ਬਰੈਂਪਟਨ/ਜਗੀਰ ਸਿੰਘ ਕਾਹਲੋਂ : ਉੱਤਰੀ ਅਮਰੀਕਾ ਦੀ ਅੰਤਰ-ਰਾਸ਼ਟਰੀ ਪੱਧਰ ਦੀ ਨਾਰੀ ਸੰਸਥਾ ‘ਦਿਸ਼ਾ’ ਵੱਲੋਂ ਲੰਘੇ ਸ਼ਨੀਵਾਰ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਪਾਲ ਕੌਰ ਨਾਲ ਸੰਵਾਦ ਰਚਾਇਆ ਗਿਆ। ਬਰੈਂਪਟਨ ਦੇ ਖੂਬਸੂਰਤ ਲੋਫਰ ਲੇਕ ਰੀਕਰੀਏਸ਼ਨ ਸੈਂਟਰ ਵਿਚ ਡਾ. ਕੰਵਲਜੀਤ ਢਿੱਲੋਂ ਵੱਲੋਂ ਪਾਲ ਕੌਰ ਨੂੰ ਮੰਚ ‘ਤੇ ਪਧਾਰਨ ਲਈ ਸੱਦਾ ਦਿੱਤਾ ਗਿਆ। ਪਰਮਜੀਤ ਦਿਓਲ ਵੱਲੋਂ ਕਵਿੱਤਰੀ ਦਾ ਵਿਧੀ-ਵੱਤ ਸੁਆਗਤ ਕੀਤਾ ਗਿਆ, ਜਦਕਿ ਰਾਜ ਘੁੰਮਣ ਨੇ ਉਨ੍ਹਾਂ ਦਾ ਸੁਆਗਤ ਇਕ ਖ਼ੂਬਸੂਰਤ ਗੀਤ ਦੇ ਗਾਇਨ ਨਾਲ ਕੀਤਾ। ਉਪਰੰਤ, ਡਾ. ਕੰਵਲਜੀਤ ਢਿੱਲੋਂ ਨੇ ‘ਦਿਸ਼ਾ’ ਦੇ ਇਤਿਹਾਸ ਤੇ ਇਸ ਦੇ ਉਦੇਸ਼ ਬਾਰੇ ਚਾਨਣਾ ਪਾਉਂਦੇ ਹੋਏ ਸਾਲ 2014 ਵਿਚ ਹੋਈ ਇਸ ਦੀ ਸਥਾਪਨਾ, 2017 ਵਿਚ ਇਸ ਦੇ ਵੱਲੋਂ ਕਰਵਾਈ ਗਈ ਦੂਸਰੀ ਕਾਨਫਰੰਸ ਦੀ ਸਫਲਤਾ ਅਤੇ ਕੋਵਿਡ ਦੇ ਦੌਰਾਨ ਇਸ ਦੇ ਜ਼ੂਮ ਵੈਬੀਨਾਰਾਂ ਦੇ ਮਾਣਮੱਤੇ ਵੇਰਵੇ ਸਾਂਝੇ ਕੀਤੇ।
ਸਰੋਤਿਆਂ ਦੇ ਰੂ-ਬਰੂ ਹੁੰਦਿਆਂ ਪਾਲ ਕੌਰ ਨੇ ਦੱਸਿਆ ਉਹ ਆਪਣੇ ਮਾਪਿਆਂ ਦੀ ਅੱਠਵੀਂ ਔਲਾਦ ਹਨ ਅਤੇ ਉਨ੍ਹਾਂ ਦੇ ਪੰਜ ਵੱਡੇ ਭਰਾ ਤੇ ਦੋ ਭੈਣਾਂ ਹਨ। ਮਾਪਿਆਂ ਦੀ ਅਣਚਾਹੀ ਔਲਾਦ ਹੋਣ ਕਾਰਨ ਉਸ ਦਾ ‘ਸੁਆਗਤ’ ਵੀ ਓਸੇ ਤਰਜ਼ ‘ਤੇ ਹੀ ਕੀਤਾ ਗਿਆ। ਆਪਣੀ ਪ੍ਰਸਿੱਧ ਨਜ਼ਮ ‘ਖੱਬਲ’ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਪਿਛੋਕੜ ਵੀ ਉਹ ਹਾਲਾਤ ਹੀ ਸਨ ਪਰ ਉਹ ਵੀ ‘ਖੱਬਲ ਘਾਹ’ ਵਾਂਗ ਪੂਰੀ ਡੱਟੀ ਰਹੀ ਤੇ ਹੌਲੀ-ਹੌਲੀ ਪਲ਼ ਹੀ ਗਈ। ਅਤੇ ਵਿਰੋਧਾਂ ਤੇ ਵਰਜਣਾਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ, ਭਾਵੇਂ ਇਸ ਦੇ ਲਈ ਉਸ ਨੂੰ ‘ਸਰਫ਼-ਵਿਕਰੇਤਾ ਕੁੜੀ’ ਵਜੋਂ ਘਰ-ਘਰ ਜਾ ਕੇ ਕੰਪਨੀ ਦਾ ਇਹ ਪ੍ਰੋਡੱਕਟ ਵੇਚਣਾ ਪਿਆ। ਪਾਲ ਕੌਰ ਨੇ ਦੱਸਿਆ ਉਸ ਨੂੰ ਅੰਮ੍ਰਿਤਾ ਪ੍ਰੀਤਮ ਦੀ ਜੀਵਨ-ਸ਼ੈਲੀ ਤੇ ਰਚਨਾਵਾਂ ਤੋਂ ਕਾਫ਼ੀ ਪ੍ਰੇਰਨਾ ਮਿਲੀ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਜਿਸ ਕਾਰਨ ਉਹ ਅੱਜ ਖ਼ੁਦ ਬਹੁਤ ਸਾਰੀਆਂ ਨਾਰੀਆਂ ਲਈ ਪ੍ਰੇਰਨਾ-ਸਰੋਤ ਬਣੀ ਹੋਈ ਹੈ। ਉਸ ਨੇ ਇਕੱਲੀ ਰਹਿ ਕੇ ਇਹ ਜੀਵਨ-ਸੰਗਰਾਮ ਜਿੱਤਿਆ ਹੈ ਅਤੇ ਇਸ ਦੇ ਲਈ ਨਵੇਂ ਰਾਹ ਪੈਦਾ ਕੀਤੇ ਹਨ। ਇਸ ਦੌਰਾਨ ਉਸ ਨੇ ਆਪਣੀਆਂ ਕਈ ਕਵਿਤਾਵਾਂ ਵੀ ਪੇਸ਼ ਕੀਤੀਆਂ ਅਤੇ ਕਵਿਤਾ ਵਿਚ ਲਿਖੇ ਪੰਜਾਬ ਦੇ ਇਤਿਹਾਸ ਬਾਰੇ ਵੀ ਜ਼ਿਕਰ ਕੀਤਾ।
ਇਸ ਸਬੰਧੀ ਸੰਵਾਦ ਰਚਾਉਂਦੇ ਹੋਏ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਪਾਲ ਕੌਰ ਸਾਹਿਤ ਰਚੇਤਾ ਹੋਣ ਦੇ ਨਾਲ-ਨਾਲ ਇਕ ਵਧੀਆ ਸਮਾਜਿਕ-ਕਾਰਕੁੰਨ ਵੀ ਹੈ ਜਿਸ ਨੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਇਹ ਪ੍ਰਤੀਬੱਧਤਾ ਬਾਖ਼ੂਬੀ ਨਿਭਾਈ ਹੈ। ਇਕੱਲੀ ਔਰਤ ਬਾਰੇ ਉਨ੍ਹਾਂ ਵੱਲੋਂ ਪੁੱਛੇ ਗਏ ਇਕ ਸੁਆਲ ਦਾ ਜੁਆਬ ਪਾਲ ਕੌਰ ਵੱਲੋਂ ਬਹੁਤ ਵਧੀਆ ਦਿੱਤਾ ਗਿਆ। ਪ੍ਰਸਿੱਧ ਸ਼ਾਇਰ ਡਾ. ਸੁਖਪਾਲ ਹੁਰਾਂ ਬੜੇ ਫਿਲਾਸਫਿਕ ਅੰਦਾਜ਼ ਵਿਚ ਕਿਹਾ ਕਿ ਔਰਤ ਦਾ ਦਰਦ ਕੇਵਲ ਔਰਤ ਹੀ ਸਮਝ ਸਕਦੀ ਹੈ। ਮਰਦ ਲੱਖ ਸੰਵੇਦਨਸ਼ੀਲ ਹੋਣ ਦੇ ਬਾਵਜੂਦ ਵੀ ਇਹ ਕਾਰਜ ਨਹੀਂ ਕਰ ਸਕਦਾ। ਔਰਤ-ਮਰਦ ਦੇ ਰਿਸ਼ਤੇ ਵਿਚ ਸਹਿਜਤਾ ਸਬੰਧੀ ਉਨ੍ਹਾਂ ਵੱਲੋਂ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਪਾਲ ਕੌਰ ਵੱਲੋਂ ਬੜੇ ਸਹਿਜ ਨਾਲ ਦਿੱਤਾ ਗਿਆ। ਸੰਵਾਦ ਵਿਚ ਭਾਗ ਲੈਣ ਵਾਲੇ ਹੋਰ ਵਿਅੱਕਤੀਆਂ ਵਿਚ ਬਲਦੇਵ ਦੂਹੜੇ, ਪਰਮਜੀਤ ਵਿਰਦੀ, ਪਰਮਜੀਤ ਦਿਓਲ, ਮਲੂਕ ਸਿੰਘ ਕਾਹਲੋਂ ਅਤੇ ਪ੍ਰੋ. ਬਲਵਿੰਦਰ ਕੌਰ ਸ਼ਾਮਲ ਸਨ। ਸਮਾਗਮ ਵਿਚ ਹਰਜੀਤ ਸਿੰਘ ਗਿੱਲ, ਹਰਜੀਤ ਭਮਰਾ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਗੁਰਮੀਤ ਜੱਸੀ, ਸਰਬਜੀਤ ਕਾਹਲੋਂ ਤੇ ਕਈ ਹੋਰ ਹਾਜ਼ਰ ਸਨ। ਇਸ ਸਫ਼ਲ ਪ੍ਰੋਗਰਾਮ ਦੀ ਧੰਨਵਾਦੀ ਰਸਮ ਕਮਲਜੀਤ ਨੱਤ ਦੋਸਾਂਝ ਵੱਲੋਂ ਅਦਾ ਕੀਤੀ ਗਈ।