Breaking News
Home / ਹਫ਼ਤਾਵਾਰੀ ਫੇਰੀ / ਯੂਪੀ ਦੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ‘ਚ 25 ਸਾਲ ਬਾਅਦ ਫੈਸਲਾ

ਯੂਪੀ ਦੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ‘ਚ 25 ਸਾਲ ਬਾਅਦ ਫੈਸਲਾ

Terorist copy copy10 ਸਿੱਖਾਂ ਨੂੰ ਅੱਤਵਾਦੀ ਦੱਸ ਕੇ ਮਾਰਨ ਵਾਲੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ
:8 ਸਿੱਖ ਸ਼ਰਧਾਲੂ ਗੁਰਦਾਸਪੁਰ ਤੋਂ, ਦੋ ਪੀਲੀਭੀਤ ਦੇ ਸਨ
: 57 ਪੁਲਿਸ ਮੁਲਾਜ਼ਮ ਸਨ ਦੋਸ਼ੀ, 10 ਦੀ ਹੋ ਚੁੱਕੀ ਹੈ ਮੌਤ
ਪੀਲੀਭੀਤ/ਬਿਊਰੋ ਨਿਊਜ਼
ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਪੀਲੀਭੀਤ ਵਿੱਚ 25 ਸਾਲ ਪਹਿਲਾਂ 10 ਸਿੱਖ ਬੇਕਸੂਰ ਸ਼ਰਧਾਲੂਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਉਣ ਵਾਲੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦਾ ਐਲਾਨ ਵਿਸ਼ੇਸ਼ ਜੱਜ ਲਾਲੂ ਸਿੰਘ ਦੀ ਅਦਾਲਤ ਨੇ ਕੀਤਾ। ਅਦਾਲਤ ਨੇ ਲੰਘੀ ਪਹਿਲੀ ਅਪਰੈਲ ਨੂੰ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਆਪਣੇ 181 ਸਫ਼ਿਆਂ ਦੇ ਫ਼ੈਸਲੇ ਵਿੱਚ ਕਿਹਾ ਕਿ ਦੋਸ਼ੀਆਂ ਨੇ ਉਸ ਵਕਤ ਪੰਜਾਬ ਵਿੱਚ ਝੁੱਲ ਰਹੀ ਖਾੜਕੂਵਾਦ ਦੀ ਹਨੇਰੀ ਦਾ ਲਾਹਾ ਲੈਂਦਿਆਂ ਤਰੱਕੀਆਂ ਹਾਸਲ ਕਰਨ ਲਈ ਇਹ ਘਿਨਾਉਣਾ ਜੁਰਮ ਕੀਤਾ ਸੀ।
ਇਹ ਘਟਨਾ 12 ਜੁਲਾਈ, 1991 ਨੂੰ ਵਾਪਰੀ ਸੀ। ਪੁਲਿਸ ਨੇ ਪੰਜਾਬ ਤੋਂ ਪਰਿਵਾਰਾਂ ਸਮੇਤ ਇਕ ਲਗਜ਼ਰੀ ਬੱਸ ਵਿੱਚ ਸਵਾਰ ਹੋ ਕੇ ਗਏ ਇਨ੍ਹਾਂ   ਸ਼ਰਧਾਲੂਆਂ ਵਿੱਚੋਂ 11 ਨੂੰ ਜਬਰੀ ਬੱਸ ਵਿੱਚੋਂ ਲਾਹ ਲਿਆ ਸੀ। ਚਾਰਜਸ਼ੀਟ ਮੁਤਾਬਕ ਪੁਲਿਸ ਵੱਲੋਂ ਉਨ੍ਹਾਂ ਨੂੰ ਵੱਖ-ਵੱਖ ਟੋਲੀਆਂ ਵਿੱਚ ਵੰਡ ਕੇ ਜੰਗਲ ਵਿੱਚ ਲਿਜਾਇਆ ਗਿਆ ਤੇ ਉਥੇ ‘ਬੇਰਹਿਮੀ ਨਾਲ’ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਅਗਲੇ ਦਿਨ ਘੜੀ ਕਹਾਣੀ ਵਿੱਚ 10 ਖਾੜਕੂਆਂ ਨੂੰ ਮੁਕਾਬਲੇ ਵਿੱਚ ਮਾਰ ਦਿੱਤੇ ਜਾਣ ਦੀ ਗੱਲ ਕਹੀ ਸੀ। ਉਨ੍ਹਾਂ ਦਾ ਅਪਰਾਧੀ ਰਿਕਾਰਡ ਹੋਣ ਤੇ ਕੋਲੋਂ ਹਥਿਆਰ ਫੜੇ ਜਾਣ ਦੀ ਗੱਲ ਵੀ ਆਖੀ ਗਈ ਸੀ। ਬਾਅਦ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਉਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਤਾਂ ਜਾਂਚ ਏਜੰਸੀ ਨੇ ਖ਼ੁਲਾਸਾ ਕੀਤਾ ਕਿ ਪੁਲਿਸ ਮੁਲਾਜ਼ਮਾਂ ਨੇ ਮਹਿਜ਼ ਇਨਾਮ ਤੇ ਸਨਮਾਨ ਹਾਸਲ ਕਰਨ ਲਈ ਬੇਕਸੂਰ ਸਿੱਖਾਂ ਨੂੰ ‘ਦਹਿਸ਼ਤਗਰਦ’ ਆਖ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਸੀ।
ਸੀਬੀਆਈ ਮੁਤਾਬਕ 12 ਜੁਲਾਈ ਨੂੰ ਸ਼ਰਧਾਲੂਆਂ ਦੀ ਭਰੀ ਬੱਸ ਜਦੋਂ ਪੀਲੀਭੀਤ ਜਾ ਰਹੀ ਸੀ ਤਾਂ ਪੁਲਿਸ ਨੇ ਇਸ ਨੂੰ ਕਚਲਾਪੁਲ ਘਾਟ ਉਤੇ ਰੋਕ ਕੇ 11 ਮਰਦ ਸ਼ਰਧਾਲੂਆਂ ਨੂੰ ਜਬਰੀ ਲਾਹ ਲਿਆ। ਇਹ ਸ਼ਰਧਾਲੂ ਗੁਰਦੁਆਰਾ ਪਟਨਾ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਪਰਤ ਰਹੇ ਸਨ। ਪੁਲਿਸ ਨੇ ਬੱਸ ਵਿੱਚ ਬਾਕੀ ਬਚੇ ਬੱਚਿਆਂ ਤੇ ਔਰਤਾਂ ਨੂੰ ਪੀਲੀਭੀਤ ਦੇ ਗੁਰਦੁਆਰੇ ਭੇਜ ਦਿੱਤਾ ਤੇ 11 ਮਰਦ ਸ਼ਰਧਾਲੂਆਂ ਨੂੰ ਵੱਖਰੇ ਵਾਹਨ ਵਿੱਚ ਬਿਠਾ ਲਿਆ ਸੀ। ਬਾਅਦ ਵਿੱਚ ਉਨ੍ਹਾਂ ਨਾਲ ਹੋਰ ਪੁਲਿਸ ਫੋਰਸ ਆਣ ਰਲੀ ਤੇ ਸਿੱਖ ਸ਼ਰਧਾਲੂਆਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਦਿੱਤਾ ਗਿਆ। ਫਿਰ ਉਨ੍ਹਾਂ ਨੂੰ 12 ਤੇ 13 ਜੁਲਾਈ ਦੀ ਰਾਤ ਨੂੰ ਪੀਲੀਭੀਤ ਦੇ ਤਿੰਨ ਪੁਲਿਸ ਥਾਣਿਆਂ- ਬਿਲਸੰਦਾ, ਨਿਊਰੀਆ ਤੇ ਪੂਰਨਪੁਰ ਦੇ ਜੰਗਲਾਂ ਵਿੱਚ ਲਿਜਾ ਕੇ ਤਿੰਨ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਹਲਾਕ ਕਰ ਦਿੱਤਾ ਗਿਆ। ਸੀਬੀਆਈ ਨੇ ਜਾਂਚ ਦੌਰਾਨ ਪਾਇਆ ਕਿ ਅਗਲੇ ਦਿਨ ਪੁਲਿਸ ਨੇ ਦਸ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਉਸੇ ਦਿਨ ਅਣਪਛਾਤੇ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਸੀ। ਇਕ ਸ਼ਰਧਾਲੂ ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ।
ਇਸ ਮਾਮਲੇ ਵਿੱਚ ਕੁੱਲ 57 ਪੁਲਿਸ ਮੁਲਾਜ਼ਮਾਂ ਨੂੰ ਚਾਰਜ ਕੀਤਾ ਗਿਆ ਸੀ ਪਰ 10 ਦੀ ਫ਼ੈਸਲਾ ਆਉਣ ਤੋਂ ਪਹਿਲਾਂ ਮੌਤ ਹੋ ਚੁੱਕੀ ਹੈ। ਸੁਪਰੀਮ ਕੋਰਟ ਨੇ ਪੀੜਤ ਪਰਿਵਾਰਾਂ ਦੀ ਪਟੀਸ਼ਨ ਦੇ ਆਧਾਰ ਉਤੇ 15 ਮਈ, 1992 ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ। ਸੀਬੀਆਈ ਨੇ 12 ਜੂਨ, 1995 ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ।
ਪੀੜਤ ਪਰਿਵਾਰਾਂ ਵੱਲੋਂ ਸਜ਼ਾ ਨਾਕਾਫ਼ੀ ਕਰਾਰ : ਕਾਹਨੂੰਵਾਨ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਕੇਸ ਦੀ ਪੈਰਵੀ ਕਰਨ ਵਾਲੇ ਸਿੱਖ ਸ਼ਰਧਾਲੂਆਂ ਦੇ ਵਾਰਿਸ ਵੀ ਅਦਾਲਤ ਵਿਚ ਹਾਜ਼ਰ ਸਨ। ਬਾਅਦ ਵਿੱਚ ਫੋਨ ‘ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨਾਂ ਨੂੰ ਇਨਸਾਫ਼ ਬਹੁਤ ਪੱਛੜ ਕੇ ਮਿਲਿਆ ਹੈ ਪਰ ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਨਾਕਾਫ਼ੀ ਹੈ। ਮਾਰੇ ਗਏ ਸ਼ਰਧਾਲੂ ਬਲਜੀਤ ਸਿੰਘ ਦੀ ਪਤਨੀ ਬਲਵਿੰਦਰਜੀਤ ਕੌਰ ਤੇ ਸਤਵਿੰਦਰ ਸਿੰਘ ਮਿੰਟੂ ਦੇ ਪਿਤਾ ਅਜੀਤ ਸਿੰਘ ਸਤਕੋਹਾ ਨੇ ਕਿਹਾ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਮੌਤ ਦੀ ਸਜ਼ਾ ਲਈ ਹਾਈ ਕੋਰਟ ਜਾਣਗੇ ਤੇ ਲੋੜ ਪੈਣ ‘ਤੇ ਸੁਪਰੀਮ ਕੋਰਟ ਤੱਕ ਪੈਰਵੀ ਕਰਨਗੇ।
ਸੀਬੀਆਈ ਜਾਂਚ ਦੀ ਮੰਗ ਦੇ ਲਈ ਸੁਪਰੀਮ ਕੋਰਟ ਪਹੁੰਚੇ ਸਨ ਪੀੜਤ ਪਰਿਵਾਰ : 12 ਜੁਲਾਈ 1991 ‘ਚ ਹੋਏ ਝੂਠੇ ਪੁਲਿਸ ਮੁਕਾਬਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪ੍ਰੰਤੂ ਜਾਂਚ ਵੀ ਯੂਪੀ ਪੁਲਿਸ ਹੀ ਕਰ ਰਹੀ ਸੀ। ਜਾਂਚ ‘ਤੇ ਵੀ ਸਵਾਲ ਉਠੇ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਕੀਲ ਆਰ ਐਸ ਸੋਢੀ ਨੇ ਪੁਲਿਸ ਕੋਰਟ ‘ਚ ਪਟੀਸ਼ਨ ਪਾਈ, ਜਿਸ ਤੋਂ ਬਾਅਦ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਸੀਬੀਆਈ ਨੇ ਮੁਕਾਬਲੇ ਦੀ ਜਾਂਚ ਕੀਤੀ ਤਾਂ ਇਹ ਸਾਰਾ ਮਾਮਲਾ ਫਰਜ਼ੀ ਨਿਕਲਿਆ। ਸੀਬੀਆਈ ਜਾਂਚ ‘ਚ ਕਈ ਕਰਮਚਾਰੀਆਂ ਦੇ ਵੱਖ-ਵੱਖ ਥਾਣਿਆਂ ਦੇ ਐਸਐਚਓ, ਏਐਸਆਈ ਦੇ ਨਾਮ ਵੀ ਸਾਹਮਣੇ ਆਏ।
ਫਿਰ 12 ਜੂਨ 1995 ਨੂੰ ਦੁਬਾਰਾ ਹੋਇਆ ਮੁਕੱਦਮਾ : ਸੀਬੀਆਈ ਨੇ 12 ਜੂਨ ਨੂੰ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ ਦਰਜ ਕੀਤਾ। ਉਸ ਤੋਂ ਬਾਅਦ 57 ਪੁਲਿਸ ਵਾਲਿਆਂ ਦੇ ਖਿਲਾਫ਼ ਆਈਪੀਸੀ ਧਾਰਾ 302, 364, 365 ਸਮੇਤ ਧਾਰਾ 120ਬੀ ਦੇ ਤਹਿਤ ਚਾਰਜਸ਼ੀਟ ਦਾਖਲ ਕੀਤੀ। ਇਸ ‘ਚ ਪੀਲੀਭੀਤ ਦੇ ਥਾਣਾ ਨੋਰਿਆ ਦੇ ਤਤਕਾਲੀਨ ਐਸਓ ਰਾਘਵ ਅਤੇ ਸੁਰਜੀਤ ਸਿੰਘ, ਵਿਲਸੰਡਾ ਥਾਣੇ ਦੇ ਐਸਆਈ ਵੀਰਪਾਲ ਸਿੰਘ ਸਮੇਤ 57 ਨਾਮ ਸਨ।
ਕਿਹਾ ਸੀ ਪੰਜਾਬ ਪੁਲਿਸ ਨੇ ਇਨਾਮ ਆਫ਼ਰ ਕੀਤੇ ਸਨ : ਪੀਲੀਭੀਤ ਦੇ ਤਤਕਾਲੀਨ ਐਸਪੀ ਆਰ ਡੀ ਤ੍ਰਿਪਾਠੀ ਨੇ ਦਾਅਵਾ ਕੀਤਾ ਸੀ ਕਿ ਮਾਰੇ ਗਏ ਲੋਕ ਅੱਤਵਾਦੀ ਸਨ। ਐਸਪੀ ਦੇ ਅਨੁਸਾਰ, ‘ਪੰਜਾਬ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਆਰਮੀ ਅਤੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧ ਰੱਖਣ ਵਾਲੇ ਖਾੜਕੂ ਬਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਫੌਜੀ ਨੂੰ ਮਾਰਨ ‘ਤੇ ਦੋ ਹਜ਼ਾਰ ਡਾਲਰ ਇਨਾਮ (50,000 ਰੁਪਏ) ਵੀ ਆਫ਼ਰ ਕੀਤਾ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਮਾਰੇ ਗਏ ਲੋਕਾਂ ਨੇ ਪਹਿਲਾਂ ਪੁਲਿਸ ਪਾਰਟੀ ‘ਤੇ ਹਮਲਾ ਕੀਤਾ ਸੀ। ਹਾਲਾਂਕਿ ਗੱਲ ਸਹੀ ਸਾਬਤ ਨਹੀਂ ਹੋ ਸਕੀ।
ਇਨ੍ਹਾਂ ਸ਼ਰਧਾਲੂਆਂ ਨੂੰ ਬਣਾਇਆ ਅੱਤਵਾਦੀ : ਬਲਜੀਤ ਸਿੰਘ ਉਰਫ ਪੱਪੂ ਪੁੱਤਰ ਬਸੰਤ ਸਿੰਘ, ਜਸਵੰਤ ਸਿੰਘ ਉਰਫ ਜੱਸਾ, ਹਰਵਿੰਦਰ ਸਿੰਘ ਉਰਫ਼ ਮਿੰਟਾ, ਸੁਰਜਨ ਸਿੰਘ ਉਰਫ਼ ਬਿੱਟੂ, ਜਸਵੰਤ ਸਿੰਘ ਫੌਜੀ, ਬਚਿੱਤਰ ਸਿੰਘ ਪੁੱਤਰ ਆਤਮਾ ਸਿੰਘ, ਕਰਤਾਰ ਸਿੰਘ ਪੁੱਤਰ ਰੌਣਕ ਸਿੰਘ, ਤਰਸੇਮ ਸਿੰਘ ਪੁੱਤਰ ਦਰਸ਼ਨ ਸਿੰਘ (ਸਾਰੇ ਗੁਰਦਾਸਪੁਰ), ਲਖਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਨਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ (ਪੀਲੀਭੀਤ) ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …