Breaking News
Home / ਭਾਰਤ / ਨੌਕਰੀ ਬਦਲੇ ਜ਼ਮੀਨ ਘੁਟਾਲਾ ਮਾਮਲਾ

ਨੌਕਰੀ ਬਦਲੇ ਜ਼ਮੀਨ ਘੁਟਾਲਾ ਮਾਮਲਾ

ਸੀਬੀਆਈ ਵੱਲੋਂ ਹੁਣ ਲਾਲੂ ਪ੍ਰਸਾਦ ਤੋਂ ਪੁੱਛ-ਪੜਤਾਲ
ਰਾਬੜੀ ਦੇਵੀ ਕੋਲੋਂ ਵੀ ਪੁੱਛੇ ਗਏ ਸਨ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਨੌਕਰੀਆਂ ਬਦਲੇ ਜ਼ਮੀਨ ਘੁਟਾਲੇ ਨਾਲ ਜੁੜੇ ਕੇਸ ਵਿੱਚ ਸਾਬਕਾ ਰੇਲ ਮੰਤਰੀ ਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਤੋਂ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਕਾਬਿਲੇਗੌਰ ਹੈ ਕਿ 2004 ਤੋਂ 2009 ਦੇ ਅਰਸੇ ਦੌਰਾਨ ਲਾਲੂ ਪ੍ਰਸਾਦ ਯਾਦਵ ਦੇ ਯੂਪੀਏ ਸਰਕਾਰ ਵਿੱਚ ਰੇਲ ਮੰਤਰੀ ਰਹਿੰਦਿਆਂ ਕੁਝ ਲੋਕਾਂ ਨੂੰ ਰੇਲਵੇ ਵਿੱਚ ਨੌਕਰੀ ਦਿੱਤੀ ਗਈ ਸੀ, ਤੇ ਬਦਲੇ ਵਿੱਚ ਯਾਦਵ ਪਰਿਵਾਰ ਤੇ ਉਨ੍ਹਾਂ ਦੇ ਨੇੜਲਿਆਂ ਨੂੰ ਕਥਿਤ ਇਨ੍ਹਾਂ ਲੋਕਾਂ ਵੱਲੋਂ ਤੋਹਫ਼ੇ ਦੇ ਰੂਪ ਵਿੱਚ ਜਾਂ ਫਿਰ ਸਸਤੇ ਭਾਅ ਜ਼ਮੀਨਾਂ ਵੇਚੀਆਂ ਗਈਆਂ ਸਨ। ਇਸ ਦੌਰਾਨ ਲਾਲੂ ਪ੍ਰਸਾਦ ਦੀ ਸਿੰਗਾਪੁਰ ਰਹਿੰਦੀ ਧੀ ਰੋਹਿਨੀ ਆਚਾਰੀਆ ਨੇ ਟਵੀਟ ਕਰਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਉਸ ਦੇ ਪਿਤਾ ਨੂੰ ‘ਤੰਗ ਪ੍ਰੇਸ਼ਾਨ’ ਕਰਨ ਦਾ ਆਰੋਪ ਲਾਇਆ ਹੈ। ਅਚਾਰੀਆ ਨੇ ਹੀ ਪਿਤਾ ਨੂੰ ਆਪਣਾ ਗੁਰਦਾ ਦਿੱਤਾ ਸੀ। ਅਧਿਕਾਰੀਆਂ ਮੁਤਾਬਕ ਪੰਜ ਸੀਬੀਆਈ ਅਧਿਕਾਰੀਆਂ ਦੀ ਟੀਮ ਦੋ ਕਾਰਾਂ ਵਿੱਚ ਸਵਾਰ ਹੋ ਕੇ ਮੰਗਲਵਾਰ ਸਵੇਰੇ 10:40 ਵਜੇ ਮੀਸਾ ਭਾਰਤੀ ਦੀ ਇੰਡੀਆ ਗੇਟ ਨੇੜੇ ਪੰਡਾਰਾ ਪਾਰਕ ਸਥਿਤ ਰਿਹਾਇਸ਼ ‘ਤੇ ਪੁੱਜੀ। ਦੋ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਸੀਬੀਆਈ ਦੀ ਟੀਮ 12:55 ਵਜੇ ਉਥੋਂ ਦੁਪਹਿਰ ਦੇ ਖਾਣੇ ਲਈ ਨਿਕਲ ਗਈ। ਬਾਅਦ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਸੀਬੀਆਈ ਟੀਮ ਫਿਰ ਉਥੇ ਪੁੱਜੀ ਤੇ ਪੁੱਛ-ਪੜਤਾਲ ਮੁੜ ਆਰੰਭ ਕੀਤੀ। ਸੀਬੀਆਈ ਟੀਮ ਵੱਲੋਂ ਇਸ ਪੂਰੇ ਅਮਲ ਦੀ ਵੀਡੀਓਗ੍ਰਾਫੀ ਕੀਤੀ ਗਈ ਤੇ ਇਸ ਦੌਰਾਨ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੂੰ ਕੁਝ ਦਸਤਾਵੇਜ਼ ਵੀ ਵਿਖਾਏ ਗਏ। ਦੱਸ ਦੇਈਏ ਕਿ ਸਿੰਗਾਪੁਰ ਵਿੱਚ ਗੁਰਦਾ ਬਦਲਾਉਣ ਮਗਰੋਂ ਲਾਲੂ ਯਾਦਵ ਆਪਣੀ ਧੀ ਮੀਸਾ ਕੋਲ ਹੀ ਰਹਿ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਇਸ ਕੇਸ ਵਿੱਚ ਅਪਰਾਧਿਕ ਸਾਜਿਸ਼ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਕਈ ਵਿਵਸਥਾਵਾਂ ਤਹਿਤ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ ਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ 14 ਹੋਰਨਾਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ ਤੇ ਸਾਰੇ ਮੁਲਜ਼ਮਾਂ ਨੂੰ 15 ਮਾਰਚ ਲਈ ਸੰਮਨ ਕੀਤਾ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੱਜਰੀ ਪੁੱਛ-ਪੜਤਾਲ ਵਿੱਚ ਘੁਟਾਲੇ ਵਿੱਚ ਵਰਤੇ ਪੈਸੇ ਤੇ ਇਸ ਪਿਛਲੀ ਵਡੇਰੀ ਸਾਜਿਸ਼ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੀਬੀਆਈ ਦੀ ਟੀਮ ਨੇ ਲੰਘੇ ਦਿਨ ਰਾਬੜੀ ਦੇਵੀ ਤੋਂ ਉਨ੍ਹਾਂ ਦੀ ਪਟਨਾ ਸਥਿਤ ਰਿਹਾਇਸ਼ ‘ਤੇ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਸੀ।
ਭ੍ਰਿਸ਼ਟਾਚਾਰ ਦੇ ਆਰੋਪਾਂ ਦੀ ਜਾਂਚ ਕਿਉਂ ਨਹੀਂ ਹੋ ਸਕਦੀ: ਭਾਜਪਾ
ਨਵੀਂ ਦਿੱਲੀ:ਭਾਜਪਾ ਨੇ ਨੌਕਰੀਆਂ ਬਦਲੇ ਜ਼ਮੀਨ ਘੁਟਾਲਾ ਕੇਸ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਕੀਤੀ ਪੁੱਛ-ਪੜਤਾਲ ਲਈ ਜੇਡੀਯੂ ਤੇ ਆਰਜੇਡੀ ਨੂੰ ਨਿਸ਼ਾਨਾ ਬਣਾਉਂਦਿਆਂ ਸਵਾਲ ਕੀਤਾ ਕਿ ਜੇਕਰ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਹਨ ਤਾਂ ਫਿਰ ਇਸ ਦੀ ਜਾਂਚ ਕਿਉਂ ਨਹੀਂ ਹੋ ਸਕਦੀ। ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਾਲ 2017 ਵਿੱਚ ਨਿਤੀਸ਼ ਕੁਮਾਰ ਮਹਿਜ਼ ਇਸ ਲਈ ਯਾਦਵ ਦੀ ਪਾਰਟੀ (ਆਰਜੇਡੀ) ਦਾ ਸਾਥ ਛੱਡ ਗਏ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਘੁਟਾਲਿਆਂ ਦੇ ਜਵਾਬ ਨਹੀਂ ਮਿਲ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਨੇ ਸਵਾਲ ਕੀਤਾ ਕਿ ਕੀ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪਾ ਦਾ ਜਵਾਬ ਮਿਲਣਾ ਚਾਹੀਦਾ ਹੈ ਜਾਂ ਨਹੀਂ। ਇਥੇ ਭਾਜਪਾ ਹੈੱਡਕੁਆਰਟਰ ‘ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਸਾਦ ਨੇ ਕਿਹਾ, ”ਅੱਜ ਜਦੋਂ ਇਨ੍ਹਾਂ ਘੁਟਾਲਿਆਂ ਨੂੰ ਲੈ ਕੇ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ ਤੇ ਜਾਂਚ ਜਾਰੀ ਹੈ, ਇਸ ਵਿੱਚ ਪਛਤਾਵੇ ਵਾਲੇ ਕਿਹੜੀ ਗੱਲ ਹੈ?”

 

Check Also

ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

200 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋਏ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ …