੁਝ ਪ੍ਰਮੁੱਖ ਸਿੱਖਾਂ ਦੀ ਅਗਵਾਈ ਹੇਠ ਸਿੱਖ ਸੰਗਤ, ਪਿੰਡ ਬਕਾਲਾ ਵਿਖੇ ਪਹੁੰਚੀ ਅਤੇ ਉਨ੍ਹਾਂ ਤੇਗ ਬਹਾਦਰ ਜੀ ਨੂੰ ਨੌਵੇਂ ਸਿੱਖ ਗੁਰੂ ਵਜੋਂ ਮੰਨਿਆ। ਪਰ ਬਕਾਲੇ ਪਿੰਡ ਵਿਖੇ ਮਾਹੌਲ ਪਹਿਲਾਂ ਵਾਂਗ ਹੀ ਬਣਿਆ ਰਿਹਾ। (ਗੁਰੂ) ਤੇਗ ਬਹਾਦੁਰ ਜੀ ਨੇ ਸਿੱਖ ਗੁਰੂ ਪ੍ਰੰਪਰਾ ਦੇ ਅਧਿਆਤਮਿਕ ਉਤਰਾਧਿਕਾਰੀ ਦੀ ਪੱਦਵੀ ਨੂੰ ਸਵੀਕਾਰ ਤਾਂ ਕੀਤਾ ਪਰ ਉਨ੍ਹਾਂ ਗੁਰਗੱਦੀ ਦੇ ਹੋਰ ਦਾਅਵੇਕਾਰਾਂ ਨਾਲ ਵਿਵਾਦ ਵਿਚ ਪੈਣਾ ਪਸੰਦ ਨਾ ਕੀਤਾ। ਉਹ ਇਕਾਂਤਵਾਸ ਵਿਚ ਪ੍ਰਭੂ ਭਗਤੀ ਵਿਚ ਲੀਨ ਹੀ ਰਹੇ।
ਤਦ ਹੀ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਸ ਵਿਵਾਦ ਨੂੰ ਸਦਾ ਲਈ ਫ਼ੈਸਲਾਕੁੰਨ ਰੂਪ ਵਿਚ ਬਦਲ ਦਿੱਤਾ। ਇਕ ਦਿਨ, ਟਾਂਡਾ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ ਵਿੱਚ) ਦਾ ਇੱਕ ਅਮੀਰ ਵਪਾਰੀ ਮੱਖਣ ਸ਼ਾਹ ਲੁਬਾਣਾ, ਬਕਾਲਾ ਵਿਖੇ, ਗੁਰੂ ਸਾਹਿਬ ਦੇ ਦਰਸਨ ਕਰਨ ਅਤੇ ਭੇਟ ਵਜੋਂ 500 ਸੋਨੇ ਦੀਆਂ ਮੁਹਰਾਂ ਲੈ ਕੇ ਆਇਆ। ਪ੍ਰਚਲਤ ਗਾਥਾ ਅਨੁਸਾਰ, ਇਸ ਤੋਂ ਪਹਿਲਾਂ ਉਸ ਦਾ ਮਾਲ ਨਾਲ ਭਰਿਆ ਸਮੁੰਦਰੀ ਜਹਾਜ ਤੂਫਾਨ ਵਿਚ ਫਸ ਗਿਆ ਸੀ। ਉਸ ਨੇ ਜਹਾਜ ਦੀ ਸਲਾਮਤੀ ਲਈ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਜਿਸ ਦੇ ਉਪਰੰਤ ਉਸਦਾ ਜਹਾਜ਼ ਸਮੁੰਦਰੀ ਤੂਫਾਨ ਵਿਚੋਂ ਸਹੀ ਸਲਾਮਤ ਬਾਹਰ ਨਿਕਲ ਆਇਆ। ਉਸਨੇ ਗੁਰੂ ਪ੍ਰਤਿ ਸਰਧਾ ਤੇ ਧੰਨਵਾਦ ਦੀ ਭਾਵਨਾ ਵਜੋਂ 500 ਸੋਨੇ ਦੀਆਂ ਮੋਹਰਾਂ ਪੇਸ਼ ਕਰਨ ਦਾ ਮਨ ਬਣਾਇਆ। ਜਦੋਂ ਮੱਖਣ ਸਾਹ ਲੁਬਾਣਾ ਆਪਣੀ ਸਰਧਾ ਭਾਵਨਾ ਦੀ ਪੂਰਤੀ ਲਈ ਰਵਾਨਾ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਅਗਲੇ ਗੁਰੂ ਬਾਰੇ ”ਬਾਬਾ ਬਕਾਲਾ” ਕਹਿ ਕੇ ਅਕਾਲ ਚਲਾਣਾ ਕਰ ਗਏ ਸਨ । ਤਾਂ ਉਹ ਪਿੰਡ (ਬਾਬਾ) ਬਕਾਲਾ ਲਈ ਤੁਰ ਪਿਆ। ਬਕਾਲੇ ਪਿੰਡ ਵਿਖੇ ਪਹੁੰਚ ਕੇ ਉਸ ਨੂੰ ਗੁਰੂ ਪਦ ਦੇ ਬਹੁਤ ਸਾਰੇ ਦਾਅਵੇਦਾਰਾਂ ਦਾ ਪਤਾ ਲੱਗਾ। ਸਾਰਿਆਂ ਨੇ ਅਸਲ ‘ਗੁਰੂ’ ਹੋਣ ਦਾ ਦਾਅਵਾ ਕੀਤਾ। ਉਸ ਨੇ ਉਨ੍ਹਾਂ ਸਾਰੇ ਦਾਅਵੇਦਾਰ ਗੁਰੂਆਂ ਨੂੰ ਸਿਰਫ ਦੋ ਮੋਹਰਾਂ ਪ੍ਰਤੀ ਗੁਰੂ ਭੇਂਟ ਕੀਤੀਆਂ ਜੋ ਉਨ੍ਹਾਂ ਸਾਰਿਆਂ ਨੇ ਖੁਸੀ ਖੁਸੀ ਸਵੀਕਾਰ ਕਰ ਲਈਆਂ।
(ਚਲਦਾ)
drdpsn@gmail.

Check Also

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦੀ ਪ੍ਰਸੰਗਿਕਤਾ

ਤਲਵਿੰਦਰ ਸਿੰਘ ਬੁੱਟਰ ਸੰਸਾਰ ਇਤਿਹਾਸ ਵਿਚ ਆਪਣੇ ਅਕੀਦੇ ਅਤੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ …