
ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਕੀਤੀ ਸਾਂਝੀ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦਾ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਸਾਲਾਨਾ 35 ਲੱਖ ਯਾਤਰੀਆਂ ਦੀ ਸੂਚੀ ’ਚ ਸ਼ਾਮਿਲ ਹੋ ਗਿਆ ਹੈ। ਇਸ ਹਵਾਈ ਅੱਡੇ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਵਰ੍ਹੇ 2024-25 ਦੌਰਾਨ 35 ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਹਵਾਈ ਅੱਡੇ ਦੇ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਗਲੋਬਲ ਐਡਵੋਕੇਸੀ ਗਰੁੱਪ ਫਲਾਈ ਅੰਮਿ੍ਰਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਰਚ 2025 ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮਿ੍ਰਤਸਰ ਹਵਾਈ ਅੱਡੇ ਤੋਂ ਵਿੱਤੀ ਸਾਲ 2024-25 ਦੌਰਾਨ 35,42,880 ਯਾਤਰੀਆਂ ਨੇ ਹਵਾਈ ਸਫਰ ਕੀਤਾ। ਇਸ ਵਿਚ 11,53,461 ਅੰਤਰਰਾਸ਼ਟਰੀ ਅਤੇ 23,89,419 ਘਰੇਲੂ ਯਾਤਰੀ ਸ਼ਾਮਿਲ ਹਨ। ਇਹ ਅੰਕੜੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 14.8 ਪ੍ਰਤੀਸ਼ਤ ਵੱਧ ਹਨ, ਜਦੋਂ ਇਥੋਂ ਕੁੱਲ 30.86 ਲੱਖ ਯਾਤਰੀਆਂ ਨੇ ਉਡਾਣ ਭਰੀ ਸੀ।