ਮੰਗਲਵਾਰ ਨੂੰ ਕੈਨੇਡਾ ਦੀ ਪਾਰਲੀਆਮੈਂਟ ਨੂੰ ਸੰਬੋਧਨ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਸਿੱਧੇ ਤੌਰ ਉੱਤੇ ਕੈਨੇਡੀਅਨਜ਼ ਨੂੰ ਅਪੀਲ ਕੀਤੀ ਕਿ ਉਹ ਰੂਸ ਵੱਲੋਂ ਉਨ੍ਹਾਂ ਦੇ ਦੇਸ਼ ਉੱਤੇ ਕੀਤੇ ਜਾ ਰਹੇ ਹਮਲੇ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਹੋਰ ਮਦਦ ਕਰਨ।
ਵਰਚੂਅਲ ਤੌਰ ਉੱਤੇ ਸੰਸਦ ਨੂੰ ਸੰਬੋਧਨ ਕਰਦਿਆਂ ਜ਼ੈਲੈਂਸਕੀ ਨੇ ਆਖਿਆ, “ਆਪਾਂ ਲੰਮੇਂ ਸਮੇਂ ਤੋਂ ਦੋਸਤ ਹਾਂ ਜਸਟਿਨ, ਪਰ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਥਾਂ ਉੱਤੇ ਖੁਦ ਨੂੰ ਰੱਖ ਕੇ ਸੋਚੋਂਗੇ ਤਾਂ ਸਾਡੇ ਅਸਲੀ ਹਾਲਾਤ ਤੋਂ ਵਾਕਿਫ ਹੋ ਸਕੋਂਗੇ।”ਉਨ੍ਹਾਂ ਆਖਿਆ ਕਿ ਅਸੀਂ ਜਿਊਣਾ ਚਾਹੁੰਦੇ ਹਾਂ ਤੇ ਜਿੱਤਣਾ ਚਾਹੁੰਦੇ ਹਾਂ।
ਭਾਸ਼ਣ ਦਿੰਦੇ ਸਮੇਂ ਜ਼ੈਲੈਂਸਕੀ ਥੋੜ੍ਹਾ ਭਾਵੁਕ ਵੀ ਹੋ ਗਏ। ਜ਼ੈਲੈਂਸਕੀ ਨੇ ਆਖਿਆ ਕਿ ਤੁਸੀਂ ਜਦੋਂ ਆਪਣੇ ਦੋਸਤਾਂ, ਭਾਈਵਾਲ ਮੁਲਕਾਂ ਨੂੰ ਫੋਨ ਕਰਦੇ ਹੋ ਤੇ ਇਹ ਆਖਦੇ ਹੋਂ ਕਿ ਕ੍ਰਿਪਾ ਕਰਕੇ ਆਸਮਾਨ ਬੰਦ ਕਰ ਦਿਓ, ਏਅਰਸਪੇਸ ਬੰਦ ਕਰ ਦਿਓ।
ਉਨ੍ਹਾਂ ਆਖਿਆ ਕਿ ਸਾਡੇ ਸ਼ਹਿਰਾਂ ਉੱਤੇ ਹੋਰ ਕਿੰਨੇ ਬੰਬ ਡਿੱਗਣੇ ਬਾਕੀ ਹਨ? ਉਨ੍ਹਾਂ ਅੱਗੇ ਆਖਿਆ ਕਿ ਇਸ ਸੱਭ ਦੇ ਬਾਵਜੂਦ ਤੁਹਾਡੇ ਦੋਸਤ ਸਥਿਤੀ ਉੱਤੇ ਚਿੰਤਾ ਪ੍ਰਗਟਾਅ ਛੱਡਦੇ ਹਨ। ਜਿ਼ਕਰਯੋਗ ਹੈ ਕਿ ਜ਼ੈਲੈਂਸਕੀ ਲੰਮੇਂ ਸਮੇਂ ਤੋਂ ਯੂਕਰੇਨ ਉੱਤੇ ਨੋ ਫਲਾਈ ਜ਼ੋਨ ਬਣਾਉਣ ਦੀ ਮੰਗ ਕਰ ਰਹੇ ਹਨ। ਆਪਣੇ 20 ਮਿੰਟ ਦੇ ਭਾਸ਼ਣ ਵਿੱਚ ਜੈ਼ਲੈਂਸਕੀ ਨੇ ਕੈਨੇਡਾ ਨੂੰ ਅਪੀਲ ਕੀਤੀ ਕਿ ਉਹ ਮਿਲਟਰੀ ਤੇ ਮਾਨਵਤਾਵਾਦੀ ਮਦਦ ਜਾਰੀ ਰੱਖੇ।
ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਸ਼ਕਤੀਸ਼ਾਲੀ ਤੇ ਰਸੂਖਦਾਰ ਰੂਸੀ ਸ਼ਖਸੀਅਤਾਂ ਉੱਤੇ ਵੀ ਹੋਰ ਪਾਬੰਦੀਆਂ ਲਾਉਣ ਤਾਂ ਕਿ ਉਹ ਜੰਗ ਦੀਆਂ ਰੂਸ ਦੀਆਂ ਕੋਸਿ਼ਸ਼ਾਂ ਨੂੰ ਫੰਡ ਨਾ ਦੇ ਸਕਣ।