-5.5 C
Toronto
Monday, February 23, 2026
spot_img
Homeਮੁੱਖ ਲੇਖਸ਼ਹੀਦੀ-ਸਾਕਾ ਨਨਕਾਣਾ ਸਾਹਿਬ

ਸ਼ਹੀਦੀ-ਸਾਕਾ ਨਨਕਾਣਾ ਸਾਹਿਬ

ਡਾ. ਰੂਪ ਸਿੰਘ
ਅੱਜ ਤੋਂ 100 ਸਾਲ, ਇਕ ਸਦੀ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਿਆ, ਜਿਸ ਦੇ ਜਖ਼ਮ ਸਿੱਖ ਹਿਰਦਿਆਂ ‘ਤੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਇਤਿਹਾਸਿਕ ਇਮਾਰਤ ‘ਤੇ ਗੋਲੀਆਂ ਦੇ ਸੱਤ (7) ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਆਓ ਸ਼ਹੀਦੀ ਸਾਕੇ ਬਾਰੇ ਜਾਨਣ ਦਾ ਯਤਨ ਕਰੀਏ. . .
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਤਿਗੁਰੂ ਦੀ ਪਾਵਨ ਬਾਣੀ ‘ਚ ਸਪਸ਼ਟ ਕਰਦੇ ਹਨ :
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਯਾ ਪਰੁ ਸੀ ਨ ਉਚਰੀ ॥੧੩॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰੁ ਸਿਰਰੁ ਨ ਦੀਆ ॥
ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ-ਕਾਰਨਾਮਾ ਜੋ ਇਤਿਹਾਸ ਵਿਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਜਦ ਧਰਮ ਰੱਖਿਆ, ਅਕੀਦੇ, ਵਿਸ਼ਵਾਸ ਵਾਸਤੇ ਸਿਰ ਦੇ ਦਿੱਤਾ ਜਾਵੇ ਪਰ ਸਿਰੜ, ਸਿਦਕ ਤੋਂ ਨਾ ਡੋਲੇ ਤਾਂ ਸਾਕੇ ਦੀ ਸਿਰਜਣਾ ਹੁੰਦੀ ਹੈ। ਸਪਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ। ਸਾਕਿਆਂ ਵਿਚ ਸਮੇਂ ‘ਤੇ ਸਚ ਬੋਲਣ ਵਾਲਿਆਂ, ਸਤਵਾਦੀਆਂ ਦਾ ਖੂਨ ਡੁੱਲਦਾ ਹੈ, ਜਿਸ ਨਾਲ ਪਾਪ ਦੇ ਧੱਬੇ ਧੁਪਦੇ ਹਨ। ਨਨਕਾਣਾ ਸਾਹਿਬ ਦਾ ਸਾਕਾ ਇਸਦੀ ਪਰਤਖ ਉਦਾਹਰਣ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ-ਨਿਰੰਤਨ ਸਨਮੁਖ ਹੋਣਾ ਪਿਆ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸਾਕਾ ਗੁਰੂ ਕਾ ਬਾਗ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ ‘ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਦਾਸਤਾਨ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਨ੍ਹਾਂ ਸਾਕਿਆਂ ਨੂੰ ਢਾਡੀ ਬੀਰ ਰਸੀ ਵਾਰਾਂ ਰਾਹੀਂ ਪ੍ਰਗਟ ਕਰਨ ਲਈ ‘ਸਾਕਾ ਕਾਵਿ’ ਰੂਪ ਪ੍ਰਚਲਿਤ ਹੋਇਆ।
ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂ ਰਾਇਪੁਰ ਫਿਰ ਤਲਵੰਡੀ ਰਾਇ ਭੋਇ ਤੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪ੍ਰਗਟ ਹੋਣ ਨਾਲ ਸਦੀਵੀ ਨਾਉਂ ਨਨਕਾਣਾ ਸਾਹਿਬ ਵਿਸ਼ਵ ਪ੍ਰਸਿੱਧ ਹੋਇਆ। ਨਨਕਾਣਾ ਸਾਹਿਬ ਲਾਹੌਰ ਤੋਂ ਲੱਗਭਗ 80 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਨਨਕਾਣਾ ਸਾਹਿਬ ਦੀ ਧਰਤੀ ‘ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ‘ਤੇ 1613 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸੌਂਪੀ ਸੀ। ਇਸ ਤਰ੍ਹਾਂ ਅਰੰਭ ਤੋਂ ਹੀ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਉਦਾਸੀ ਸੰਪਰਦਾ ਦੇ ਮਹੰਤ-ਪੁਜਾਰੀ ਹੀ ਕਰਦੇ ਰਹੇ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ (ਗੁਰਦੁਆਰਾ ਜਨਮ ਅਸਥਾਨ ਨਨਕਾਨਾ ਸਾਹਿਬ ਦੇ ਨਾਂ ਅਠਾਰ੍ਹਾਂ ਹਜ਼ਾਰ ਏਕੜ ਜ਼ਮੀਨ ਅਤੇ 9892 ਰੁਪਏ ਸਲਾਨਾ ਜਗੀਰ) ਨੇ ਮਹੰਤਾਂ ਨੂੰ ਆਲਸੀ-ਅਯਾਸ਼ ਤੇ ਭ੍ਰਿਸ਼ਟ-ਕੁਕਰਮੀ ਕਰ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਕਿ ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ, ਐਸ਼-ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜਮੀਨਾਂ-ਜਾਇਦਾਦਾਂ ਨੂੰ ਤੇ ਜਗੀਰਾਂ ਨੂੰ ਆਪਣੀ ਨਿੱਜੀ, ਪਿਤਾ-ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ-ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਐਸ਼-ਪ੍ਰਸਤੀ ਦੇ ਡੇਰੇ (ਅੱਡੇ) ਬਣਾ ਲਿਆ। ਜਦ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ‘ਤੇ ਸਨ ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾ ਪੁਰਖੀ ਮਹੰਤਾਂ- ਉਦਾਸੀਆਂ ਤੇ ਨਿਰਮਲਿਆਂ ਪਾਸ ਹੀ ਸੀ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤਕ ਠੀਕ ਚਲਦਾ ਰਿਹਾ, ਜਦੋਂ ਤਕ ਪ੍ਰਬੰਧਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦ ਵੀ ਮਹੰਤਾਂ-ਪੁਜਾਰੀਆਂ, ਧਰਮੀ ਸਦਵਾਉਣ ਵਾਲਿਆਂ ਦਾ ਜੀਵਨ ‘ਕਰਤੂਤਿ ਪਸੂ ਕੀ ਮਾਨਸ ਜਾਤਿ’ ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਸੁਭਾਵਿਕ-ਨਿਸਚਿਤ ਹੈ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਸ਼ਰਾਬ ਪੀ ਕੇ ਆਈ ਸੰਗਤ ਦੀ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ, ਨਿੱਤ ਦਾ ਕੁਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ ਨੂੰ ਧੋਣ ਵਾਸਤੇ ਪਵਿੱਤਰ ਖੂਨ ਦੀ ਜ਼ਰੂਰਤ ਸੀ ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਰਵਾਰਿਕ-ਵਿਅਕਤੀਗਤ ਪ੍ਰਬੰਧ ਤੋਂ ਪੰਥਕ ਪ੍ਰਬੰਧ ‘ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਅਜ਼ਾਦ ਕਰਾਉਣ ਲਈ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ, 1921 ਨੂੰ ਦਰਸ਼ਨੀ ਡਿਉੜੀ ਰਸਤੇ ਅੰਦਰ ਦਾਖਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ‘ਸੁਆਗਤ’ ਮਹੰਤ, ਉਸ ਦੇ ਗੁੰਡਿਆਂ, ਬਦਮਾਸ਼ਾਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ, ਗੁਰੂ-ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖਾਤਰ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਦਲੀਪ ਸਿੰਘ, ਕਾਕਾ ਦਰਬਾਰਾ ਸਿੰਘ ਸਮੇਤ ਬਹੁਤ ਸਾਰੇ ਬੱਚੇ, ਬਜ਼ੁਰਗ, ਮਾਤਾਵਾਂ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ। ਇਹ ਦੁਖਦਾਈ-ਖੂਨੀ ਸਾਕਾ 10 ਫੱਗਣ, 21 ਫਰਵਰੀ 1921 ਨੂੰ ਵਾਪਰਿਆ।
ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਾਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀ.ਸੀ ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ ‘ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਇਆ ਜਿਸ ‘ਤੇ ਉਸ ਨੂੰ ਹੁਣ ਤਕ ਦੀ ਸਭ ਤੋਂ ਸਖ਼ਤ ਸੇਵਾ-ਤਨਖਾਹ 24 ਮਈ 1924 ਨੂੰ ਲਗਾਈ ਗਈ। ਜਿਸ ਅਨੁਸਾਰ ਕਰਤਾਰ ਸਿੰਘ ਨੂੰ ਦੰਡ ਲਾਇਆ ਜਾਂਦਾ ਹੈ ਕਿ ਉਹ ਇਕ ਤਾਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ, ਘੰਟਾ ਘਰ ਤੋਂ ਥੜਾ ਸਾਹਿਬ ਤਕ ਝਾੜੂ ਦੇਣ ਦੀ ਸੇਵਾ ਕਰੇ ਅਤੇ ਅੰਮ੍ਰਿਤਸਰ ਤੋਂ ਨੰਗੇਂ ਪੈਰੀਂ ਚੱਲ ਕੇ ਨਨਕਾਣਾ ਸਾਹਿਬ ਜਾਵੇ। ਉੱਥੇ ਪੁੱਜ ਕੇ ਪੰਜ ਅਖੰਡ ਪਾਠ ਕਰਾਵੇ ਤੇ ਦਸ ਹਜ਼ਾਰ ਰੁਪਏ ਸ਼ਹੀਦੀ ਫੰਡ ਵਿਚ ਦੇਵੇ (ਹੁਕਮਨਾਮੇ ਅਦੇਸ਼ ਸੰਦੇਸ਼ ਪੰਨਾ 78)।
ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇਵ ਜੀ ਦੇ ਘਰ, ਗੁਰਦੁਆਰਾ ਜਨਮ ਅਸਥਾਨ ਨੂੰ ਕਪਟੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ, ਇਸ ਤੋਂ ਵੱਧ ਦਰਦਨਾਕ ਘਟਨਾ ਕੀ ਹੋ ਸਕਦੀ ਹੈ? ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਪਵਿੱਤਰ ਧਰਤੀ ਹੈ। ਇੱਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਧਰਮ-ਕਰਮ ਇਸ ਵਿੱਚੋਂ ਗਾਇਬ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਅਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ‘ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਰੰਭ ਕੀਤੀ। ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ ‘ਚ ਲਿਆ ਗਿਆ। ਫਿਰ 12 ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ‘ਚ ਆਇਆ।
ਸ਼ਾਂਤਮਈ ਸਿੱਖ ਸੇਵਕਾਂ ਦੇ ਖੂਨ ਨਾਲ ਮਹੰਤ ਨਰੈਣ ਦਾਸ ਤੇ ਉਸ ਦੇ ਗੁੰਡਿਆਂ ਨੇ ਗੁਰਦੁਆਰਾ ਜਨਮ ਅਸਥਾਨ ਨੂੰ ਲੱਥਪਥ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ, ਅਜ਼ਾਦੀ ਲਈ ਕੀਤਾ ਗਿਆ ਸ਼ਾਂਤਮਈ-ਸੰਗਤੀ ਸੱਤਿਆਗ੍ਰਹਿ ਸੀ। ਜਬਰ-ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਸਤਿ-ਸੰਤੋਖ, ਸਬਰ ਦੇ ਧਾਰਨੀ ਹੋ, ਸ਼ਾਂਤਮਈ ਰਹਿ ਕੇ ਕੀਤਾ ਗਿਆ, ਵਿਦਰੋਹ, ਰੋਸ ਤੇ ਰੋਹ ਸੀ।
ਮਹੰਤ ਨਰੈਣ ਦਾਸ ਦੇ ਬਦਮਾਸ਼ਾਂ ਦੇ ਜਬਰ-ਜ਼ੁਲਮ ਦੀ ਇੰਤਹਾ-ਚਰਮਸੀਮਾਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ‘ਚ ਵੀ ਗੋਲੀਆਂ ਲੱਗੀਆਂ, ਜਿਸ ਨੂੰ ‘ਸ਼ਹੀਦੀ ਬੀੜ’ ਕਿਹਾ ਜਾਂਦਾ ਹੈ। ਸੰਗਤਾਂ ਨੂੰ ਸ਼ਹੀਦੀ ਬੀੜ ਦੇ ਦਰਸ਼ਨ 21 ਫਰਵਰੀ, ਸ਼ਹੀਦੀ ਸਾਕੇ ਵਾਲੇ ਦਿਨ ਗੁਰਦੁਆਰਾ ਮੰਝੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਕਰਵਾਏ ਜਾਂਦੇ ਸਨ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਤਿ-ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ ‘ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਇਸ ਦੁਖਾਂਤਕ ਸਾਕੇ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ‘ਤੇ ਦਰਸ਼ਨ-ਦੀਦਾਰ ਕਰ ਰਹੇ ਸ਼ਾਂਤਮਈ ਗੁਰਸਿੱਖਾਂ ‘ਤੇ ਜਦੋਂ ਮਹੰਤ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾਇਆ ਹੋਵੇਗਾ, ਕਿਤਨੀ ਕਰੁਣਾਮਈ-ਦੁਖਦਾਈ ਘੜੀ ਹੋਵੇਗੀ! ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੇ ਆਪਣੇ ਪਾਕ-ਪਵਿੱਤਰ ਖੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਹੋਈ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ। ਕੋਮਲ-ਦਿਲ ਕਵੀ ਚਰਨ ਸਿੰਘ ਸਫ਼ਰੀ ਦੇ ਬੋਲ ਹਨ:-
ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ
ਸੜਨ ਵਾਲਾ ਕੀ ਸੜ ਕੇ ਮਰ ਗਿਆ ਏ?
ਭਖਦੇ ਭੱਠ ਨੇ ਅੱਗੋਂ ਜੁਆਬ ਦਿੱਤਾ,
ਉਹ ਤਾਂ ਮੈਨੂੰ ਵੀ ਠੰਡਿਆਂ ਕਰ ਗਿਆ ਏ…
ਕਿਤਨੇ ਸਬਰ, ਸਹਿਜ ਸੀਤਲਤਾ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਪ੍ਰਤੀਵਾਨ, ਪਰਵਾਨੇ-ਗੁਰਸਿੱਖ ਜਿਨ੍ਹਾਂ ਨੂੰ ਜਿੰਦਾ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ ਪਰ ਕਿਸੇ ਨੇ ਸੀ ਨਹੀਂ ਉਚਾਰੀ। ਗੁਰਦੁਆਰਾ ਜਨਮ-ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। 5 ਮਾਰਚ, 1921 ਨੂੰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਸ਼ਹੀਦ ਹੋਏ ਗੁਰਸਿੱਖਾਂ ਗੁਰੂ-ਘਰ ਦੇ ਪ੍ਰੀਤਵਾਨਾਂ ਦੀ ਯਾਦ ਵਿਚ ਸ਼ਹੀਦੀ ਦਿਵਸ ਨਨਕਾਣਾ ਸਾਹਿਬ ਮਨਾ ਕੇ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ ਅਤੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ। ਅਪ੍ਰੈਲ, 1921 ‘ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ ‘ਤੇ ਮੁਕੱਦਮਾ ਚਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, ੮ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਹਾਈਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕਰ ਦਿੱਤੀ।
1922 ਈ. ਸਿੱਖ ਮਿਸ਼ਨਰੀ ਸੁਸਾਇਟੀ ਬਣਾਈ ਗਈ। ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦਾ ਯਾਦ ‘ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼ੁਰੂ ਕਰਨ ਦਾ ਮਤਾ 30 ਮਾਰਚ, 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਸਿੱਖ ਮਿਸ਼ਨਰੀ ਸੁਸਾਇਟੀ ਦੇ ਪਹਿਲੇ ਮੁਖੀ ਬਾਵਾ ਹਰਿਕਿਸ਼ਨ ਸਿੰਘ ਬਣੇ ਤੇ ਉਨ੍ਹਾਂ ਤੋਂ ਬਾਅਦ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਇਸ ਸੁਸਾਇਟੀ ਦੇ ਮੁਖੀ ਬਣੇ। ਪੰਥਕ ਲੀਡਰਾਂ ਨੂੰ ਮੋਰਚਿਆਂ ਦੌਰਾਨ ਜੇਲ੍ਹ ਜਾਣਾ ਪਿਆ। ਇਸ ਕਰ ਕੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ‘ਚ ਦੇਰੀ ਹੋ ਗਈ। 2 ਅਕਤੂਬਰ 1927 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਸਦੀਵੀ ਯਾਦਗਾਰ ਵਜੋਂ ਸਥਾਪਿਤ ਕੀਤਾ ਗਿਆ ਜੋ ਨਿਰੰਤਰ ਕਾਰਜਸ਼ੀਲ ਹੈ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ‘ਚ ਸਥਾਪਿਤ ਕੀਤਾ ਅਤੇ ਸ਼ਹੀਦੀ ਜੀਵਨ ਪੁਸਤਕ ਉਚੇਚੇ ਤੌਰ ‘ਤੇ ਲਿਖਵਾਈ, ਜਿਸ ਵਿਚ 86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ।
ਦੇਸ਼ ਵੰਡ ਸਮੇਂ ਤਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਕਰਦੀ ਰਹੀ ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦੇ ਨਾਲ ਜਿੰਦ-ਜਾਨ ਤੋਂ ਪਿਆਰੇ173 ਦੇ ਕਰੀਬ ਇਤਿਹਾਸਿਕ ਗੁਰਦੁਆਰੇ-ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਹਰ ਸਿੱਖ ਸਵੇਰੇ-ਸ਼ਾਮ ਇਨ੍ਹਾਂ ਗੁਰਦੁਆਰਿਆਂ-ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਅਰਦਾਸ-ਜੋਦੜੀ ਕਰਦਾ ਹੈ।
ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਇਤਿਹਾਸਿਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁੱਲ੍ਹਾ ਵਿਹੜਾ, ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ ‘ਤੇ ਰੂਪਮਾਨ ਕਰਦੇ ਹਨ। ਲੋੜ ਹੈ, ਇਨ੍ਹਾਂ ਤੋਂ ਪ੍ਰੇਰਨਾ ਲੈ ਸਿੱਖ ਜੀਵਨ ਜਾਂਚ ‘ਚ ਸਤਿ-ਸੰਤੋਖ ਦੇ ਧਾਰਨੀ ਹੋ ਸਮੇਂ ਦੇ ਹਾਣੀ ਹੋਣ ਦੀ! ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਰਾਜ ਕਾਲ ਸਮੇਂ ਸੁਤੰਤਰ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ‘ਚ ਆਈ, ਜਿਸ ਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ-ਸਤਿਕਾਰ ਹਾਸਲ ਹੈ।
ਜਿਸ ਧਰਤ ਸੁਹਾਵੀ ਤੋਂ ‘ਨਾਨਕ ਨਿਰਮਲ ਪੰਥ’ ਦਾ ਆਗਾਜ਼ ਹੋਇਆ, ਉਸ ਧਰਤੀ ਦੇ ਜ਼ਰੇ-ਜ਼ਰੇ ਨਾਲ ਹਰ ਨਾਨਕ ਨਾਮ ਲੇਵਾ ਦੀ ਮੁਹੱਬਤ ਹੋਣੀ ਲਾਜ਼ਮੀ ਹੈ। ਜਿਸ ਧਰਤੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਸੰਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਬਰ-ਜ਼ੁਲਮ ਦੇ ਵਿਰੁੱਧ ਬੁਲੰਦ-ਅਵਾਜ਼ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਕਹਿ ਸਮੇਂ-ਸਥਾਨ ਤੇ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਨਾ ਹੁੰਦਿਆਂ ਹੋਇਆਂ ਸਮੇਂ ਸਿਰ, ਸੱਚ ਦੇ ਸਿਧਾਂਤ ਲਿਖੇ, ਸੱਚ ਦੇ ਸੋਹਲੇ ਗਾਏ- ਸੱਚ ਨੂੰ ਜੀਵਨ ‘ਚ ਜੀਅ ਕੇ ਦਰਸਾਇਆ। ਸਾਕਾ ਨਨਕਾਣਾ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤਾਂ ਵੱਲੋਂ ਪੰਥਕ ਰਵਾਇਤਾ ਅਨੁਸਾਰ ਮਨਾਈ ਜਾ ਰਹੀਂ ਹੈ।

RELATED ARTICLES
POPULAR POSTS