ਦਿੱਲੀ ਤੋਂ ‘ਆਪ’ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਹੋਇਆ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ-2019 ਲਈ ਦਿੱਲੀ ਲਈ ਇਕ ਸੀਟ ਨੂੰ ਛੱਡ ਕੇ ਬਾਕੀ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਨਾਲ ਹੁਣ ਕੋਈ ਚੋਣ ਸਮਝੌਤਾ ਨਹੀਂ ਕਰੇਗੀ। ਇਸ ਵਾਰ ਵੀ ‘ਆਪ’ ਹੋਰ ਸਿਆਸੀ ਪਾਰਟੀਆਂ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਕੇ ਬਾਜ਼ੀ ਮਾਰ ਗਈ ਹੈ। ਆਪ ਨੇ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਬ੍ਰਿਜੇਸ਼ ਗੋਇਲ ਨੂੰ ਉਮੀਦਵਾਰ ਬਣਾਇਆ ਹੈ ਜਿੱਥੋਂ ਪਿਛਲੇ ਸਾਲ ਭਾਜਪਾ ਦੀ ਮੀਨਾਕਸ਼ੀ ਲੇਖੀ ਚੋਣ ਜਿੱਤੀ ਸੀ। ਦਿੱਲੀ ਸਰਕਾਰ ਵਿੱਚ ਸਿੱਖਿਆ ਖੇਤਰ ਵਿੱਚ ਅਹਿਮ ਕੰਮ ਕਰਕੇ ਚਰਚਿਤ ਹੋਈ ਆਤਿਸ਼ੀ ਨੂੰ ਪੂਰਬੀ ਦਿੱਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿੱਥੋਂ ਭਾਜਪਾ ਦੇ ਮਹੇਸ਼ ਗਿਰੀ ਜਿੱਤੇ ਸਨ। ਭਾਜਪਾ ਦੇ ਪ੍ਰਦੇਸ਼ਕ ਪ੍ਰਧਾਨ ਮਨੋਜ ਤਿਵਾੜੀ ਦੇ ਲੋਕ ਸਭਾ ਹਲਕੇ ਉੱਤਰ-ਪੂਰਬੀ ਤੋਂ ‘ਆਪ’ ਨੇ ਦਿੱਲੀ ਪ੍ਰਦੇਸ਼ ਇਕਾਈ ਦੇ ਸਾਬਕਾ ਕਨਵੀਨਰ ਦਲੀਪ ਪਾਂਡੇ ਨੂੰ ਉਮੀਦਵਾਰ ਐਲਾਨਿਆ ਹੈ। ਦੱਖਣੀ ਦਿੱਲੀ ਤੋਂ ਆਪ ਦੇ ਵਿੱਤੀ ਮਾਮਲਿਆਂ ਨਾਲ ਜੁੜੇ ਨੌਜਵਾਨ ਸੀ ਏ ਰਾਘਵ ਚੱਢਾ ਉਮੀਦਵਾਰ ਹੋਣਗੇ। ਉਹ ਪਹਿਲਾਂ ਦਿੱਲੀ ਸਰਕਾਰ ਨੇ ਵਿੱਤ ਮਹਿਕਮੇ ਵਿੱਚ ਸਲਾਹਕਾਰ ਵੀ ਸਨ। ਦੱਖਣੀ ਦਿੱਲੀ ਤੋਂ ਸਾਲ 2014 ਵਿਚ ਭਾਜਪਾ ਦੇ ਰਮੇਸ਼ ਬਿਧੂੜੀ ਜਿੱਤੇ ਸਨ। ਆਮ ਆਦਮੀ ਪਾਰਟੀ ਨੇ ਤਿੰਨ ਨਵੇਂ ਚਿਹਰੇ ਵੀ ਸਾਹਮਣੇ ਲਿਆਂਦੇ ਹਨ। ਚਾਂਦਨੀ ਚੌਕ ਤੋਂ ਪੰਕਜ ਗੁਪਤਾ ਐਲਾਨੇ ਗਏ ਹਨ ਜਿੱਥੋਂ ਹੁਣ ਲੋਕ ਸਭਾ ਲਈ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੁਮਾਇੰਦਗੀ ਕਰ ਰਹੇ ਹਨ। ਉੱਤਰੀ-ਪੱਛਮੀ ਦਿੱਲੀ ਤੋਂ ਗੁਗਨ ਸਿੰਘ ਰੰਗਾ ਨੂੰ ਟਿਕਟ ਦਿੱਤੀ ਗਈ ਹੈ ਜਿੱਥੋਂ ਭਾਜਪਾ ਦੇ ਉਦਿਤ ਰਾਜ ਜਿੱਤੇ ਸਨ। ਪੱਛਮੀ ਦਿੱਲੀ ਹਲਕੇ ਤੋਂ ਅਜੇ ਉਮੀਦਵਾਰ ਦੀ ਚੋਣ ਹੋਣੀ ਹੈ ਤੇ ਇੱਥੋਂ ਕਿਸੇ ਖਾਸ ਨੀਤੀ ਤਹਿਤ ਉਮੀਦਵਾਰ ਨਹੀਂ ਐਲਾਨਿਆ ਗਿਆ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …