Breaking News
Home / ਭਾਰਤ / ਮਹਿਲਾਵਾਂ ਦੇ ਸਨਮਾਨ ਸਬੰਧੀ ਲੋਕਾਂ ਦੀ ਜ਼ਮੀਰ ਜਗਾਉਣ ਦਾ ਵੇਲਾ : ਮੁਰਮੂ

ਮਹਿਲਾਵਾਂ ਦੇ ਸਨਮਾਨ ਸਬੰਧੀ ਲੋਕਾਂ ਦੀ ਜ਼ਮੀਰ ਜਗਾਉਣ ਦਾ ਵੇਲਾ : ਮੁਰਮੂ

ਰਾਸ਼ਟਰਪਤੀ ਨੇ ਸਾਰਿਆਂ ਨੂੰ ਅੰਤਰਝਾਤ ਮਾਰਦਿਆਂ ਆਪਣੇ ਆਪ ਤੋਂ ਤਿੱਖੇ ਸਵਾਲ ਪੁੱਛਣ ਦਾ ਦਿੱਤਾ ਹੋਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਹਿਲਾ ਸ਼ਕਤੀਕਰਨ ਵਿੱਚ ਹੀ ਦੇਸ਼ ਦੀ ਅਸਲੀ ਤਾਕਤ ਹੋਣ ਦਾ ਦਾਅਵਾ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਲੋਕਾਂ ਦੀ ਜ਼ਮੀਰ ਜਗਾਈ ਜਾਵੇ ਤਾਂ ਜੋ ਮਹਿਲਾਵਾਂ ਦਾ ਮਾਣ-ਸਨਮਾਨ ਵਧੇ ਅਤੇ ਉਹ ਕਿਸੇ ਵੀ ਸਮੇਂ, ਕਿਸੇ ਵੀ ਥਾਂ ‘ਤੇ ਅਸੁਰੱਖਿਅਤ ਮਹਿਸੂਸ ਨਾ ਕਰਨ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ, ‘ਇਸ ਦੇ ਬਾਵਜੂਦ, ਇਹ ਮੰਦਭਾਗੀ ਗੱਲ ਹੈ ਕਿ ਔਰਤਾਂ ਵਿੱਚ ਹਾਲੇ ਵੀ ਅਸੁਰੱਖਿਆ ਦੀ ਭਾਵਨਾ ਅਜੇ ਵੀ ਘਰ ਕਰ ਰਹੀ ਹੈ। ਮਹਿਲਾਵਾਂ ਨੂੰ ਕਮਜ਼ੋਰ ਸਮਝਣ ਵਾਲੀ ਸਮਾਜ ਦੀ ਤੰਗ ਤੇ ਰੂੜ੍ਹੀਵਾਦੀ ਸੋਚ ਖਿਲਾਫ ਔਰਤਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।” ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਵਿੱਚ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਹਾਲਾਂਕਿ, ਕਾਫੀ ਬਦਲਾਅ ਹੋ ਚੁੱਕੇ ਹਨ ਪਰ ਅਜੇ ਵੀ ਕੁਝ ਸਮਾਜਿਕ ਪੱਖਪਾਤਾਂ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਜੋ ਕਿ ਔਰਤਾਂ ਨੂੰ ਸਮਾਨਤਾ ਦਿਵਾਉਣ ਵਿੱਚ ਅੜਿੱਕੇ ਖੜ੍ਹੇ ਕਰਦੇ ਹਨ।’ ਮੁਰਮੂ ਨੇ ਕਿਹਾ, ‘ਇਕ ਸਮਾਜ ਦੇ ਤੌਰ ‘ਤੇ ਸਾਨੂੰ ਸਾਰਿਆਂ ਨੂੰ ਅੰਤਰਝਾਤ ਮਾਰਦਿਆਂ ਆਪਣੇ ਆਪ ਤੋਂ ਕੁਝ ਤਿੱਖੇ ਸਵਾਲ ਪੁੱਛਣੇ ਚਾਹੀਦੇ ਹਨ। ਅਸੀਂ ਕਿੱਥੇ ਗ਼ਲਤ ਚੱਲੇ ਹਾਂ? ਅਸੀਂ ਸੁਧਾਰ ਲਈ ਕੀ ਕਰ ਸਕੇ ਹਾਂ? ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਫਲਤਾ ਲਈ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਬਹੁਤ ਜ਼ਰੂਰੀ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਮਿਲ ਕੇ ਆਪਣੇ ਦੇਸ਼ ਵਿੱਚ ਔਰਤਾਂ ਦੇ ਮਾਣ-ਸਨਮਾਨ ਦੀ ਰਾਖੀ ਦੀ ਸਹੁੰ ਚੁੱਕੀਏ ਅਤੇ ਉਨ੍ਹਾਂ ਦੀ ਸਫਲਤਾ ਯਕੀਨੀ ਬਣਾਈਏ।” ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਸ਼ਕਤੀ ਦਾ ਸੱਚਾ ਪ੍ਰਗਟਾਵਾ ਹਨ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਨਿੱਜੀ ਤੇ ਜਨਤਕ ਥਾਵਾਂ ‘ਤੇ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਕਾਨੂੰਨੀ ਪ੍ਰਬੰਧਾਂ ਦੀ ਕੋਈ ਘਾਟ ਨਹੀਂ ਹੈ ਪਰ ਸਿਰਫ ਇਕੱਲੇ ਕਾਨੂੰਨ ਇਕ ਨਿਆਂ ਪ੍ਰਣਾਲੀ ਨਹੀਂ ਬਣਾ ਸਕਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਨੂੰ ਆਪਣੇ ਪੁਰਖਿਆਂ ਵਾਲਾ ਸਮਾਜਿਕ ਰਵੱਈਆ ਤਿਆਗਣਾ ਹੋਵੇਗਾ। ਚੀਫ਼ ਜਸਟਿਸ ਨੇ ਕਿਹਾ, ”ਸਾਰਿਆਂ ਤੋਂ ਉੱਪਰ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।”
ਪਾਣੀ ਦੀ ਹਰ ਬੂੰਦ ਮੋਤੀ ਵਾਂਗ ਕੀਮਤੀ : ਮੁਰਮੂ
ਰਾਸ਼ਟਰਪਤੀ ਵੱਲੋਂ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਣੀ ਦੀ ਸੰਭਾਲ ਦੀ ਲੋੜ ‘ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਪਾਣੀ ਦੀ ਹਰ ਬੂੰਦ ਮੋਤੀ ਵਾਂਗ ਕੀਮਤੀ ਹੈ ਅਤੇ ਇਸ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ। ਅੱਠਵੇਂ ਭਾਰਤ ਜਲ ਹਫ਼ਤਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਪੌਦੇ ਲਾਉਣ ਰਾਹੀਂ ਹੁੰਦੀ ਜ਼ਮੀਨੀ ਪਾਣੀ ਦੀ ਪੂਰਤੀ ਦੇ ਮਹੱਤਵ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ, ‘ਸਾਨੂੰ ਪੌਦੇ ਲਗਾ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣਾ ਚਾਹੀਦਾ ਹੈ। ਹਰ ਮਾਂ ਦੇ ਨਾਮ ‘ਤੇ ਲਾਇਆ ਗਿਆ ਪੌਦਾ ਉਸ ਦੀ ਵਿਰਾਸਤ ਨੂੰ ਸ਼ਰਧਾਂਜਲੀ ਹੋਵੇਗਾ।’ ਉਨ੍ਹਾਂ ਕਿਹਾ. ‘ਬੂੰਦ ਬੂੰਦ ਨਾਲ ਸਾਗਰ ਬਣਦਾ ਹੈ, ਇਸ ਕਰਕੇ ਪਾਣੀ ਬਚਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ।’
ਰਾਸ਼ਟਰਪਤੀ ਨੇ ਟਿਕਾਊ ਭਵਿੱਖ ਲਈ ਜਲ ਪ੍ਰਬੰਧਨ ਵਿੱਚ ਭਾਈਚਾਰਕ ਹਿੱਸੇਦਾਰੀ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਜਲ ਜੀਵਨ ਮਿਸ਼ਨ ਰਾਹੀਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 2021 ਤੋਂ ਬਾਅਦ ਸਥਾਨਕ ਪੱਧਰ ‘ਤੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਮੁਹਿੰਮਾਂ ਸ਼ੁਰੂ ਕਰਨ ਮਗਰੋਂ ਅਹਿਮ ਬਦਲਾਅ ਆਏ ਹਨ। ਉਨ੍ਹਾਂ ਆਲਮੀ ਪੱਧਰ ‘ਤੇ ਸਾਫ਼ ਪਾਣੀ ਦੀ ਸੀਮਤ ਉਪਲਬਧਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦਾ ਸਿਰਫ਼ 2.5 ਫ਼ੀਸਦੀ ਪਾਣੀ ਹੀ ਸਾਫ਼ ਹੈ ਅਤੇ ਇਸ ਵਿਚੋਂ ਵੀ ਸਿਰਫ਼ ਇੱਕ ਫ਼ੀਸਦ ਹੀ ਮਨੁੱਖੀ ਵਰਤੋਂ ਲਈ ਮੁਹੱਈਆ ਹੈ। ਮੁਰਮੂ ਨੇ ਕਿਹਾ, ‘ਪਾਣੀ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਪਾਣੀ ਦੀ ਸੰਭਾਲ ਨੂੰ ਲੈ ਕੇ ਹਰ ਕਿਸੇ ਨੂੰ ਜਾਗਰੂਕ ਕੀਤਾ ਜਾਵੇ।’ ਮੁਰਮੂ ਨੇ ਸਮੂਹਿਕ ਰੂਪ ਵਿੱਚ ਕਾਰਵਾਈ ਦੀ ਲੋੜ ਬਾਰੇ ਕਿਹਾ ਕਿਹਾ, ‘ਪਾਣੀ ਦੀ ਸੰਭਾਲ ਇੱਕ-ਦੋ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਹਰ ਨਾਗਰਿਕ ਨੂੰ ਇਸ ਕੀਮਤੀ ਸਰੋਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।’ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਮਾਗਮ ਵਿੱਚ ਕੀਤਾ ਗਿਆ ਵਿਚਾਰ-ਵਟਾਂਦਰਾ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਾਣੀ ਦੀ ਸੰਭਾਲ ਲਈ ਸਰਗਰਮੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ।

 

Check Also

ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …