ਹਮਲੇ ਵਾਲੀ ਥਾਂ ‘ਤੇ ਹੁਣ ਵੀ ਦਿਸ ਰਹੀਆਂ ਹਨ ਮਦਰੱਸੇ ਦੀਆਂ ਇਮਾਰਤਾਂ
ਨਵੀਂ ਦਿੱਲੀ : ਰਾਇਟਰਜ਼ ਨੂੰ ਪ੍ਰਾਪਤ ਹੋਈਆਂ ਉਪ-ਗ੍ਰਹਿ ਦੀਆਂ ਤਸਵੀਰਾਂ ਵਿੱਚ ਉੱਤਰ-ਪੱਛਮੀ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ ਇਸ ਜਗ੍ਹਾ ‘ਤੇ ਚੱਲਦੇ ਇਸਲਾਮਿਕ ਗਰੁੱਪ ਦੇ ਟਰੇਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ ਅਤੇ ਇਸ ਹਮਲੇ ਵਿੱਚ ਵੱਡੀ ਗਿਣਤੀ ਅੱਤਵਾਦੀ ਮਾਰੇ ਗਏ ਸਨ। ਸਾਨ ਫਰਾਂਸਿਸਕੋ ਆਧਾਰਿਤ ਇਕ ਨਿੱਜੀ ਉਪ ਗ੍ਰਹਿ ਅਪਰੇਟਰ ਪਲੈਨਿਟ ਲੈਬਜ਼ ਵੱਲੋਂ ਲਈਆਂ ਗਈਆਂ ਤਸਵੀਰਾਂ ਵਿੱਚ ਭਾਰਤੀ ਹਵਾਈ ਹਮਲੇ ਤੋਂ ਛੇ ਦਿਨਾਂ ਬਾਅਦ 4 ਮਾਰਚ ਨੂੰ ਵੀ ਮਦਰੱਸੇ ਦੀਆਂ ਛੇ ਇਮਾਰਤਾਂ ਖੜ੍ਹੀਆਂ ਦਿਸ ਰਹੀਆਂ ਹਨ। ਹੁਣ ਤੱਕ ਜਨਤਕ ਤੌਰ ‘ਤੇ ਉਪ-ਗ੍ਰਹਿ ਦੀਆਂ ਐਨੀਆਂ ਸਾਫ਼ ਤਸਵੀਰਾਂ ਮੌਜੂਦ ਨਹੀਂ ਸਨ, ਪਰ ਪਲੈਨਿਟ ਲੈਬ ਵੱਲੋਂ ਲਈਆਂ ਗਈਆਂ ਤਕਰੀਬਨ 72 ਸੈਂਟੀਮੀਟਰ ਦੀਆਂ ਉਪ-ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਇਮਾਰਤਾਂ ਖੜ੍ਹੀਆਂ ਸਾਫ਼ ਦਿਸ ਰਹੀਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਪ-ਗ੍ਰਹਿ ਦੀ ਇਸ ਤਸਵੀਰ ਵਿੱਚ ਅਪਰੈਲ 2018 ਤੋਂ ਲੈ ਕੇ ਹੁਣ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਇਆ ਹੈ। ਇਮਾਰਤਾਂ ਦੀਆਂ ਛੱਤਾਂ ਵਿੱਚ ਨਾ ਤਾਂ ਛੇਕ ਹਨ, ਨਾ ਝੁਲਸਣ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਇਨ੍ਹਾਂ ਇਮਾਰਤਾਂ ਦੀਆਂ ਕੰਧਾਂ ‘ਤੇ ਧੂੰਏਂ ਦੇ ਨਿਸ਼ਾਨ ਜਾਂ ਮਦਰੱਸੇ ਦੁਆਲੇ ਪੁੱਟੇ ਹੋਏ ਦਰੱਖਤਾਂ ਤੋਂ ਇਲਾਵਾ ਹਵਾਈ ਹਮਲੇ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦੇ ਰਹੇ ਹਨ।
ਭਾਰਤੀ ਹਵਾਈ ਫੌਜ ਵੱਲੋਂ ਨੁਕਸਾਨ ਦੀਆਂ ਤਸਵੀਰਾਂ ਜਾਰੀ
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਸਰਕਾਰੀ ਰਾਡਾਰਾਂ ਅਤੇ ਉਪ ਗ੍ਰਹਿ ਤੋਂ ਲਈਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਹਵਾਈ ਫੌਜ ਵੱਲੋਂ ਪਾਕਿਸਤਾਨ ਸਥਿਤ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਹਵਾਈ ਹਮਲਾ ਕਰਕੇ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਜਾਣਕਾਰੀ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਇਹ ਜਾਣਕਾਰੀ ਇੱਕ ਵਿਦੇਸ਼ੀ ਏਜੰਸੀ ਵੱਲੋਂ ਦਿੱਤੀ ਇਹ ਜਾਣਕਾਰੀ ਕਿ ਬਾਲਾਕੋਟ ਦੇ ਵਿੱਚ ਜੈਸ਼ ਦਾ ਮਦਰੱਸਾ ਅਜੇ ਵੀ ਮੌਜੂਦ ਹੈ ਤੇ ਇਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ, ਤੋਂ ਬਾਅਦ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ 26 ਫਰਵਰੀ ਨੂੰ ਕੀਤੇ ਹਵਾਈ ਹਮਲੇ ਦੇ ਸਾਰੇ ਸਬੂਤ ਦਿੱਤੇ ਹਨ। ਤਸਵੀਰਾਂ ਦੇ ਅਨੁਸਾਰ ਐੱਸ-2000 ਬੰਬਾਂ ਦੇ ਕਾਰਨ ਮਦਰੱਸੇ ਨੂੰ ਕਾਫੀ ਨੁਕਸਾਨ ਪੁੱਜਾ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …