-4.8 C
Toronto
Monday, December 15, 2025
spot_img
Homeਕੈਨੇਡਾਸੀਨੀਅਰ ਬੀਬੀਆਂ ਨੇ ਤੀਆਂ ਖੂਬ ਮਨਾਈਆਂ

ਸੀਨੀਅਰ ਬੀਬੀਆਂ ਨੇ ਤੀਆਂ ਖੂਬ ਮਨਾਈਆਂ

ਬਰੈਂਪਟਨ : ਸੀਨੀਅਰ ਬੀਬੀਆਂ ਦਾ ਆਪਣੇ ਸੱਭਿਆਚਾਰ ਨਾਲ ਪਿਆਰ ਅਤੇ ਪਿਛਲੇ ਦੇਸ਼ ਇੰਡੀਆ ਦਾ ਹੇਜ ਉਹਨਾਂ ਨੂੰ ਬਚਪਨ ਤੋਂ ਮਨਾਏ ਜਾਂਦੇ ਤੀਜ ਤਿਉਹਾਰ ਮਨਾਉਣ ਲਈ ਮਜ਼ਬੂਰ ਕਰ ਦਿੰਦਾ ਹੈ। ਇਹ ਤਿਉਹਾਰ ਮਨਾ ਕੇ ਉਹਨਾਂ ਨੂੰ ਬੇਹੱਦ ਮਾਨਸਿਕ ਖੁਸ਼ੀ ਮਿਲਦੀ ਹੈ। ਇਸੇ ਸੰਦਰਭ ਵਿੱਚ ਆਲੇ ਦੁਆਲੇ ਦੇ ਇਲਾਕੇ ਦੀਆਂ ਸਮੂਹ ਬੀਬੀਆਂ ਨੇ ਰਲ ਮਿਲ ਕੇ ਕਾਲਡਰਸਟੋਨ ਪਾਰਕ ਵਿੱਚ ਤੀਆਂ ਦਾ ਤਿਉਹਾਰ ਮਨਾਇਆ। ਤੀਆਂ ਦਾ ਇਹ ਮੇਲਾ ਦੁਪਹਿਰ 1 ਵਜੇ ਤੋਂ ਸ਼ਾਮ ਤੱਕ ਭਰਿਆ ਰਿਹਾ। ਇਸ ਵਿੱਚ ਤਿੰਨ ਪੀੜ੍ਹੀਆ ਮਾਵਾਂ- ਸੱਸਾਂ, ਨੂੰਹਾਂ-ਧੀਆਂ ਅਤੇ ਪੋਤੀਆਂ-ਦੋਹਤੀਆਂ ਨੇ ਰਲ ਮਿਲ ਕੇ ਖੁਸ਼ੀਆਂ ਮਾਣੀਆਂ। ਖਾਣ-ਪੀਣ ਦੇ ਦੌਰ ਨਾਲ ਹੀ ਸੱਭਿਆਚਾਰਕ ਬੋਲੀਆਂ ਉੱਤੇ ਗਿੱਧੇ ਦੀ ਧਮਕ ਪੈਂਦੀ ਰਹੀ। ਪੂਰੇ ਭਰੇ ਇਕੱਠ ਲਈ ਸਾਰਾ ਪ੍ਰੋਗਰਾਮ ਨਿਰੋਲ ਬੀਬੀਆਂ ਦੁਆਰਾ ਸੰਚਾਲਤ ਕੀਤਾ ਗਿਆ ਸਿਰਫ ਖਾਣ-ਪੀਣ ਦਾ ਅਤੇ ਹੋਰ ਸਮਾਨ ਲਿਆਉਣ ਦੀ ਸੇਵਾ ਬਲਦੀਪ ਰਾਏ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਗਰੇਵਾਲ ਅਤੇ ਸ਼ਿਵਦੇਵ ਸਿੰਘ ਰਾਏ ਨੇ ਕੀਤੀ। ਤੀਆਂ ਵਿੱਚ ਪਾਈਆਂ ਜਾ ਰਹੀਆਂ ਬੋਲੀਆਂ ਤੇ ਪੈ ਰਹੇ ਗਿੱਧੇ ਨੂੰ ਦੂਜੇ ਭਾਈਚਾਰਿਆਂ ਦੀਆਂ ਔਰਤਾਂ ਬੜੇ ਅਚੰਭੇ ਅਤੇ ਖੁਸ਼ੀ ਨਾਲ ਦੇਖ ਰਹੀਆਂ ਸਨ। ਸੀਨੀਅਰ ਬੀਬੀਆਂ ਕੋਲ ਲੋਕ ਬੋਲੀਆਂ ਦਾ ਇੰਨਾ ਭੰਡਾਰ ਸੀ ਕਿ ਇੱਕ ਬੋਲੀ ਮੁਕਦੀ ਨਹੀਂ ਸੀ ਤੇ ਦੂਜੀ ਸ਼ੁਰੂ ਹੋ ਜਾਂਦੀ। ਸਾਉਣ ਦੇ ਮਹੀਨੇ ਖਾਧੇ ਜਾਂਦੇ ਪਕਵਾਨਾਂ ਖੀਰ ਪੂੜਿਆਂ ਦੀ ਥਾਂ ਤੇ ਸਮੋਸੇ, ਪਕੌੜੇ, ਬੇਸਣ ਬਰਫੀ, ਗੁਲਾਬ ਜਾਮਣਾਂ, ਜਲੇਬੀਆਂ ਅਤੇ ਪੀਜ਼ਾ ਖਾ ਕੇ ਬੀਬੀਆਂ ਪੂਰੀ ਸ਼ਿੱਦਤ ਨਾਲ ਤੀਆਂ ਦਾ ਤਿਉਹਾਰ ਮਾਣ ਰਹੀਆਂ ਸਨ। ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਲਜੀਤ ਕੌਰ ਗਰੇਵਾਲ, ਹਰਬਖਸ਼ ਕੌਰ ਪਵਨ, ਅਵਤਾਰ ਕੌਰ ਕੰਗ, ਪਰਸਿੰਨ ਕੌਰ, ਚਰਨ ਕੌਰ ਅਤੇ ਦਰਸ਼ਨ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਬਾਕੀ ਸਾਰੀਆਂ ਬੀਬੀਆਂ ਨੇ ਪੂਰਾ ਸਾਥ ਦੇ ਕੇ ਪ੍ਰੋਗਰਾਮ ਨੂੰ ਸਫਲ ਕੀਤਾ। ਪਰਮ ਸੰਧੂ ਦੁਆਰਾ ਸੇਵਾ ਨਿਭਾਉਣ ਦੇ ਨਾਲ ਹੀ ਉਸ ਦੇ ਪਰਿਵਾਰ ਵਲੋਂ ਚਾਹ ਦੀ ਸੇਵਾ ਕੀਤੀ ਗਈ ਜਿਸ ਦਾ ਸਭ ਨੇ ਧੰਨਵਾਦ ਕੀਤਾ। ਅਗਲੇ ਪਰੋਗਰਾਮ ਦੀ ਉਡੀਕ ਵਿੱਚ ਬੀਬੀਆਂ ਖੁਸ਼ੀਆਂ ਨਾਲ ਭਰਪੂਰ ਤੇ ਪਰਸੰਨ ਚਿੱਤ ਹੋ ਕੇ ਘਰਾਂ ਨੂੰ ਪਰਤ ਗਈਆਂ।

RELATED ARTICLES
POPULAR POSTS