ਬਰੈਂਪਟਨ : ਕੈਨੇਡਾ ਸਰਕਾਰ ਵਲੋਂ ਕੈਨੇਡੀਅਨਜ਼ ਦੀ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਪੂਰੇ ਮੁਲਕ ਦਾ ਦੌਰਾ ਕਰ ਰਹੇ ਹਨ। ਇਸੇ ਤਹਿਤ ਉਨ੍ਹਾਂ ਨੇ ਬਰੈਂਪਟਨ ਦੀ ਇਕ ਟਰੱਕਿੰਗ ਕੰਪਨੀ ਕੇਜੇਐਸ ਟਰਾਂਸਪੋਰਟ ਦਾ ਦੌਰਾ ਕੀਤਾ। ਇਸ ਇਵੈਂਟ ਦਾ ਪ੍ਰਬੰਧ ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓਡੀਟੀਏ) ਦੁਆਰਾ ਕੀਤਾ ਗਿਆ ਸੀ। ਕ੍ਰਿਸਟੀਆ ਫਰੀਲੈਂਡ ਨੇ ਪਹਿਲਾਂ ਕੰਪਨੀ ਦਾ ਦੌਰਾ ਕੀਤਾ ਅਤੇ ਉਸ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨਾਲ ਲੋਕ ਐਮ ਪੀਜ਼ ਸ਼ਫਕਤ ਅਲੀ, ਰੂਬੀ ਸਹੋਤਾ, ਮਨਿੰਦਰ ਸਿੱਧੂ ਅਤੇ ਸੋਨੀਆ ਸਿੱਧੂ ਵੀ ਸਨ।
ਇਸ ਮੌਕੇ ਬੋਲਦੇ ਹੋਏ ਕੇਜੇਐਸ ਟਰਾਂਸਪੋਰਟ ਦੇ ਅਪਰੇਸ਼ਨ ਮੈਨੇਜਰ ਤਨਵੀਰ ਸਿੰਘ ਨੇ ਕਿਹਾ, ”ਮਨਿਸਟਰ ਫਰੀਲੈਂਡ ਦੇ ਦੌਰੇ ਨਾਲ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੇਰੇ ਪਿਤਾ ਕੁਲਵੰਤ ਸਿੰਘ ਅਤੇ ਅੰਕਲ ਜਿੰਦਰ ਸਿੰਘ ਬੁੱਟਰ ਨੇ ਇਕ ਨਵੇਂ ਇਮੀਗਰਾਂਟ ਵਜੋਂ 2002 ਵਿਚ ਇਹ ਬਿਜ਼ਨਸ ਇਕ ਟਰੱਕ ਨਾਲ ਸ਼ੁਰੂ ਕੀਤਾ ਸੀ। ਇਸ ਵਕਤ ਕੇਜੇਐਸ ਟਰੱਕਿੰਗ ਇੰਡਸਟਰੀ ਵਿਚ ਲੀਡਰ ਹੈ, ਜਿਸ ਵਿਚ 300 ਤੋਂ ਵੱਧ ਗੱਡੀਆਂ, ਇਕ ਮਕੈਨਿਕ ਸ਼ੌਪ, ਹੈੱਡ ਔਫਿਸ ਅਤੇ 150 ਤੋਂ ਵੱਧ ਸਟਾਫ ਹੈ। ਪਰਿਵਾਰ ਦੀ ਅਗਲੀ ਪੀੜ੍ਹੀ ਵਜੋਂ ਮੇਰਾ ਕਜ਼ਨ ਅੰਮ੍ਰਿਤ ਬੁੱਟਰ ਅਤੇ ਮੈਂ ਇਸ ਫੈਮਿਲੀ ਬਿਜ਼ਨਸ ਨੂੰ ਅੱਗੇ ਲਿਜਾ ਰਹੇ ਹਾਂ।”
ਮਨਿਸਟਰ ਨੇ ਇੰਡਸਟਰੀ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਸੁਣਿਆ ਅਤੇ ਸਰਕਾਰ ਵਲੋਂ ਮਹਿੰਗਾਈ ਅਤੇ ਹੋਰ ਆਰਥਿਕ ਦਬਾਵਾਂ ਨਾਲ ਨਿਟਪਣ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਮਿਸਟਰ ਫਰੀਲੈਂਡ ਨੇ ਕਿਹਾ, ”ਸਾਨੂੰ ਪਤਾ ਹੈ ਕਿ ਕੈਨੇਡੀਅਨਜ਼ ਨੂੰ ਮਹਿੰਗਾਈ ਦੀ ਚਿੰਤਾ ਹੈ ਅਤੇ ਉਹ ਜਾਨਣਾ ਚਾਹੁੰਦੇ ਹਨ ਕਿ ਸਰਕਾਰ ਇਸ ਬਾਰੇ ਕੀ ਕਰ ਰਹੀ ਹੈ। ਇਸੇ ਕਰਕੇ ਅਸੀਂ ਨਵਾਂ ਅਫੋਰਡੇਬਿਲਿਟੀ ਪਲੈਨ ਜਾਰੀ ਕੀਤਾ ਹੈ, ਜਿਹੜਾ ਕੈਨੇਡੀਅਨਜ਼ ਦੀ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾਏਗਾ। ਬਰੈਂਪਟਨ ਵਿਚ ਇਕ ਜੋੜੇ ਲਈ, ਜਿਸਦੀ ਆਮਦਨ $45000 ਹੈ ਅਤੇ ਇਕ ਬੱਚਾ ਡੇ-ਕੇਅਰ ਵਿਚ ਹੈ, ਇਸ ਅਫੋਰਡੇਬਿਲਿਟੀ ਪਲੈਨ ਦਾ ਮਤਲਬ ਹੋਏਗਾ ਕਿ ਮੌਜੂਦਾ ਬੈਨੇਫਿਟਾਂ ਦੇ ਉਤੋਂ $7600 ਹੋਰ ਮਿਲੇਗਾ। ਜੋ ਕਿ ਮੌਜੂਦਾ ਵਿੱਤੀ ਸਾਲ ਵਿਚ ਉਨ੍ਹਾਂ ਦੀ ਸਲਾਨਾ ਆਮਦਨ ਦੇ 16 ਪਰਸੈਂਟ ਤੋਂ ਵੱਧ ਹੋਵੇਗਾ। ਉਨਟਾਰੀਓ ਡੰਪ ਟਰੱਕਿ ਐਸੋਸੀਏਸ਼ਨ ਦੇ ਮੈਂਬਰ ਵੀ ਇੱਥੇ ਮੌਜੂਦ ਸਨ।
ਓਡੀਟੀਏ ਦੇ ਡਾਇਰੈਕਟਰ ਬੌਬ ਪੂਨੀਆ ਨੇ ਕਿਹਾ, ”ਟਰੱਕਿੰਗ ਇੰਡਸਟਰੀ ਗੈਸ ਦੀਆਂ ਉਚੀਆਂ ਕੀਮਤਾਂ, ਇੰਸ਼ੋਰੰਸ ਦੇ ਰੇਟਾਂ, ਹੋਰ ਕਨੂੰਨੀ ਬੰਦਸ਼ਾਂ ਅਤੇ ਲੇਬਰ ਸ਼ੌਰਟੇਜ ਨਾਲ ਜੂਝ ਰਹੀ ਹੈ। ਇਸੇ ਕਰਕੇ ਮਨਿਸਟਰ ਫਰੀਲੈਂਡ ਵਰਗੇ ਲੀਡਰਾਂ ਦੁਆਰਾ ਹੇਠਲੇ ਪੱਧਰ ਦੇ ਸੰਗਠਨਾਂ ਅਤੇ ਵਿਅਕਤੀਆਂ ਨੂੰ ਮਿਲਣਾ ਅਹਿਮ ਹੈ ਤਾਂ ਕਿ ਲੋਕਾਂ ਦੇ ਫਿਕਰ ਸਮਝੇ ਜਾ ਸਕਣ। ਸਾਨੂੰ ਇਸ ਗੱਲ ਦੀ ਖੁਸ਼ ਹੈ ਕਿ ਉਨ੍ਹਾਂ ਨੇ ਇਸ ਵਾਸਤੇ ਸਮਾਂ ਕੱਢਿਆ ਹੈ।”
ਬਰੈਂਪਟਨ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਦੀ ਵੱਡੀ ਹੱਬ ਹੈ, ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ। ਕੋਵਿਡ-19 ਪਨਡੈਮਿਕ ਦੌਰਾਨ ਵੀ ਟਰੱਕਿੰਗ ਇੰਡਸਟਰੀ ਰੁਕੀ ਨਹੀਂ ਅਤੇ ਕੰਮ ਕਰਦੀ ਰਹੀ।