ਦਿੱਲੀ ਪੁਲਿਸ ਦਾ ਦਾਅਵਾ : ਦਿਸ਼ਾ ਨੇ ਨਿਕਿਤਾ ਤੇ ਸ਼ਾਂਤਨੂੰ ਨਾਲ ਮਿਲ ਕੇ ਬਣਾਈ ਟੂਲਕਿੱਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਨੇ ‘ਟੂਲਕਿੱਟ’ ਦਸਤਾਵੇਜ਼ ਮਾਮਲੇ ‘ਚ ਦੋ ਸ਼ੱਕੀ ਵਿਅਕਤੀਆਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਨਿਕਿਤਾ ਜੈਕਬ ਤੇ ਸ਼ਾਂਤਨੂੰ ਖ਼ਿਲਾਫ਼ ਇਹ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪਿਛਲੇ ਦਿਨੀਂ 21 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਨੇ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਉਹ ਪੁਲਿਸ ਰਿਮਾਂਡ ‘ਤੇ ਹੈ। ਪੁਲਿਸ ਨੇ ਦਾਅਵਾ ਕੀਤਾ ਗਿਆ ਹੈ ਕਿ ਦਿਸ਼ਾ ਰਵੀ, ਵਕੀਲ ਨਿਕਿਤਾ ਜੈਕਬ ਤੇ ਸ਼ਾਂਤਨੂੰ ‘ਟੂਲਕਿੱਟ’ ਦੇ ਸਿਰਜਕ ਸਨ ਤੇ ਇਹ ਵੀ ਦਾਅਵਾ ਕੀਤਾ ਕਿ ਇਹ ਦੇਸ਼ ਖਿਲਾਫ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਪੁਲਿਸ ਨੇ ਦੱਸਿਆ ਗਿਆ ਕਿ ਦਿਸ਼ਾ ਰਵੀ ਨੇ ਨਿਕਿਤਾ ਜੈਕਬ ਤੇ ਸ਼ਾਂਤਨੂੰ ਨਾਲ ਮਿਲ ਕੇ ‘ਟੂਲਕਿੱਟ’ ਬਣਾਈ ਤੇ ਦੂਜਿਆਂ ਨੂੰ ਭੇਜੀ ਅਤੇ ਨਿਕਿਤਾ ਜੈਕਬ ਟੂਲਕਿੱਟ ਦਸਤਾਵੇਜ਼ ਦੀ ਇਕ ਸੰਪਾਦਕ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਜੈਕਬ ਤੇ ਸ਼ਾਂਤਨੂੰ ਖਾਲਿਸਤਾਨੀ ਪੱਖੀ ਗਰੁੱਪ ਪੋਇਟਿਕ ਜਸਟਿਸ ਫਾਊਂਡੇਸ਼ਨ ਵੱਲੋਂ 11 ਜੂਨ ਨੂੰ ਕਰਵਾਈ ਗਈ ਜ਼ੂਮ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਪੁਲਿਸ ਮੁਤਾਬਕ ਦਿਸ਼ਾ ਨੇ ਇਕ ਵੱਟਸਐੱਪ ਗਰੁੱਪ ਵੀ ਹਟਾ ਦਿੱਤਾ ਸੀ ਜਿਸ ਨੂੰ ਉਸ ਨੇ ਟੂਲਕਿੱਟ ਭੇਜਣ ਲਈ ਬਣਾਇਆ ਸੀ। ਪੁਲਿਸ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਲਈ ਲੋੜੀਂਦੀ ਪ੍ਰਕਿਰਿਆ ਨਾ ਅਪਣਾਉਣ ਸਬੰਧੀ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਹੈ ਉਸ ਨੂੰ ਨੇਮਾਂ ਦੀ ਪਾਲਣਾ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਦਿਸ਼ਾ ਨੂੰ ਉਸ ਦੀ ਮਾਂ, ਬੰਗਲੂਰੂ ‘ਚ ਸਥਾਨਕ ਥਾਣੇ ਦੇ ਐੱਸਐੱਚਓ ਦੀ ਮੌਜੂਦਗੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਿਸ਼ਾ ਦੇ ਹੱਕ ਵਿਚ ਦੇਸ਼-ਵਿਦੇਸ਼ ‘ਚ ਉਠੀ ਆਵਾਜ਼
ਮੀਨਾ ਹੈਰਿਸ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ
ਨਵੀਂ ਦਿੱਲੀ : ‘ਟੂਲਕਿੱਟ’ ਮਾਮਲੇ ‘ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਦੇਸ਼ ਵਿਦੇਸ਼ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਜਦਕਿ ਭਾਰਤ ‘ਚ ਵਿਰੋਧੀ ਧਿਰ ਨੇ ਇਸ ਕਾਰਵਾਈ ਨੂੰ ਲੋਕਤੰਤਰ ‘ਤੇ ਹਮਲਾ ਕਰਾਰ ਦਿੱਤਾ ਹੈ। ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਕਿ ਭਾਰਤੀ ਅਧਿਕਾਰੀਆਂ ਨੇ ਇੱਕ ਹੋਰ ਨੌਜਵਾਨ ਮਹਿਲਾ ਕਾਰਕੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਕਿਉਂਕਿ ਉਸ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ‘ਚ ਸੋਸ਼ਲ ਮੀਡੀਆ ‘ਤੇ ਇੱਕ ਟੂਲਕਿੱਟ ਸਾਂਝੀ ਕੀਤੀ ਸੀ। ਭਾਰਤੀ ਮੂਲ ਦੀ ਕੈਨੇਡੀਅਨ ਕਵਿੱਤਰੀ ਤੇ ਲੇਖਿਕਾ ਰੂਪੀ ਕੌਰ ਨੇ ਵੀ ਦਿਸ਼ਾ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿਸ਼ਾ ਦੀ ਗ੍ਰਿਫਤਾਰੀ ਨਾਲ ਜੁੜੀ ਖਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਸੱਚ ਜ਼ਿੰਦਾ ਹੈ ਅਬ ਤੱਕ! ਉਹ ਡਰੇ ਹੋਏ ਹਨ, ਦੇਸ਼ ਨਹੀਂ। ਭਾਰਤ ਚੁੱਪ ਰਹਿਣ ਵਾਲਾ ਨਹੀਂ ਹੈ।’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ’21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ‘ਤੇ ਹਮਲਾ ਹੈ। ਕਿਸਾਨਾਂ ਦੀ ਹਮਾਇਤ ਕਰਨਾ ਜੁਰਮ ਨਹੀਂ ਹੈ।’ ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਨੇ ਕਿਹਾ, ‘ਮੈਨੂੰ ਲੋਕਤੰਤਰ ਦੀ ਚਿੰਤਾ ਹੋ ਰਹੀ ਹੈ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਦੌਰ ‘ਚੋਂ ਲੰਘ ਰਿਹਾ ਹੈ।’ ਕਾਂਗਰਸ ਆਗੂ ਪੀ ਚਿਦੰਬਰਮ ਨੇ ਵਿਅੰਗ ਕਰਦਿਆਂ ਟਵੀਟ ਕੀਤਾ, ‘ਜੇਕਰ ਮਾਊਂਟ ਕਾਰਮਲ ਕਾਲਜ ਤੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੇਸ਼ ਲਈ ਖਤਰਾ ਬਣ ਗਈ ਹੈ ਤਾਂ ਭਾਰਤ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਕਮਜ਼ੋਰ ਬੁਨਿਆਦ ‘ਤੇ ਖੜ੍ਹਾ ਹੈ। ਚੀਨੀ ਸੈਨਿਕਾਂ ਵੱਲੋਂ ਭਾਰਤੀ ਖੇਤਰ ‘ਚ ਘੁਸਪੈਠ ਮੁਕਾਬਲੇ ਕਿਸਾਨਾਂ ਦੀ ਹਮਾਇਤ ਕਰਨ ਲਈ ਲਿਆਂਦੀ ਗਈ ਇੱਕ ਟੂਲਕਿੱਟ ਵੱਧ ਖਤਰਨਾਕ ਹੈ।’ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਇਹ ਨਿਊ ਇੰਡੀਆ ਦੀ ਤਾਨਾਸ਼ਾਹੀ ਹੈ ਜਿਸ ਨੂੰ ਅਮਿਤ ਸ਼ਾਹੀ ਕਿਹਾ ਜਾਂਦਾ ਹੈ। ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਬੰਦੂਕਾਂ ਵਾਲੇ ਇੱਕ ਨਿਹੱਥੀ ਕੁੜੀ ਤੋਂ ਡਰਦੇ ਹਨ।’ ਸੀਪੀਆਈ (ਐੱਮ) ਨੇ ਕਿਹਾ ਕਿ ਸਰਕਾਰ ਨੂੰ ਸਮਾਜਿਕ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ ਤੇ ਦਿਸ਼ਾ ਰਵੀ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਫਿਲਮ ਅਦਾਕਾਰਾਂ ਨੇ ਵੀ ਦਿਸ਼ਾ ਦੀ ਗ੍ਰਿਫ਼ਤਾਰੀ ਖਿਲਾਫ ਆਵਾਜ਼ ਚੁੱਕੀ ਹੈ।
ਦਿਸ਼ਾ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ : ਦਿੱਲੀ ਪੁਲਿਸ ਦਾ ਦਾਅਵਾ
ਨਵੀਂ ਦਿੱਲੀ : ਦਿੱਲੀ ਪੁਲਿਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਨੇ ਕਿਹਾ ਕਿ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ ਕੀਤੀ ਗਈ ਹੈ ਜੋ 22 ਸਾਲਾਂ ਜਾਂ 50 ਸਾਲਾਂ ਵਿਅਕਤੀ ‘ਚ ਕੋਈ ਫ਼ਰਕ ਨਹੀਂ ਕਰਦਾ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀਵਾਸਤਵ ਨੇ ਕਿਹਾ ਕਿ ਇਹ ਗੱਲ ਗਲਤ ਹੈ ਜਦੋਂ ਲੋਕ ਇਹ ਆਖਦੇ ਹਨ ਕਿ 22 ਸਾਲਾਂ ਕਾਰਕੁਨ ਦੀ ਗ੍ਰਿਫ਼ਤਾਰੀ ‘ਚ ਕੁਝ ਊਣਤਾਈਆਂ ਸਨ। ਦਿਸ਼ਾ ਰਵੀ ਨੂੰ ਪਿਛਲੇ ਦਿਨੀਂ ਬੰਗਲੌਰ ਤੋਂ ਟੂਲਕਿਟ ਕੇਸ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਟੂਲਕਿਟ ਕੇਸ ‘ਚ ਆਪਣੀ ਜਾਂਚ ‘ਚ ਤੇਜ਼ੀ ਲਿਆਉਂਦਿਆਂ ਦਿੱਲੀ ਪੁਲਿਸ ਨੇ ਵੀਡੀਓ ਕਾਨਫਰੰਸਿੰਗ ਪਲੈਟਫਾਰਮ- ਜ਼ੂਮ ਤੋਂ 11 ਜਨਵਰੀ ਨੂੰ ਖਾਲਿਸਤਾਨ ਪੱਖੀ ਇੱਕ ਗੁੱਟ ਵੱਲੋਂ ਕੀਤੀ ਗਈ ਮੀਟਿੰਗ ‘ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੇ ਵੇਰਵੇ ਮੰਗੇ ਹਨ ਜਦਕਿ ਫੰਡਿੰਗ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਵੱਲੋਂ ਦਿਸ਼ਾ ਦੀ ਗ੍ਰਿਫ਼ਤਾਰੀ ਦੀ ਨਿੰਦਾ
ਦਿੱਲੀ ਦੇ ਵਿਧਾਇਕ ਤੇ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ ਪੁੱਛਿਆ ਕਿ 21 ਸਾਲ ਦੀ ਧੀ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਹੈ ਇਹ ਨਹੀਂ ਦੱਸਿਆ ਗਿਆ। ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 56 ਇੰਚ ਦਾ ਸੀਨਾ ਰੱਖਣ ਵਾਲੀ ਸਰਕਾਰ ਇਕ ਟਵੀਟ ਤੋਂ ਹਿੱਲ ਗਈ ਜਦਕਿ ਉਸ ਕੋਲ ਪ੍ਰਚੰਡ ਬਹੁਮੱਤ ਹੈ। ਉੱਧਰ ਰਾਬਰਟ ਵਾਡਰਾ ਨੇ ਕਿਹਾ ਕਿ ਦਿਸ਼ਾ ਨੇ ਕਿਸਾਨਾਂ ਦੀ ਹਾਲਤ ਦੇਖੀ ਹੋਵੇਗੀ ਕਿ ਉਹ 80 ਦਿਨ ਤੋਂ ਜ਼ਿਆਦਾ ਸਮੇਂ ਤੋਂ ਮੰਗਾਂ ਲਈ ਬੈਠੇ ਹਨ। ‘ਬੇਟੀ-ਪੜ੍ਹਾਓ-ਬੇਟੀ ਬਚਾਓ’ ਆਖਣ ਵਾਲੇ ਹੁਣ ਧੀਆਂ ਦੀ ਆਵਾਜ਼ ਦਬਾ ਰਹੇ ਹਨ।
ਨੌਂ ਸਾਲਾ ਕਾਰਕੁਨ ਵੱਲੋਂ ਆਵਾਜ਼ ਬੁਲੰਦ
ਨੌਂ ਸਾਲਾ ਵਾਤਾਵਰਨ ਕਾਰਕੁਨ ਲਿਸੀਪ੍ਰਿਆ ਕਾਂਗੁਜਮ ਨੇ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੜਕੀਆਂ ਤੇ ਮਹਿਲਾਵਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਉਸ ਨੇ ਕਿਹਾ, ‘ਇਹ ਇਸ ਦੇਸ਼ ‘ਚ ਨੌਜਵਾਨ ਲੜਕੀਆਂ ਤੇ ਔਰਤਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ ਪਰ ਇਸ ਨਾਲ ਅਸੀਂ ਰੁਕਾਂਗੇ ਨਹੀਂ। ਅਸੀਂ ਆਪਣੀ ਧਰਤੀ ਤੇ ਭਵਿੱਖ ਲਈ ਲੜਨਾ ਜਾਰੀ ਰੱਖਾਂਗੇ।’
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …