Breaking News
Home / ਹਫ਼ਤਾਵਾਰੀ ਫੇਰੀ / ਕਿਸਾਨੀ ਸੰਘਰਸ਼ ਨੇ ਪੰਜਾਬ ਵਿਚ ਸਥਾਨਕ ਚੋਣਾਂ ‘ਚ ਭਾਜਪਾ ਦਾ ਸੂਪੜਾ ਕੀਤਾ ਸਾਫ਼

ਕਿਸਾਨੀ ਸੰਘਰਸ਼ ਨੇ ਪੰਜਾਬ ਵਿਚ ਸਥਾਨਕ ਚੋਣਾਂ ‘ਚ ਭਾਜਪਾ ਦਾ ਸੂਪੜਾ ਕੀਤਾ ਸਾਫ਼

ਕਾਂਗਰਸ ਦੀ ਵੱਡੀ ਜਿੱਤ
ਸ਼੍ਰੋਮਣੀ ਅਕਾਲੀ ਦਲ ਦੂਜੇ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਕਿਸਾਨੀ ਸੰਘਰਸ਼ ਦਾ ਅਸਰ ਪੰਜਾਬ ਵਿਚ ਹੋਈਆਂ ਸਥਾਨਕ ਚੋਣਾਂ ਵਿਚ ਵੀ ਵੇਖਣ ਨੂੰ ਮਿਲਿਆ ਹੈ ਅਤੇ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਹੁਕਮਰਾਨ ਧਿਰ ਕਾਂਗਰਸ ਦੀ ਝੰਡੀ ਰਹੀ।
ਕਾਂਗਰਸ ਨੇ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ ਅਤੇ ਬਠਿੰਡਾ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਧਿਆਨ ਰਹੇ ਕਿ ਪੰਜਾਬ ਵਿਚ ਲੰਘੀ 14 ਫਰਵਰੀ ਸਥਾਨਕ ਚੋਣਾਂ ਲਈ ਵੋਟਾਂ ਪਈਆਂ ਸਨ। ਐਲਾਨੇ ਗਏ ਨਤੀਜਿਆਂ ਮੁਤਾਬਕ 7 ਨਿਗਮਾਂ ‘ਤੇ ਕਾਂਗਰਸ ਪਾਰਟੀ ਦੇ ਮੇਅਰ ਚੁਣੇ ਜਾਣਗੇ। ਇਸੇ ਤਰ੍ਹਾਂ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚੋਂ ਬਹੁ ਗਿਣਤੀ ਪ੍ਰਧਾਨ ਵੀ ਹਾਕਮ ਧਿਰ ਦੇ ਹੀ ਹੋਣਗੇ। ਸ਼੍ਰੋਮਣੀ ਅਕਾਲੀ ਦਲ ਨੇ ਮਜੀਠਾ, ਕਾਦੀਆਂ, ਨਵਾਂਗਾਓਂ, ਸੰਗਤ ਅਤੇ ਅਜਨਾਲਾ ਵਿੱਚ ਜਿੱਤ ਹਾਸਲ ਕੀਤੀ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸ੍ਰੀ ਹਰਗੋਬਿੰਦਪੁਰ, ਨੂਰਮਹਿਲ, ਖਰੜ ਅਤੇ ਹੋਰ ਕੁਝ ਥਾਵਾਂ ‘ਤੇ ਵੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਕਾਂਗਰਸ ਦੇ ਜਿੱਤੇ ਹੋਏ ਉਮੀਦਵਾਰਾਂ ਨਾਲੋਂ ਵਧੇਰੇ ਹੈ। ਰਿਪੋਰਟਾਂ ਮੁਤਾਬਕ ਰੋਪੜ, ਮਾਨਸਾ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਨਗਰ ਕੌਂਸਲ ਦੀਆਂ ਸਾਰੀਆਂ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਸਮੁੱਚੀਆਂ ਸਿਆਸੀ ਧਿਰਾਂ ਨੂੰ ਧੋਬੀ ਪਟਕਾ ਮਾਰ ਦਿੱਤਾ ਹੈ। ਇਹ ਚੋਣਾਂ ਪੰਜਾਬ ਵਿਧਾਨ ਸਭਾ ਦੀਆਂ ਇੱਕ ਸਾਲ ਬਾਅਦ ਹੋਣ ਵਾਲੀਆਂ ਚੋਣਾਂ ‘ਤੇ ਕਿਸ ਤਰ੍ਹਾਂ ਦਾ ਅਸਰ ਪਾਉਣਗੀਆਂ ਇਹ ਤਾਂ ਸਮਾਂ ਦੱਸੇਗਾ ਪਰ ਕਾਂਗਰਸ ਦੇ ਆਗੂ ਤਾਜ਼ਾ ਚੋਣ ਨਤੀਜਿਆਂ ਤੋਂ ਬਾਅਦ ਜੋਸ਼ ਵਿੱਚ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼ਹਿਰੀ ਖੇਤਰਾਂ ਵਿੱਚ ਪ੍ਰਮੁੱਖ ਵਿਰੋਧੀ ਧਿਰ ਵਜੋਂ ਉਭਰਨ ‘ਤੇ ਤੱਸਲੀ ਦਾ ਪ੍ਰਗਟਾਵਾ ਕੀਤਾ ਹੈ। ਇਹ ਚੋਣਾਂ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ਨਿਰਾਸ਼ਾ ਦਾ ਸਬੱਬ ਬਣੀਆਂ ਦਿਖਾਈ ਦੇ ਰਹੀਆਂ ਹਨ। ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਨੇ ਜਿੱਤ ਤਾਂ ਹਾਸਲ ਕੀਤੀ ਪਰ ਕਿਸੇ ਵੀ ਸੰਸਥਾ ‘ਤੇ ਪ੍ਰਧਾਨਗੀ ਨੂੰ ਹੱਥ ਨਹੀਂ ਪਾ ਸਕੀਆਂ। ਬਹੁਜਨ ਸਮਾਜ ਪਾਰਟੀ ਨੇ ਵੀ ਇਨ੍ਹਾਂ ਚੋਣਾਂ ‘ਚ ਖਾਸ ਪ੍ਰਭਾਵ ਨਹੀਂ ਛੱਡਿਆ। ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਚੋਣ ਕਮਿਸ਼ਨ ਤੱਕ ਸ਼ਿਕਾਇਤਾਂ ਪਹੁੰਚੀਆਂ ਸਨ। ਇਸ ਕਸਬੇ ਵਿੱਚ ਸਥਿਤੀ ਤਣਾਅਪੂਰਨ ਬਣੀ ਰਹੀ ਅਤੇ ਕਮਿਸ਼ਨ ਨੇ ਸਮੁੱਚੇ ਮਾਮਲੇ ‘ਤੇ ਰਿਪੋਰਟ ਮੰਗੀ ਹੈ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚੋਂ ਕਾਂਗਰਸ ਦੇ 1078, ਸ਼੍ਰੋਮਣੀ ਅਕਾਲੀ ਦਲ ਦੇ 251, ਆਮ ਆਦਮੀ ਪਾਰਟੀ ਦੇ 50, ਭਾਜਪਾ ਦੇ 29, ਬਸਪਾ ਦੇ 5 ਅਤੇ 375 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਸਾਲ 2020 ਵਿੱਚ ਹੋਣੀਆਂ ਸਨ ਪਰ ਕਰੋਨਾ ਦੀ ਦਹਿਸ਼ਤ ਕਾਰਨ ਸਰਕਾਰ ਨੇ ਇਹ ਚੋਣਾਂ ਦੇਰੀ ਨਾਲ ਕਰਵਾਈਆਂ। ਪੰਜਾਬ ਵਿੱਚ 1997 ਤੋਂ ਲੈ ਕੇ 2019 ਤੱਕ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਰਲ ਕੇ ਚੋਣਾਂ ਲੜੀਆਂ ਸਨ। ਤਕਰੀਬਨ ਢਾਈ ਦਹਾਕਿਆਂ ਬਾਅਦ ਇਨ੍ਹਾਂ ਦੋਵਾਂ ਪਾਰਟੀਆਂ ਨੇ ਐਤਕੀਂ ਆਪੋ ਆਪਣੇ ਦਮ ‘ਤੇ ਚੋਣਾਂ ਲੜੀਆਂ ਸਨ। ਪੰਜਾਬ ਤੋਂ ਉੱਠੇ ਕਿਸਾਨੀ ਅੰਦੋਲਨ ਦਾ ਇਨ੍ਹਾਂ ਚੋਣਾਂ ‘ਤੇ ਸਪੱਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ਭਾਜਪਾ ਨੂੰ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰ ਖੜ੍ਹੇ ਕਰਨੇ ਔਖੇ ਗਏ ਸਨ ਅਤੇ ਚੋਣ ਪ੍ਰਚਾਰ ਸਮੇਂ ਵੀ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ‘ਆਪ’ ਨੇ ਪਹਿਲੀ ਵਾਰੀ ਸ਼ਹਿਰੀ ਖੇਤਰ ਦੀਆਂ ਇਨ੍ਹਾਂ ਚੋਣਾਂ ‘ਚ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਹ ਵੀ ਕੋਈ ਖਾਸ ਪ੍ਰਭਾਵ ਛੱਡਣ ‘ਚ ਕਾਮਯਾਬ ਨਹੀਂ ਹੋ ਸਕੀ। ਮੁਹਾਲੀ ਨਗਰ ਨਿਗਮ ਦੇ ਵੀਰਵਾਰ ਨੂੰ ਆਏ ਨਤੀਜਿਆਂ ਵਿਚ ਵੀ ਕਾਂਗਰਸ ਪਾਰਟੀ ਦਾ ਹੀ ਪਲੜਾ ਭਾਰੀ ਰਿਹਾ ਅਤੇ ਅਕਾਲੀ-ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਕਾਂਗਰਸ ਨੇ ਸਰਕਾਰੀ ਜਬਰ ਦੇ ਬਲਬੂਤੇ ਜਿੱਤੀਆਂ ਚੋਣਾਂ : ਦਲਜੀਤ ਚੀਮਾ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਰਕਾਰੀ ਜ਼ਬਰ ਦੇ ਸਿਰ ‘ਤੇ ਮਿਉਂਸਪਲ ਚੋਣਾਂ ‘ਚ ਜਿੱਤ ਹਾਸਲ ਕੀਤੀ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ‘ਚ ਮਿਉਂਸਪਲ ਚੋਣਾਂ ਤੋਂ ਬਾਅਦ ਮੁੱਖ ਵਿਰੋਧੀ ਧਿਰ ਵਜੋਂ ਉਭਰਿਆ ਹੈ। ਜਿੱਥੇ ਪਹਿਲੀ ਵਾਰ ਇਕੱਲਿਆਂ ਲੜਨ ਦੇ ਬਾਵਜੂਦ ਵੀ ਅਕਾਲੀ ਦਲ ਮਿਉਂਸਪਲ ਚੋਣਾਂ ਤੋਂ ਬਾਅਦ ਪੰਜਾਬ ਭਰ ‘ਚ ਮੁੱਖ ਵਿਰੋਧੀ ਧਿਰ ਵਜੋਂ ਉਭਰਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦਾ ਸੂਬੇ ਭਰ ‘ਚੋਂ ਸਫਾਇਆ ਹੋ ਗਿਆ ਹੈ। ਸ਼ਹਿਰੀ ਖੇਤਰਾਂ ‘ਚ ਅਕਾਲੀ ਦਲ ਦਾ ਵੋਟ ਆਧਾਰ ਵਧਿਆ ਹੈ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਜਾਪਦਾ ਹੈ ਸਿਵਲ ਮਸ਼ੀਨਰੀ ਤੇ ਪੰਜਾਬ ਪੁਲਿਸ ਨੇ ਕਾਂਗਰਸ ਲਈ ਚੋਣਾਂ ਜਿੱਤੀਆਂ ਹਨ, ਜਿਸ ‘ਚ ਸੂਬਾ ਚੋਣ ਕਮਿਸ਼ਨ ਦੀ ਵੀ ਬਰਾਬਰ ਹਿੱਸੇਦਾਰੀ ਰਹੀ।
‘ਆਪ’ ਨੂੰ 2022 ਲਈ ਮਿਲੇ ਸ਼ੁੱਭ ਸੰਕੇਤ : ਹਰਪਾਲ ਸਿੰਘ ਚੀਮਾ : ਆਮ ਆਦਮੀ ਪਾਰਟੀ (ਆਪ) ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਆਏ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ‘ਆਪ’ ਵਲੋਂ ਪਹਿਲੀ ਵਾਰ ਚੋਣਾਂ ਲੜੀਆਂ ਗਈਆਂ ਹਨ ਤੇ ਪੰਜਾਬ ਦੇ ਵੋਟਰਾਂ ਨੇ ਜੋ ਫ਼ਤਵਾ ਦਿੱਤਾ ਹੈ, ਪਾਰਟੀ ਉਸਦਾ ਸਵਾਗਤ ਕਰਦੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਪਾਰਟੀ ਦੇ ਲਈ ਸ਼ੁਭ ਸੰਕੇਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਸ਼ਹਿਰੀ ਖੇਤਰ ‘ਚ ਆਧਾਰ ਵਧਿਆ ਹੈ। ਇਸ ਦੌਰਾਨ ਪਾਰਟੀ ਦੀ ਵੋਟ ਫ਼ੀਸਦੀ ‘ਚ ਚੰਗਾ ਵਾਧਾ ਹੋਇਆ ਹੈ। ਇਸ ਤੋਂ ਪਾਰਟੀ ਦੇ ਲਈ ਇਕ ਚੰਗਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ 2022 ਤੱਕ ਸ਼ਹਿਰੀ ਖੇਤਰ ਵਿਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਵਿਧਾਨ ਸਭਾ 2022 ਦੀ ਝਲਕ ਹਨ ਚੋਣ ਨਤੀਜੇ : ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਕਾਂਗਰਸ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੀ ਪ੍ਰੋੜਤਾ ਦੱਸਿਆ। ਉਨ੍ਹਾਂ ਚੋਣ ਨਤੀਜਿਆਂ ਨੂੰ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਨੀਤਿਆਂ ਖ਼ਿਲਾਫ਼ ਫਤਵਾ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਕਤ ਤਿੰਨਾਂ ਪਾਰਟੀਆਂ ਦੇ ਵੰਡ ਪਾਊ, ਗੈਰ-ਲੋਕਤੰਤਰੀ, ਗੈਰ-ਸੰਵਿਧਾਨਿਕ ਤੇ ਪਿਛਾਂਹਖਿਚੂ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜੇ 2022 ਵਿਧਾਨ ਸਭਾ ਚੋਣਾਂ ਦੀ ਸਪੱਸ਼ਟ ਝਲਕ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਅਮਲ ‘ਚ ਲਿਆਂਦੇ ਜਾਣ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਚੋਣਾਂ ਸਨ, ਜਿਨ੍ਹਾਂ ਨੇ ਲੋਕਾਂ ‘ਚ ਭਾਜਪਾ ਖ਼ਿਲਾਫ਼ ਪਾਏ ਜਾ ਰਹੇ ਗੁੱਸੇ ਨੂੰ ਸਾਹਮਣੇ ਲੈ ਆਂਦਾ ਹੈ, ਜਿਹੜੀ ਪਾਰਟੀ ਆਪਣੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ‘ਚ ‘ਆਪ’ ਦੀ ਮਿਲੀਭੁਗਤ ਨਾਲ ਕਿਸਾਨ ਵਿਰੋਧੀ ਬਿੱਲ ਲਾਗੂ ਕਰਵਾਉਣ ਦੀ ਜ਼ਿੰਮੇਵਾਰ ਹੈ।
ਕਿਸਾਨੀ ਅੰਦੋਲਨ ਨੇ ਭਾਜਪਾ ਨੂੰ ਲਾਈ ਢਾਹ
ਚੰਡੀਗੜ੍ਹ : ਪੰਜਾਬ ਤੋਂ ਉੱਠੇ ਕਿਸਾਨੀ ਅੰਦੋਲਨ ਦਾ ਅਸਰ ਸੂਬੇ ਦੀਆਂ ਮਿਉਂਸਿਪਲ ਚੋਣਾਂ ‘ਤੇ ਸਪੱਸ਼ਟ ਦੇਖਿਆ ਜਾ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਦੌਰਾਨ ਕਿਸਾਨੀ ਅੰਦੋਲਨ ਕਰਕੇ ਭਾਜਪਾ ਨੂੰ ਉਮੀਦਵਾਰ ਲੱਭਣ ‘ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨੀ ਅੰਦੋਲਨ ਦਾ ਲਾਭ ਹੁਕਮਰਾਨ ਧਿਰ ਕਾਂਗਰਸ ਨੂੰ ਮਿਲਿਆ ਦਿਖਾਈ ਦੇ ਰਿਹਾ ਹੈ।
ਅਕਾਲੀਆਂ ਨਾਲੋਂ ਸਾਂਝ ਭਿਆਲੀ ਤੋੜਨ ਤੋਂ ਬਾਅਦ ਸੂਬੇ ਵਿੱਚ ਆਪਣੇ ਦਮ ‘ਤੇ ਸਰਕਾਰ ਬਣਾਉਣ ਦੇ ਦਮਗਜ਼ੇ ਮਾਰਨ ਵਾਲੀ ਭਾਰਤੀ ਜਨਤਾ ਪਾਰਟੀ ਲਈ ਮਿਉਂਸਿਪਲ ਚੋਣਾਂ ਦੇ ਨਤੀਜੇ ਨਮੋਸ਼ੀ ਦਾ ਸਭ ਤੋਂ ਵੱਡਾ ਕਾਰਨ ਬਣ ਗਏ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰਾਂ ਸੰਨੀ ਦਿਓਲ ਨੇ ਗੁਰਦਾਸਪੁਰ ਅਤੇ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਤੋਂ ਜਿੱਤ ਹਾਸਲ ਕੀਤੀ ਸੀ।
ਸੋਮ ਪ੍ਰਕਾਸ਼ ਨੂੰ ਤਾਂ ਮੋਦੀ ਸਰਕਾਰ ਨੇ ਮੰਤਰੀ ਦਾ ਰੁਤਬਾ ਵੀ ਦਿੱਤਾ ਹੋਇਆ ਹੈ। ਦੋਵੇਂ ਸੰਸਦੀ ਹਲਕਿਆਂ ‘ਚ ਪੈਂਦੀਆਂ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ‘ਤੇ ਭਾਜਪਾ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਹੁਸ਼ਿਆਰਪੁਰ ‘ਚ ਭਾਜਪਾ ਨੂੰ 4 ਸੀਟਾਂ ਨਾਲ ਸਬਰ ਕਰਨਾ ਪਿਆ। ਮੁਕੇਰੀਆਂ ਵਿੱਚ ਹੀ ਭਾਜਪਾ ਦੇ 3 ਐੱਮਸੀ ਜਿੱਤ ਸਕੇ ਹਨ ਅਤੇ ਦਸੂਹਾ, ਟਾਂਡਾ, ਸ਼ਾਮ ਚੁਰਾਸੀ ਆਦਿ ‘ਚ ਤਾਂ ਭਗਵਾਂ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਅਬੋਹਰ, ਜਿੱਥੇ ਭਾਜਪਾ ਆਪਣਾ ਦਬਦਬਾ ਮੰਨਦੀ ਹੈ, ‘ਚ ਵੀ ਉਸ ਦਾ ਖਾਤਾ ਨਹੀਂ ਖੁੱਲ੍ਹਿਆ। ਆਨੰਦਪੁਰ ਸਾਹਿਬ ਵਿੱਚ ਸਾਰੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਹ ਇਲਾਕਾ ਵੀ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ, ਜਿੱਥੇ ਭਾਜਪਾ ਆਪਣੇ ਆਪ ਨੂੰ ਹਮੇਸ਼ਾ ਪੱਕੇ ਪੈਰੀਂ ਸਮਝਦੀ ਹੈ, ਦੀਆਂ ਕੌਂਸਲਾਂ ‘ਚ ਵੀ ਭਾਜਪਾ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …