Breaking News
Home / ਕੈਨੇਡਾ / ‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਲਈ ਪ੍ਰਬੰਧਕਾਂ ਵਲੋਂ ਤਿਆਰੀਆਂ

‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਲਈ ਪ੍ਰਬੰਧਕਾਂ ਵਲੋਂ ਤਿਆਰੀਆਂ

ਬਰੈਂਪਟਨ/ਡਾ. ਝੰਡ : 20 ਮਈ ਨੂੰ ਹੋਣ ਜਾ ਰਹੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਕਾਂ ਦੇ ਨਾਲ ਨਾਲ ਇਸ ਵਾਰ ਵਿਦਿਆਰਥੀਆਂ ਵਿਚ ਵੀ ਬੜਾ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਜਿੱਥੇ ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ ਇਸ ਵਿਚ ਇਕ ਵੱਡੇ ਗਰੁੱਪ ਵਜੋਂ ਸ਼ਾਮਲ ਹੋ ਰਹੇ ਹਨ, ਉੱਥੇ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50, ਡਿਕਸੀ ਗੁਰੂਘਰ ਦੀ ਸੌਕਰ ਕਲੱਬ ਦੇ 40 ਅਤੇ 16 ਹੋਰ ਸਕੂਲੀ ਵਿਦਿਆਰਥੀ ਇਸ ਵਿਚ ਵੱਖ-ਵੱਖ ਦੂਰੀ ਵਾਲੀਆਂ ਦੌੜਾਂ ਵਿਚ ਭਾਗ ਲੈ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਨਾਲ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨ ਸਕੂਲ ਦੇ 15 ਅਧਿਆਪਕ ਵੀ ਇਸ ਈਵੈਂਟ ਵਿਚ ਹਿੱਸਾ ਲੈ ਰਹੇ ਹਨ।
ਇਸ ਸਬੰਧੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਵਾਰ 762 ਦੌੜਾਕਾਂ ਵੱਲੋਂ ਇਸ ਮੈਰਾਥਨ ਈਵੈਂਟ ਲਈ ਬਾ-ਕਾਇਦਾ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਜੋ ਪਿਛਲੇ ਸਾਲ ਨਾਲੋਂ 25% ਵਧੇਰੇ ਹੈ। ਉਨ੍ਹਾਂ ਦੱਸਿਆ ਕਿ ਇਸ ਵੱਡੇ ਈਵੈਂਟ ਦੇ ਸਮੁੱਚੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆਂ 10 ਮਈ ਤੋਂ ਇਸ ਦੇ ਲਈ ਆਨ-ਲਾਈਨ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਸੀ, ਹਾਲਾਂ ਕਿ ਉਸ ਤੋਂ ਬਾਅਦ ਵੀ ਇਸ ਸਬੰਧੀ ਕਈ ਬੇਨਤੀਆਂ ਆ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਜਿਹੜੇ ਦੌੜਾਕ ਇਸ ਵਾਰ ਰਜਿਸਟ੍ਰੇਸ਼ਨ ਕਰਵਾਉਣ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਹਨ, ਉਹ ਡਿਕਸੀ ਗੁਰੂਘਰ ਵਿਖੇ ਇਸ ਦੌੜ ਵਿਚ ਸ਼ਾਮਲ ਹੋਣ ਵਾਲੇ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਲਈ ਹੋਰ ਦਰਸ਼ਕਾਂ ਵਿਚ ਜ਼ਰੂਰ ਸ਼ਾਮਲ ਹੋਣ ਅਤੇ ਅਗਲੇ ਸਾਲ ਇਸ ਦੇ ਲਈ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਉਣ ਦੀ ਖੇਚਲ ਕਰਨ। ਵੱਖ-ਵੱਖ ਦੂਰੀ ਵਾਲੀਆਂ ਦੌੜਾਂ ਵਿਚ ਭਾਗ ਲੈਣ ਵਾਲੇ ਦੌੜਾਕਾਂ ਅਤੇ ਤੁਰਨ ਵਾਲਿਆਂ ਬਾਰੇ ਉਨ੍ਹਾਂ ਦੱਸਿਆ ਕਿ 42 ਕਿਲੋ ਮੀਟਰ ਫੁੱਲ ਮੈਰਾਥਨ ਜਿਹੜੀ ਕਿ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਵੇਗੀ, ਲਈ 26 ਦੌੜਾਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਏਸੇ ਤਰ੍ਹਾਂ ਰਿਵਾਲਡਾ ਗੁਰੂਘਰ ਤੋਂ ਆਰੰਭ ਹੋਣ ਵਾਲੀ 21 ਕਿਲੋਮੀਟਰ ਹਾਫ਼-ਮੈਰਾਥਨ ਲਈ 70, ਰੈਕਸਡੇਲ ਗੁਰੂਘਰ ਤੋਂ ਚੱਲਣ ਵਾਲੀ 12 ਕਿਲੋ ਮੀਟਰ ਦੌੜ ਲਈ 189 ਅਤੇ ਮਾਲਟਨ ਗੁਰੂਘਰ ਤੋਂ ਚੱਲਣ ਵਾਲੀ 5 ਕਿਲੋ ਮੀਟਰ ਦੌੜ ਲਈ 456 ਨੇ ਆਪਣੇ ਨਾਂ ਦਰਜ ਕਰਵਾਏ ਹਨ। ਇਨ੍ਹਾਂ ਤੋਂ ਇਲਾਵਾ ਛੇ ਸਾਲ ਤੋਂ ਛੋਟੇ ਬੱਚਿਆਂ ਲਈ ਇਕ ਕਿਲੋਮੀਟਰ ਦੌੜ ਲਈ 21 ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦੇ ਨਾਂ ਦਰਜ ਕਰਵਾਏ ਹਨ।
ਉਨ੍ਹਾਂ ਕਿਹਾ ਕਿ ਇਹ ਸਾਰੇ ਦੌੜਾਕ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਸ਼ੌਕੀਆ ਦੌੜਾਕ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਸਵੇਰੇ 10 ਵਜੇ ਤੋਂ 12 ਵਜੇ ਤੱਕ ਇਨ੍ਹਾਂ ਦੌੜਾਂ ਦੇ ਸਮਾਪਤੀ ਸਥਾਨ ਡਿਕਸੀ ਗੁਰੂਘਰ ਵਿਖੇ ਪਹੁੰਚਣਗੇ ਜਿੱਥੇ ਵੱਡੀ ਗਿਣਤੀ ਵਿਚ ਦਰਸ਼ਕ ਇਨ੍ਹਾਂ ਦਾ ਸੁਆਗ਼ਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਕਈ ਦੌੜਾਕ ‘ਟੀਮ-ਮੈਰਾਥਨ’ ਵਜੋਂ ਚਾਰ ਜਣੇ ਮਿਲ ਕੇ ਵੀ ਭਾਗ ਲੈ ਰਹੇ ਹਨ ਅਤੇ ਵੱਖ-ਵੱਖ ਉਮਰ-ਵਰਗਾਂ ਵਿਚ ਪਹਿਲੇ ਨੰਬਰ ‘ਤੇ ਆਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਏਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਈਵੈਂਟ ਵਿਚ ਇਕ ਕਿਲੋਮੀਟਰ ਵਾਕ ਵਿਚ ਭਾਗ ਲੈਣ ਵਾਲੇ ਸੱਭ ਤੋਂ ਛੋਟੀ ਉਮਰ ਦੇ ਦੋ ਬੱਚੇ ਇਕ ਸਾਲ ਦੇ ਅਤੇ ਦੋ ਹੋਰ ਦੋ ਸਾਲ ਦੇ ਹਨ। ਏਸੇ ਤਰ੍ਹਾਂ ਸੱਭ ਤੋਂ ਵੱਡੀ ਉਮਰ ਦੇ ਦੋ ਬਜ਼ੁਰਗ 80 ਸਾਲ ਦੇ, ਇਕ 82 ਸਾਲ ਦਾ ਅਤੇ ਇਕ 84 ਸਾਲ ਦਾ ਹੈ ਜੋ 5 ਕਿਲੋਮੀਟਰ ਦੌੜ ਵਿਚ ਭਾਗ ਲੈ ਰਹੇ ਹਨ। ਇਸ ਵਾਰ ਇਹ ਬੜੇ ਉਤਸ਼ਾਹ, ਖ਼ੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50 ਅਤੇ ਹੋਰ ਸਕੂਲਾਂ ਦੇ 16 ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਸਿੱਖ ਸਪਿੱਰਿਚੂਅਲ ਸੈਂਟਰ ਜਿਸ ਨੂੰ ‘ਰੈਕਸਡੇਲ ਗੁਰੂਘਰ’ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਵੱਲੋਂ ਬਾ-ਕਾਇਦਾ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ-ਫ਼ੀਸ ਅਤੇ ਉਨ੍ਹਾਂ ਵੱਲੋਂ ਇਸ ਮੌਕੇ ਪਹਿਨੀ ਜਾਣ ਵਾਲੀ ਨੇਵੀ ਬਲਿਊ ਟੀ-ਸ਼ਰਟ ਸ਼ਾਮਲ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …