ਭਾਰਤ ‘ਚ ਸਤੰਬਰ ਤੱਕ ਹੋ ਸਕਦੇ ਹਨ ਕਰੋਨਾ ਦੇ 111 ਕਰੋੜ ਮਾਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼ਅਮਰੀਕਾ ਸਥਿਤ ‘ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ’ ਸੰਸਥਾ ਨੇ 20 ਅਪ੍ਰੈਲ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਤੰਬਰ ਤੱਕ ਭਾਰਤ ਵਿੱਚ ਕਰੋਨਾ ਵਾਇਰਸ ਦੇ ਕਥਿਤ 111 ਕਰੋੜ ਮਾਮਲੇ ਹੋ ਸਕਦੇ ਹਨ, ਇਹ ਲਗਾਤਾਰ ਲੌਕਡਾਊਨ ਅਤੇ ਜਨਤਕ ਦੂਰੀ ਤੋਂ ਬਾਅਦ ਵੀ ਸੰਭਵ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਅਨੁਮਾਨ ਕਰੋਨਾ ਦੇ ਨਵੇਂ ਮਾਮਲਿਆਂ ਦੇ ਅੰਕੜਿਆਂ ਉੱਤੇ ਆਧਾਰਤ ਹਨ। ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 23 ਹਜ਼ਾਰ 500 ਨੂੰ ਪਾਰ ਕਰ ਗਿਆ ਜਦਕਿ 718 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਵਿਸ਼ਵ ਭਰ ‘ਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 1 ਲੱਖ 90 ਹਜ਼ਾਰ ਨੂੰ ਪਾਰ ਕਰ ਚੁੱਕਾ ਹੈ ਜਦਕਿ ਕਰੋਨਾ ਪੀੜਤ ਮਰੀਜਾਂ ਦਾ ਅੰਕੜਾ ਵੀ 27 ਲੱਖ 26 ਹਜ਼ਾਰ ਨੂੰ ਪਾਰ ਕਰ ਗਿਆ ਹੈ। ਕਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਹੇ ਅਮਰੀਕਾ ਦੀ ਹਾਲਤ ਇਸ ਸਮੇਂ ਸਭ ਤੋਂ ਮਾੜੀ ਬਣੀ ਹੋਈ ਹੈ ਪਿਛਲੇ ਲੰਘੇ 24 ਘੰਟਿਆਂ ਦੌਰਾਨ ਅਮਰੀਕਾ ਅੰਦਰ 3 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਜਾਨ ਚਲੀ ਗਈ ਹੈ ਅਤੇ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 50 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਇਸ ਸਭ ਕੁਝ ਦੇ ਚਲਦਿਆਂ ਨਿਊਯਾਰਕ ਵਿਚ ਪਾਬੰਦੀਆਂ ਹਟਾਉਣ ਦੀ ਮੰਗ ਜ਼ੋਰ ਫੜ ਗਈ ਹੈ ਅਤੇ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਮੇਅਰ ਬਿਲ ਬਲੇਸੀਆ ਨੇ ਕਿਹਾ ਕਿ ਮਈ ਦੇ ਅੰਤ ਤੱਕ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ।