Breaking News
Home / ਭਾਰਤ / ਜਿਸ ਨੂੰ ਲੱਭਿਆ ਗਲੀ-ਗਲੀ ਉਹ ‘ਗੁਆਂਢ’ ਵਿਚ ਮਿਲੀ

ਜਿਸ ਨੂੰ ਲੱਭਿਆ ਗਲੀ-ਗਲੀ ਉਹ ‘ਗੁਆਂਢ’ ਵਿਚ ਮਿਲੀ

ਹਨੀਪ੍ਰੀਤ ਦੀ ਚੰਡੀਗੜ੍ਹ ਨੇੜੇ ਜ਼ੀਰਕਪੁਰ ਤੋਂ ਹੋਈ ਗ੍ਰਿਫਤਾਰੀ
ਹਨੀਪ੍ਰੀਤ ਨੂੰ ਪਨਾਹ ਦੇਣ ਵਾਲਿਆਂ ਨੂੂੰ ਵੀ ਨਹੀਂ ਬਖਸ਼ਿਆ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਨੇੜੇ ਜ਼ੀਰਕਪੁਰ ਤੋਂ ਇਕ ਹੋਰ ਔਰਤ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੰਚਕੂਲਾ ਪੁਲਿਸ ਦੀ ਟੀਮ ਨੇ ਹਨੀਪ੍ਰੀਤ ਨੂੰ ਪੰਜਾਬ ਪੁਲਿਸ ਦੀ ਮੱਦਦ ਨਾਲ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਨੇ ਹਨੀਪ੍ਰੀਤ ਦੀ ਗ੍ਰਿਫਤਾਰੀ ਬਾਰੇ ਪੁਸ਼ਟੀ ਕਰ ਦਿੱਤੀ ਹੈ। ਹਨੀਪ੍ਰੀਤ ਨਾਲ ਇਕ ਹੋਰ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਬਾਰੇ ਪੁਲਿਸ ਨੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਚੇਤੇ ਰਹੇ ਕਿ ਜਦੋਂ ਰਾਮ ਰਹੀਮ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਹਨੀਪ੍ਰੀਤ ਵੀ ਰਾਮ ਰਹੀਮ ਦੇ ਨਾਲ ਸੀ ਅਤੇ ਸੋਨਾਰੀਆ ਜੇਲ੍ਹ ਤੱਕ ਉਹ ਰਾਮ ਰਹੀਮ ਦੇ ਨਾਲ ਹੀ ਗਈ ਸੀ। ਪਰ ਬਾਅਦ ਵਿਚ ਹਨੀਪ੍ਰੀਤ ਫਰਾਰ ਹੋ ਗਈ ਤੇ 39 ਦਿਨ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਹਨੀਪ੍ਰੀਤ ਕਹਿੰਦੀ ਹੈ ਕਿ ਪਾਪਾ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਇਕੱਲੀ ਰਹਿ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਹਨੀਪ੍ਰੀਤ ਨੂੰ ਪਨਾਹ ਦਿੱਤੀ ਹੈ, ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਹਨੀਪ੍ਰੀਤ ਦੇ ਕਿਸੇ ਅਣਦੱਸੀ ਥਾਂ ਉਤੇ ਦੋ ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਕੁੱਝ ਘੰਟਿਆਂ ਬਾਅਦ ਇਹ ਗ੍ਰਿਫ਼ਤਾਰੀ ਹੋਈ। ਹਰਿਆਣਾ ਦੇ ਡੀਜੀਪੀ ਬੀ.ਐਸ. ਸੰਧੂ ਨੇ ਕਿਹਾ ਕਿ ਪ੍ਰਿਯੰਕਾ ਤਨੇਜਾ (36) ਉਰਫ਼ ਹਨੀਪ੍ਰੀਤ ਨੂੰ ਜ਼ੀਰਕਪੁਰ-ਪਟਿਆਲਾ ਸੜਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਵੱਡੇ ਪੱਧਰ ਉਤੇ ਮੁਹਿੰਮ ਚਲਾਉਣ ਦੇ ਬਾਵਜੂਦ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਹਰਿਆਣਾ ਪੁਲਿਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ઠਰਿਹਾ ਸੀ।
ਡੇਰਾ ਮੁਖੀ ਨੂੰ ਜਬਰ ਜਨਾਹ ਦੇ ਕੇਸ ਵਿੱਚ ਦੋਸ਼ੀ ਠਹਿਰਾਉਣ ਮਗਰੋਂ ਭੜਕੀ ਹਿੰਸਾ ਦੇ ਮਾਮਲੇ ਵਿੱਚ ਸੂਬਾਈ ਪੁਲਿਸ ਨੂੰ ਲੋੜੀਂਦੇ 43 ਵਿਅਕਤੀਆਂ ਦੀ ਸੂਚੀ ਵਿੱਚ ਹਨੀਪ੍ਰੀਤ ਸਿਖ਼ਰ ਉਤੇ ਸੀ। ਪੰਚਕੂਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਕਿ ”ਹਨੀਪ੍ਰੀਤ ਨੂੰ ਪੰਜਾਬ ਵਿੱਚ ਜ਼ੀਰਕਪੁਰ-ਪਟਿਆਲਾ ਸੜਕ ਤੋਂ ਮੁਕੇਸ਼ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਹਿਰਾਸਤ ਵਿੱਚ ਲਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਰਾਮ ਰਹੀਮ ਦੇ ਕਰੀਬੀ ਸਿਆਸਤਦਾਨ ਰਿਸ਼ਤੇਦਾਰ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆਏਗੀ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਨੇ ਪਹਿਲੀ ਸਤੰਬਰ ਨੂੰ ਹਨੀਪ੍ਰੀਤ ਇੰਸਾਂ ਅਤੇ ਅਦਿੱਤਿਆ ਇੰਸਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ। ਰਿਪੋਰਟਾਂ ਸਨ ਕਿ ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ। ਹਨਪ੍ਰੀਤ ਤੇ ਡੇਰੇ ਦੇ ਮੁੱਖ ਅਹੁਦੇਦਾਰਾਂ ਅਦਿੱਤਿਆ ਇੰਸਾਂ ਤੇ ਪਵਨ ਇੰਸਾਂ ਖ਼ਿਲਾਫ਼ ਪੰਚਕੂਲਾ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਸਨ। ਪੁਲਿਸ ਨੇ ਉਸ ਦੀ ਭਾਲ ਵਿੱਚ ਕਈ ਥਾਈਂ ਟੀਮਾਂ ਭੇਜੀਆਂ, ਜਿਨ੍ਹਾਂ ਵਿੱਚ ਭਾਰਤ-ਨੇਪਾਲ ਸਰਹੱਦ ਵੀ ਸ਼ਾਮਲ ਹੈ। 26 ਸਤੰਬਰ ਨੂੰ ਦਿੱਲੀ ਹਾਈ ਕੋਰਟ ਨੇ ਹਨੀਪ੍ਰੀਤ ਦੀ ਟਰਾਂਜਿਟ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਸੀ।
ਧਾਹਾਂ ਮਾਰ-ਮਾਰ ਰੋਂਦੀ ਰਹੀ ਹਨੀਪ੍ਰੀਤ
ਚੰਡੀਗੜ੍ਹ : ਪੰਚਕੂਲਾ ਦੇ ਸੈਕਟਰ 23 ਦੇ ਥਾਣੇ ਵਿਚ ਕ੍ਰਾਈਮ ਅਗੇਂਸਟ ਵੂਮੈਨ ਦੀ ਆਈ. ਜੀ.ਮਮਤਾ ਸਿੰਘ ਨੇ ਹਨੀਪ੍ਰੀਤ ਨੂੰ ਜਿਥੇ ਸਵਾਲ ਪੁੱਛੇ, ਉਥੇ ਹੀ ਏ. ਸੀ.ਪੀ. ਅਤੇ ਐੱਸ. ਆਈ.ਟੀ. ਮੁਖੀ ਮੁਕੇਸ਼ ਮਲਹੋਤਰਾ ਨੇ ਪੂਰਾ ਸਵਾਲਾਂ ਦਾ ਪਿਟਾਰਾ ਪਹਿਲੇ ਗੇੜ ਵਿਚ ਹੀ ਖੋਲ੍ਹ ਦਿੱਤਾ ਪਰ ਹਨੀਪ੍ਰੀਤ ਜ਼ਿਆਦਾਤਰ ਸਵਾਲਾਂ ‘ਤੇ ਚੁੱਪ ਰਹੀ। ਉਹ ਪਾਪਾ ਦੇ ਨਾਂ ਦਾ ਰਾਗ ਅਲਾਪਦੀ ਰਹੀ । ਹਨੀਪ੍ਰੀਤ 7 ਵਾਰ ਪਾਪਾ ਦਾ ਨਾਂ ਲੈ ਕੇ ਭਾਵੁਕ ਹੋਈ ਤੇ ਉਹ ਧਾਹਾਂ ਮਾਰ-ਮਾਰ ਕੇ ਰੋਈ।
ਪੰਚਕੂਲਾ ਅਦਾਲਤ ਨੇ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਹੱਥ ਜੋੜ ਕੇ ਹਨੀਪ੍ਰੀਤ ਨੇ ਕਿਹਾ, ਮੈਂ ਨਿਰਦੋਸ਼ ਹਾਂ
ਚੰਡੀਗੜ੍ਹ : ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਇੰਸਾਂ ਨੂੰ ਬੁੱਧਵਾਰ ਨੂੰ ਪੰਚਕੂਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਨੀਪ੍ਰੀਤ ਦੇ ਵਕੀਲ ਪ੍ਰਦੀਪ ਆਰੀਆ ਨੇ ਕਿਹਾ ਕਿ ਪੁਲਿਸ ਨੇ 14 ਦਿਨ ਦਾ ਰਿਮਾਂਡ ਮੰਗਿਆ ਸੀ। ਅਸੀਂ ਇਸਦਾ ਵਿਰੋਧ ਕੀਤਾ। ਅਦਾਲਤ ਨੇ ਸਿਰਫ 6 ਦਿਨ ਦਾ ਪੁਲਿਸ ਰਿਮਾਂਡ ਹੀ ਦਿੱਤਾ ਹੈ। ਹਨਪ੍ਰੀਤ ਨੇ ਅਦਾਲਤ ਵਿਚ ਹੱਥ ਜੋੜ ਕੇ ਕਿਹਾ ਕਿ ਮੈਂ ਬੇਕਸੂਰ ਹਾਂ। ਚੇਤੇ ਰਹੇ ਕਿ 39 ਦਿਨ ਤੋਂ ਫਰਾਰ ਹਨੀਪ੍ਰੀਤ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਮੀਡੀਆ ਵਿਚ ਉਸਦਾ ਇੰਟਰਵਿਊ ਆਇਆ ਸੀ। ਹਨੀਪ੍ਰੀਤ ਦੇ ਨਾਲ ਇਕ ਸੁਖਦੀਪ ਕੌਰ ਨਾਂ ਦੀ ਔਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਨੀਪ੍ਰੀਤ ਤਿੰਨ ਦਿਨ ਸੁਖਦੀਪ ਕੌਰ ਦੇ ਘਰ ਰਹੀ ਸੀ। ਜ਼ਿਕਰਯੋਗ ਹੈ ਕਿ ਪੁਲਿਸ ਦੀ ਗ੍ਰਿਫਤ ਤੋਂ 38 ਦਿਨ ਬਚਦੀ ਰਹੀ ਹਨੀਪ੍ਰੀਤ ਇਕੱਲੀ ਨਹੀਂ ਸੀ, ਬਲਕਿ ਉਸ ਨੂੰ ਕਈ ਵਿਅਕਤੀਆਂ ਦੀ ਸੁਰੱਖਿਆ ਹਾਸਿਲ ਸੀ, ਜਿਸ ਵਿਚ ਕੁਝ ਔਰਤਾਂ ਦੀ ਭੂਮਿਕਾ ਵੀ ਰਹੀ। ਹਨੀਪ੍ਰੀਤ ਜੋ ਵੀ ਕਰ ਰਹੀ ਸੀ, ਜਿਥੇ ਵੀ ਰਾਤਾਂ ਗੁਜ਼ਾਰ ਰਹੀ ਸੀ, ਸਭ ਪਲਾਨਿੰਗ ਨਾਲ ਹੋ ਰਿਹਾ ਸੀ ਤੇ ਪਲਾਨਿੰਗ ਡੇਰੇ ਨਾਲ ਜੁੜੇ ਕੁਝ ਸੀਨੀਅਰ ਲੋਕ ਕਰ ਰਹੇ ਸਨ। ਹਨੀਪ੍ਰੀਤ ਹੁਣ ਭੱਜ-ਭੱਜ ਕੇ ਥੱਕ ਗਈ ਤੇ ਸਾਰੇ ਕਾਨੂੰਨ ਦੇ ਰਸਤੇ ਬੰਦ ਹੁੰਦੇ ਦਿਖਾਈ ਦੇਣ ਲੱਗੇ ਤਾਂ ਉਸ ਦੇ ਸਲਾਹਕਾਰਾਂ ਨੇ ਆਤਮ-ਸਮਰਪਣ ਕਰਨ ਦਾ ਫੈਸਲਾ ਕੀਤਾ, ਜਿਸ ਵਿਚ ਵਕੀਲ ਵੀ ਸ਼ਾਮਲ ਸਨ। ਜਿਹੜੀ ਹਨੀਪ੍ਰੀਤ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਪ੍ਰੇਮੀ ਪਲਕਾਂ ਵਿਛਾਈ ਰੱਖਦੇ ਸਨ, ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਦੇਖਣ ਲਈ ਮੰਗਲਵਾਰ ਨੂੰ ਇਕ ਵੀ ਪ੍ਰੇਮੀ ਨਹੀਂ ਪਹੁੰਚਿਆ।

ਬੱਲੂਆਣਾ ‘ਚ ਲੁਕੀ ਸੀ ਹਨੀ, ਨੇਪਾਲ ‘ਚ ਐਵੇਂ ਛਾਣੀ ਖਾਕ
ਹਨੀ ਨਾਲ ਗ੍ਰਿਫਤਾਰ ਹੋਈ ਸੁਖਦੀਪ ਬੱਲੂਆਣਾ ਦੀ ਹੈ ਵਸਨੀਕ, ਪਤੀ-ਪਤਨੀ ਪਿਛਲੇ 18 ਸਾਲ ਤੋਂ ਰਹਿ ਰਹੇ ਸਨ ਡੇਰੇ ‘ਚ
ਬੱਲੂਆਣਾ : ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਦੇ ਡੇਰਾ ਪ੍ਰੇਮੀ ਨਾਜ਼ਰ ਸਿੰਘ ਦੇ ਘਰ ਲੁਕੀ ਰਹੀ, ਜਦਕਿ ਹਰਿਆਣਾ ਪੁਲਿਸ ਕਈ ਸੂਬਿਆਂ ਸਮੇਤ ਨੇਪਾਲ ਦੀ ਖਾਕ ਛਾਣਦੀ ਰਹੀ। ਭਾਵੇਂ ਪਿੰਡ ਵਾਸੀ ਇਸ ਮਾਮਲੇ ‘ਤੇ ਕੁਝ ਬੋਲਣ ਲਈ ਤਿਆਰ ਨਹੀਂ ਹਨ, ਪਰ ਘਰ ਦੇ ਹਾਲਤ ਸਾਰੀ ਕਹਾਣੀ ਖੁਦ ਬਿਆਨ ਕਰ ਰਹੇ ਸਨ। ਕਰੀਬ ਅੱਧੀ ਏਕੜ ਵਿਚ ਬਣੇ ਘਰ ਵਿਚ ਦੋ ਨਵੇਂ ਕਮਰੇ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨੂੰ ਨਵੇਂ ਲੱਗੇ ਏਸੀ ਇਸ ਗੱਲ ਦੀ ਗਵਾਹੀ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਲਈ ਲਾਏ ਗਏ ਸਨ। ਕਮਰਿਆਂ ਨੂੰ ਕਾਲੇ ਸ਼ੀਸ਼ਿਆਂ ਨਾਲ ਕਵਰ ਕੀਤਾ ਗਿਆ ਸੀ। ਹਨੀਪ੍ਰੀਤ ਡੇਰਾ ਮੁਖੀ ਨੂੰ ਕੈਦ ਹੋਣ ਤੋਂ ਬਾਅਦ ਰੂਪੋਸ਼ ਹੋ ਗਈ ਸੀ। ਹਨੀਪ੍ਰੀਤ ਨਾਲ ਗ੍ਰਿਫਤਾਰ ਕੀਤੀ ਗਈ ਸੁਖਦੀਪ ਕੌਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਦੀ ਰਹਿਣ ਵਾਲੀ ਹੈ। ਉਹ ਨਾਜ਼ਰ ਸਿੰਘ ਦੀ ਪੋਤ ਨੂੰਹ ਹੈ। ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਨੂੰ ਪਹਿਲੀ ਸੁਨਾਰੀਆ ਜੇਲ੍ਹ ਸੁਖਦੀਪ ਕੌਰ ਦਾ ਪਤੀ ਇਕਬਾਲ ਹੀ ਲੈ ਕੇ ਗਿਆ ਸੀ। ਇਕਬਾਲ ਦਾ ਦਾਦਾ ਨਾਜ਼ਰ ਸਿੰਘ ਡੇਰੇ ਦੇ ਗੱਦੀ ਨਸ਼ੀਨ ਸ਼ਾਹ ਸਤਿਨਾਮ ਦੇ ਨੇੜਲੇ ਤੇ ਭਰੋਸੇਮੰਦ ਲੋਕਾਂ ਵਿਚੋਂ ਸੀ। ਇਕਬਾਲ ਸਿੰਘ ਤੇ ਉਸਦੀ ਪਤਨੀ ਸੁਖਦੀਪ ਕੌਰ ਪਿਛਲੇ 15-16 ਸਾਲ ਤੋਂ ਡੇਰਾ ਸਿਰਸਾ ਵਿਚ ਹੀ ਰਹਿ ਰਹੇ ਹਨ। ਡੇਰਾ ਮੁਖੀ ਦੀ ਗੱਡੀ ਵੀ ਇਕਬਾਲ ਚਲਾਉਂਦਾ ਰਿਹਾ ਹੈ। ਜੋੜਾ ਡੇਰੇ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ। ਇਹੀ ਕਾਰਨ ਸ ਕਿ ਸੁਖਦੀਪ ਕੌਰ ਹਨੀਪ੍ਰੀਤ ਦੇ ਨਾਲ ਹੀ ਰਹੀ। ਇਕਬਾਲ ਦੇ ਘਰ ਸਿਰਫ ਉਨ੍ਹਾਂ ਦਾ ਕਾਮਾ ਮੋਹਰ ਸਿੰਘ ਹੀ ਹੈ। ਪਿੰਡ ਵਾਸੀਆਂ ਮੁਤਾਬਕ ਮੰਗਲਵਾਰ ਨੂੰ ਜਿਉਂ ਹੀ ਹਨੀਪ੍ਰੀਤ ਨਾਲ ਸੁਖਦੀਪ ਦੀ ਗ੍ਰਿਫਤਾਰੀ ਦੀ ਖਬਰ ਆਈ ਤਾਂ ਸਾਰਾ ਪਰਿਵਾਰ ਇਕ ਗੱਡੀ ਵਿਚ ਸਵਾਰ ਹੋ ਕੇ ਕਿਧਰੇ ਚਲਾ ਗਿਆ ਹੈ।
ਇਕਬਾਲ ਹੀ ਮਾਤਾ ਨੂੰ ਜੇਲ੍ਹ ਲੈ ਕੇ ਗਿਆ ਸੀ : ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਮੁਖੀ ਨਾਲ ਮੁਲਾਕਾਤ ਕਰਵਾਉਣ ਲਈ ਇਕਬਾਲ ਹੀ ਉਸਦੀ ਮਾਤਾ ਨਸੀਬ ਕੌਰ ਨੂੰ ਲੈ ਕੇ ਲਿਆ ਸੀ। ਉਸ ਸਮੇਂ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਹਰਮੰਦਰ ਸਿੰਘ ਜੱਸੀ ਦੇ ਨੇੜਲਾ ਕਾਂਗਰਸੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਜੇਲ੍ਹ ਵਿਚ ਮੁਲਾਕਾਤ ਲਈ ਡੇਰਾ ਮੁਖੀ ਦੀ ਮਾਤਾ ਨੂੰ ਲੈ ਕੇ ਗਿਆ ਸੀ। ਪਰ ਹੁਣ ਸੁਖਦੀਪ ਦੀ ਗ੍ਰਿਫਤਾਰੀ ਪਿੱਛੋਂ ਇਹ ਸਾਫ ਹੋ ਗਿਆ ਹੈ ਕਿ ਬੱਲੂਆਣਾ ਦਾ ਇਕਬਾਲ ਸਿੰਘ ਹੀ ਜੇਲ੍ਹ ਗਿਆ ਸੀ। ਉਸ ਨੇ ਥਹੁ-ਪਤਾ ਬੀਬੀਵਾਲਾ ਚੌਕ ਦੇ ਰਹਿਣ ਵਾਲੇ ਕਾਂਗਰਸੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਦਾ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਵੀ ਚੌਕਸ ਹੋ ਗਈ ਹੈ।
35 ਸਾਲ ਪਹਿਲਾਂ ਸ਼ਾਹ ਸਤਿਨਾਮ ਆਏ ਸਨ ਘਰ : ਇਕਬਾਲ ਸਿੰਘ ਦੇ ਪਰਿਵਾਰ ਦਾ ਬਠਿੰਡਾ-ਮਲੋਟ ਸੜਕ ‘ਤੇ ਬਾਗ ਲੱਗਾ ਹੋਇਆ ਸੀ, ਜਿਸ ਨੂੰ ਉਜਾੜ ਕੇ ਜ਼ਮੀਨ ਡੇਰਾ ਮੁਖੀ ਨੂੰ ਦਾਨ ਕਰ ਦਿੱਤੀ ਸੀ। ਪਿੰਡ ਵਾਸੀਆਂ ਮੁਤਾਬਕ ਕਰੀਬ 35-40 ਸਾਲ ਪਹਿਲਾਂ ਡੇਰੇ ਦੇ ਦੂਜੇ ਮੁਖੀ ਸ਼ਾਹ ਸਤਿਨਾਮ ਪ੍ਰੇਮੀ ਨਾਜ਼ਰ ਸਿੰਘ ਦੇ ਘਰ ਆਏ ਸਨ, ਜਿਸ ਪਿੱਛੋਂ ਸਾਰਾ ਪਰਿਵਾਰ ਪੱਕੇ ਤੌਰ ‘ਤੇ ਪ੍ਰੇਮੀ ਬਣ ਗਿਆ।
ਨਾਜ਼ਰ ਸਿੰਘ ਨਿੱਜੀ ਹਸਪਤਾਲ ‘ਚ ਦਾਖਲ : ਇਕਬਾਲ ਦਾ ਦਾਦਾ ਨਾਜ਼ਰ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ। ਉਹ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਕਾਮੇ ਮੋਹਰ ਸਿੰਘ ਦਾ ਕਹਿਣਾ ਸੀ ਕਿ ਪਰਿਵਾਰ ਨਾਜ਼ਰ ਸਿੰਘ ਦੀ ਦੇਖਭਾਲ ਲਈ ਬਠਿੰਡਾ ਗਿਆ ਹੋਇਆ ਹੈ।
ਕੀ ਕਹਿੰਦੇ ਹਨ ਪਿੰਡ ਵਾਸੀ : ਪਿੰਡ ਦੇ ਸਰਪੰਚ ਡਾ. ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਹਨੀਪ੍ਰੀਤ ਦੇ ਘਰ ਰਹਿਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਗੁਆਂਢ ਵਿਚ ਰਹਿਣ ਵਾਲੀ ਨਸੀਬ ਕੌਰ ਤੇ ਰਾਮਪਾਲ ਸਿੰਘ ਦਾ ਕਹਿਣਾ ਸੀ ਕਿ ਨਾਜ਼ਰ ਸਿੰਘ ਦੇ ਘਰ ਦਾ ਦਰਵਾਜ਼ਾ ਹਮੇਸ਼ਾ ਬੰਦ ਰਹਿੰਦਾ ਹੈ। ਲਛਮਣ ਸਿੰਘ ਦਾ ਕਹਿਣਾ ਸੀ ਕਿ ਹਨੀਪ੍ਰੀਤ ਦੇ ਲੁਕੇ ਹੋਣ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਹੈ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …