Breaking News
Home / ਭਾਰਤ / ਮਹਾਰਾਸ਼ਟਰ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਪਿਆਜ਼ਾਂ ਦੇ ਪਾਰਸਲ

ਮਹਾਰਾਸ਼ਟਰ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਪਿਆਜ਼ਾਂ ਦੇ ਪਾਰਸਲ

ਪਿਆਜ਼ਾਂ ਦੀਆਂ ਡਿੱਗੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਇਆ
ਪੁਣੇ : ਮਹਾਰਾਸ਼ਟਰ ਵਿੱਚ ਪੈਂਦੇ ਅਹਿਮਦਨਗਰ ਤੋਂ ਕਿਸਾਨਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਕ ਰਾਹੀਂ ਪਿਆਜ਼ਾਂ ਦੇ ਪਾਰਸਲ ਭੇਜ ਕੇ ਮੰਗ ਕੀਤੀ ਹੈ ਕਿ ਪਿਆਜ਼ਾਂ ਦੇ ਡਿੱਗ ਰਹੇ ਭਾਅ ਤੋਂ ਨਿਜਾਤ ਦਿਵਾਈ ਜਾਵੇ ਅਤੇ ਪਿਆਜ਼ਾਂ ਦੀ ਫ਼ਸਲ ਦੀ ਬਰਾਮਦ ‘ਤੇ ਲਗਾਈ ਰੋਕ ਹਟਾਈ ਜਾਵੇ। ਸ਼ੇਤਕਾਰੀ ਸੰਗਠਨ ਤੇ ਸ਼ੇਤਕਾਰੀ ਵਿਕਾਸ ਮੰਡਲ ਨਾਲ ਸਬੰਧਤ ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਿਆਜ਼ਾਂ ਦੀ ਇਕ ਖੇਪ ਭੇਜੀ ਗਈ ਹੈ। ਇਕ ਕਿਸਾਨ ਨੇ ਕਿਹਾ, ”ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਤੁਰੰਤ ਪਿਆਜ਼ਾਂ ਤੇ ਹੋਰ ਖੇਤੀ ਜਿਣਸਾਂ ਦੀ ਬਰਾਮਦ ‘ਤੇ ਲੱਗੀ ਰੋਕ ਹਟਾਏ। ਇਸ ਨਾਲ ਕਿਸਾਨਾਂ ਵਾਸਤੇ ਕੌਮਾਂਤਰੀ ਬਾਜ਼ਾਰ ਦਾ ਰਾਹ ਖੁੱਲ੍ਹਣ ਵਿੱਚ ਮਦਦ ਮਿਲੇਗੀ। ਅਸੀਂ ਪਿਛਲੇ ਸਾਲ ਆਪਣੀ ਜਿਣਸ ਵੇਚਣ ਵਾਲੇ ਕਿਸਾਨਾਂ ਲਈ 1000 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦੀ ਮੰਗ ਵੀ ਕਰਦੇ ਹਾਂ।” ਉਸ ਨੇ ਦਾਅਵਾ ਕੀਤਾ, ”ਲਾਗਤ ਬਹੁਤ ਜ਼ਿਆਦਾ ਹੈ। ਕਿਸਾਨਾਂ ਨੂੰ ਖਾਦਾਂ, ਕੀਟਨਾਸ਼ਕਾਂ, ਪੈਟਰੋਲ ਤੇ ਡੀਜ਼ਲ ਲਈ ਆਲਮੀ ਬਾਜ਼ਾਰ ਮੁਤਾਬਕ ਖਰਚ ਕਰਨਾ ਪੈਂਦਾ ਹੈ। ਹਾਲਾਂਕਿ, ਜਦੋਂ ਜਿਣਸ ਵੇਚਣ ਦੀ ਵਾਰੀ ਆਉਂਦੀ ਹੈ ਤਾਂ ਸਾਨੂੰ ਭਾਰਤੀ ਬਾਜ਼ਾਰ ਦੇ ਭਾਅ ਮੁਤਾਬਕ ਵੇਚਣੀ ਪੈਂਦੀ ਹੈ।”
ਕੀਮਤਾਂ ਤੋਂ ਨਿਰਾਸ਼ ਕਿਸਾਨ ਨੇ ਪਿਆਜ਼ਾਂ ਦੀ ਫ਼ਸਲ ਨੂੰ ਅੱਗ ਲਗਾਈ
ਨਾਸਿਕ : ਪਿਆਜ਼ਾਂ ਦੀਆਂ ਮੁੱਧੇ ਮੂੰਹ ਡਿੱਗੀਆਂ ਕੀਮਤਾਂ ਤੋਂ ਨਿਰਾਸ਼ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇਕ ਕਿਸਾਨ ਨੇ ਸਰਕਾਰ ਦੀਆਂ ਨੀਤੀਆਂ ਖਿਲਾਫ ਅਤੇ ਕਾਸ਼ਤਕਾਰਾਂ ਦਾ ਦਰਦ ਬਿਆਨ ਕਰਨ ਲਈ ਪਿਆਜ਼ਾਂ ਦੀ ਫ਼ਸਲ ਨੂੰ ਅੱਗ ਲਗਾ ਦਿੱਤੀ। ਮਹਾਰਾਸ਼ਟਰ ਵਿੱਚ ਇਹ ਪ੍ਰਦਰਸ਼ਨ ਹੋਲਿਕਾ ਦਹਿਨ ਮੌਕੇ ਕੀਤਾ ਗਿਆ। ਨਾਸਿਕ ਵਿੱਚ ਪੈਂਦੀ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ਾਂ ਦੀ ਥੋਕ ਮਾਰਕੀਟ ਲਾਸਲਗਾਓਂ ਵਿੱਚ ਪੈਂਦੀ ਖੇਤੀ ਜਿਣਸ ਮਾਰਕੀਟ ਕਮੇਟੀ (ਏਪੀਐੱਮਸੀ) ਵਿੱਚ ਪਿਆਜ਼ਾਂ ਦੇ ਭਾਅ ਮੁੱਧੇ ਮੂੰਹ ਡਿੱਗਣ ਕਾਰਨ ਪਿਆਜ਼ਾਂ ਦੇ ਕਾਸ਼ਤਕਾਰ ਸੰਕਟ ਨਾਲ ਜੂਝ ਰਹੇ ਹਨ।

 

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …