Breaking News
Home / ਭਾਰਤ / ਦਿੱਲੀ ‘ਚ ਸਿੱਖ ਆਟੋ ਚਾਲਕ ਦੀ ਕੁੱਟਮਾਰ ਦਾ ਮਾਮਲਾ

ਦਿੱਲੀ ‘ਚ ਸਿੱਖ ਆਟੋ ਚਾਲਕ ਦੀ ਕੁੱਟਮਾਰ ਦਾ ਮਾਮਲਾ

10 ਪੁਲਿਸ ਮੁਲਾਜ਼ਮਾਂ ਕੋਲੋਂ ਹੋਵੇਗੀ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੂੰ ਦਿੱਲੀ ਪੁਲਿਸ ਨੇ ਦੱਸਿਆ ਕਿ ਮੁਖਰਜੀ ਨਗਰ ਥਾਣੇ ਨੇੜੇ ਪਿਛਲੇ ਮਹੀਨੇ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨ ਵਾਲੇ 10 ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਪਹਿਲਾਂ ਹੀ ਮੁਅੱਤਲ ਕੀਤੇ ਜਾ ਚੁੱਕੇ ਸਨ। ਮੁੱਖ ਜਸਟਿਸ ਡੀ.ਐੱਨ. ਪਟੇਲ ਤੇ ਜਸਟਿਸ ਹਰੀ ਸ਼ੰਕਰ ਦੀ ਅਦਾਲਤ ਵਿੱਚ ਦਿੱਲੀ ਪੁਲਿਸ ਨੇ ਇਸ ਮਾਮਲੇ ਸਬੰਧੀ ਸਥਿਤੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਦਿੱਲੀ ਪੁਲਿਸ ਦੀ ਗ਼ੈਰ-ਪੇਸ਼ੇਵਰਾਨਾ ਪਹੁੰਚ ਦਾ ਜ਼ਿਕਰ ਕੀਤਾ ਗਿਆ। ਅੰਤਰਿਮ ਰਿਪੋਰਟ ਵਿਚ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਭਾਵੇਂ ਗ੍ਰਾਮੀਣ ਆਟੋ ਚਾਲਕ ਤੇ ਉਸ ਦੇ ਨਾਬਾਲਗ ਪੁੱਤਰ ਦਾ ਰੁਖ਼ ਹਮਲਾਵਰ ਸੀ ਪਰ ਫਿਰ ਵੀ ਪੁਲਿਸ ਨੂੰ ਦੋਵਾਂ ਨੂੰ ਘੜੀਸਣ ਤੇ ਗੈਰ-ਵਿਹਾਰਕ ਪਹੁੰਚ ਅਪਨਾਉਣ ਦੀ ਥਾਂ ਪੇਸ਼ੇਵਰਾਨਾ ਤੇ ਸਬਰ ਵਾਲਾ ਵਰਤਾਅ ਕਰਨਾ ਚਾਹੀਦਾ ਸੀ। ਪੀੜਤ ਸਰਬਜੀਤ ਸਿੰਘ ਵੱਲੋਂ ਪੇਸ਼ ਵਕੀਲਾਂ ਰਵਿੰਦਰ ਘੁੰਮਣ, ਪੁਨੀਤ ਸਿੰਘ ਤੇ ਹਰੀਸ਼ ਸਿੰਘ ਹੰਸ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਅਪਰਾਧ ਸ਼ਾਖਾ ਦੀ ਸਾਂਝੀ ਵਿਭਾਗੀ ਜਾਂਚ 24 ਘੰਟਿਆਂ ਵਿਚ ਸ਼ੁਰੂ ਕੀਤੀ ਜਾਵੇਗੀ ਤੇ ਚਾਰ ਹਫ਼ਤਿਆਂ ਵਿੱਚ ਅਦਾਲਤ ਨੂੰ ਰਿਪੋਰਟ ਦਿੱਤੀ ਜਾਵੇਗੀ। ਪੀੜਤ ਦੇ ਵਕੀਲਾਂ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਰਿਪੋਰਟ ਨੂੰ ਚੁਣੌਤੀ ਦਿੱਤੀ ਜਾਵੇਗੀ ਕਿਉਂਕਿ ਇਸ ਰਿਪੋਰਟ ਵਿਚ ਕਈ ਖਾਮੀਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ ਦੋ ਸਤੰਬਰ ਨੂੰ ਹੋਵੇਗੀ।
ਇਸੇ ਦੌਰਾਨ ਸੀਮਾ ਸਿੰਘਲ ਵੱਲੋਂ ਇਸ ਘਟਨਾ ਦੀ ਆਜ਼ਾਦ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕਰਨ ਸਬੰਧੀ ਪਟੀਸ਼ਨ ‘ਤੇ ਪੇਸ਼ ਵਕੀਲ ਘੁੰਮਣ ਨੇ ਪੁਲਿਸ ਰਿਪੋਰਟ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਇਕਤਰਫ਼ਾ ਜਾਂਚ ਹੈ ਅਤੇ ਇਸ ਵਿੱਚ ਪਿਉ-ਪੁੱਤਰ ਦੇ ਬਿਆਨ ਨਹੀਂ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

Check Also

ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਵੀ ਕਾਂਗਰਸ ਖਿਲਾਫ ਬੋਲੇ ਭਾਜਪਾ ਪ੍ਰਧਾਨ ਜੇਪੀ ਨੱਢਾ

ਕਿਹਾ : ਕਾਂਗਰਸ ਓਬੀਸੀ, ਐਸਸੀ ਅਤੇ ਐਸਟੀ ਦਾ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ …