Breaking News
Home / ਭਾਰਤ / ਮਸੂਦ ਅਜ਼ਹਰ ਦੀ ਮੌਤ ਦੇ ਚਰਚੇ

ਮਸੂਦ ਅਜ਼ਹਰ ਦੀ ਮੌਤ ਦੇ ਚਰਚੇ

ਸੂਹੀਆ ਰਿਪੋਰਟਾਂ ਸੱਚਾਈ ਜਾਣਨ ਦੀਆਂ ਕਰ ਰਹੀਆਂ ਹਨ ਕੋਸ਼ਿਸ਼ਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸੋਸ਼ਲ ਮੀਡੀਆ ਦੇ ਇਕ ਹਿੱਸੇ ਵਿੱਚ ਅਜਿਹੀਆਂ ਰਿਪੋਰਟਾਂ ਹਨ ਕਿ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੀ ਮੌਤ ਹੋ ਗਈ ਹੈ। ਅਜ਼ਹਰ ਦੀ ਮੌਤ ਗੁਰਦੇ ਖਰਾਬ ਹੋਣ ਕਰਕੇ ਹੋਈ ਹੈ ਜਾਂ ਉਹ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ‘ਤੇ ਕੀਤੇ ਹਵਾਈ ਹਮਲਿਆਂ ਵਿੱਚ ਮਾਰਿਆ ਗਿਆ ਹੈ, ਇਸ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ। ਅਧਿਕਾਰਤ ਤੌਰ ‘ਤੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਅਜ਼ਹਰ ਦੇ ਟਿਕਾਣੇ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੈਸ਼ ਮੁਖੀ ਭਾਰਤੀ ਹਵਾਈ ਫ਼ੌਜ ਵੱਲੋਂ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ‘ਤੇ ਕੀਤੀ ਹਵਾਈ ਬੰਬਾਰੀ ਦੌਰਾਨ ਮਾਰਿਆ ਗਿਆ ਹੈ। ਸੂਹੀਆ ਏਜੰਸੀਆਂ ਹਾਲਾਂਕਿ ਇਨ੍ਹਾਂ ਰਿਪੋਰਟਾਂ ਦੀ ਸਚਾਈ ਜਾਣਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਂਜ ਏਜੰਸੀਆਂ ਨੇ ਅਧਿਕਾਰਤ ਤੌਰ ‘ਤੇ ਇੰਨਾ ਜ਼ਰੂਰ ਮੰਨਿਆ ਹੈ ਕਿ ਉਨ੍ਹਾਂ ਕੋਲ ਇੰਨੀ ਜਾਣਕਾਰੀ ਜ਼ਰੂਰ ਸੀ ਕਿ ਗੁਰਦੇ ਖ਼ਰਾਬ ਹੋਣ ਕਰਕੇ ਜੈਸ਼ ਸਰਗਨਾ ਪਾਕਿਸਤਾਨ ਦੇ ਇਕ ਫੌਜੀ ਹਸਪਤਾਲ ਵਿੱਚ ਇਲਾਜ ਅਧੀਨ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਲੰਘੇ ਦਿਨੀਂ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੈਸ਼ ਮੁਖੀ ਮਸੂਦ ਅਜ਼ਹਰ ‘ਬਹੁਤ ਬਿਮਾਰ’ ਹੈ ਤੇ ਉਹ ਤੁਰਨ ਫਿਰਨ ਤੋਂ ਵੀ ਲਾਚਾਰ ਹੈ।
ਉਧਰ ਭਾਰਤੀ ਹਵਾਈ ਫ਼ੌਜ (ਆਈਏਐਫ) ਵੱਲੋਂ ਜੈਸ਼ ਦੇ ਕੈਂਪ ‘ਤੇ ਕੀਤੇ ਹਮਲਿਆਂ ਨਾਲ ਹੋਏ ਨੁਕਸਾਨ ਸਬੰਧੀ ਤਸਵੀਰਾਂ ਜਾਂ ਸਬੂਤ ਨਸ਼ਰ ਕੀਤੇ ਜਾਣ ਦੇ ਵਧਦੇ ਦਬਾਅ ਦਰਮਿਆਨ ਆਈਏਐਫ ਨੇ ਐਲਾਨ ਕੀਤਾ ਹੈ ਕਿ ਇਹ ਫੈਸਲਾ ਸਰਕਾਰ ‘ਤੇ ਮੁਨੱਸਰ ਕਰਦਾ ਹੈ। ਹਾਲਾਂਕਿ ਰਾਡਾਰ ਤਸਵੀਰਾਂ ਰਾਹੀਂ ਜਿਹੜੇ ਇਲੈਕਟ੍ਰੌਨਿਕ ਸਬੂਤ ਇਕੱਤਰ ਕੀਤੇ ਗਏ ਹਨ, ਉਹ ਜੈਸ਼ ਦੇ ਕੈਂਪ ਨੂੰ ਪੁੱਜੇ ਨੁਕਸਾਨ ਨੂੰ ਸਾਬਤ ਕਰਨ ਲਈ ਕਾਫ਼ੀ ਹਨ। ਆਈਏਐਫ ਦੇ ਹਮਲਿਆਂ ਨਾਲ ਕਿੰਨਾ ਜਾਨੀ ਨੁਕਸਾਨ ਹੋਇਆ, ਇਸ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਹੈ। ਉਧਰ ਪਾਕਿਸਤਾਨ ਨੇ ਵੀ ਕੋਈ ਅਜਿਹਾ ਨੁਕਸਾਨ ਹੋਣ ਤੋਂ ਇਨਕਾਰ ਕੀਤਾ ਹੈ। ਮਸੂਦ ਅਜ਼ਹਰ ਦੇ ਭਰਾ ਮੌਲਾਨ ਅੱਮਾਰ ਦੀ ਲੰਘੇ ਦਿਨ ਨਸ਼ਰ ਹੋਈ ਵੀਡੀਓ ਕਲਿੱਪ ਵਿੱਚ ਉਹਨੇ ਹਵਾਈ ਹਮਲੇ ਨਾਲ ਬਾਲਾਕੋਟ ਕੈਂਪ ਨੂੰ ਨੁਕਸਾਨ ਪੁੱਜਣ ਦੀ ਗੱਲ ਕਹੀ ਸੀ।
ਪਾਕਿ ਮੀਡੀਆ ਦਾ ਦਾਅਵਾ : ਹਾਲੇ ਜ਼ਿੰਦਾ ਹੈ ਮਸੂਦ ਅਜ਼ਹਰ
ਇਸਲਾਮਾਬਾਦ : ਪਾਕਿਸਤਾਨੀ ਮੀਡੀਆ ਜੈਸ਼-ਏ-ਮੁਹੰਮਦ ਦੇ ਸਰਗਣਾ ਦੀ ਮੌਤ ਦੀ ਖ਼ਬਰ ਦਾ ਖੰਡਨ ਕੀਤਾ ਹੈ। ਪਾਕਿ ਮੀਡੀਆ ਨੇ ਮਸੂਦ ਅਜ਼ਹਰ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਮੀਡੀਆ ਵਿਚ ਚੱਲ ਰਹੀਆਂ ਖ਼ਬਰਾਂ ਝੂਠੀਆਂ ਹਨ। ਓਧਰ ਪਾਕਿਸਤਾਨ ਵੱਲੋਂ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਮੌਤ ‘ਤੇ ਫਿਲਹਾਲ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …