ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਨੌਦੀਪ ਨੂੰ ਮਿਲਣ ਤੋਂ ਰੋਕਿਆ
ਨਵੀਂ ਦਿੱਲੀ : ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਨੌਦੀਪ ਖਿਲਾਫ ਕੁੱਲ ਤਿੰਨ ਕੇਸ ਦਰਜ ਹਨ। ਜਬਰੀ ਵਸੂਲੀ ਲਈ ਦਰਜ ਕੇਸ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਸੋਨੀਪਤ ਦੀ ਸੈਸ਼ਨ ਅਦਾਲਤ ਨੇ ਨੌਦੀਪ ਕੌਰ ਨੂੰ ਜਿਸ ਕੇਸ ਵਿੱਚ ਜ਼ਮਾਨਤ ਦਿੱਤੀ ਹੈ, ਉਹ ਆਈਪੀਸੀ ਦੀਆਂ ਧਾਰਾਵਾਂ 148, 149, 323, 452, 384 ਤੇ 506 ਤਹਿਤ ਦਰਜ ਕੀਤਾ ਗਿਆ ਸੀ। ਨੌਦੀਪ ਕੌਰ ਦੀ ਵਕਾਲਤ ਐਡਵੋਕੇਟ ਜਤਿੰਦਰ ਕੁਮਾਰ ਨੇ ਕੀਤੀ ਤੇ ਆਪਣੀਆਂ ਦਲੀਲਾਂ ਨਾਲ ਅਦਾਲਤ ਨੂੰ ਜ਼ਮਾਨਤ ਦੇਣ ਲਈ ਰਾਜ਼ੀ ਕੀਤਾ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨੌਦੀਪ ਨੂੰ ਤੀਜੇ ਕੇਸ ਵਿੱਚ ਵੀ ਜ਼ਮਾਨਤ ਮਿਲ ਜਾਵੇਗੀ। ਇਸ ਦੌਰਾਨ ਹਰਿਆਣਾ ਦੀ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੂੰ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨੌਦੀਪ ਪਿਛਲੇ ਇਕ ਮਹੀਨੇ ਤੋਂ ਕਰਨਾਲ ਜੇਲ੍ਹ ਵਿੱਚ ਹਿਰਾਸਤ ਤਹਿਤ ਬੰਦ ਹੈ। ਕਮਿਸ਼ਨ ਦੇ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ‘ਚ ਫੋਨ ਕੀਤਾ ਤੇ ਕਿਹਾ ਕਿ ਗੁਲਾਟੀ ਨੂੰ ਨੌਦੀਪ ਨਾਲ ਮੁਲਾਕਾਤ ਲਈ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੋਵੇਗੀ। ਹਰਿਆਣਾ ਸਰਕਾਰ ਨੇ ਨੌਦੀਪ ਤੇ ਹੋਰਨਾਂ ਨੂੰ 12 ਜਨਵਰੀ ਨੂੰ ਕਿਸਾਨ ਅੰਦੋਲਨ ਲਈ ਪ੍ਰਦਰਸ਼ਨ ਕਰਦਿਆਂ ਗ੍ਰਿਫ਼ਤਾਰ ਕੀਤਾ ਸੀ। ਉਸ ਖਿਲਾਫ ਇਰਾਦਾ ਕਤਲ ਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …