ਕੋਲਕਾਤਾ/ਬਿਊਰੋ ਨਿਊਜ਼ : ਭਾਜਪਾ ਦੇ ਦੋ ਸੰਸਦ ਮੈਂਬਰਾਂ ਨੇ ਉੱਤਰੀ ਬੰਗਾਲ ਦੇ ਜ਼ਿਲ੍ਹਿਆਂ ‘ਚੋਂ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਦੀ ਮੰਗ ਕਰਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਅਲੀਪੁਰਦੁਆਰ ਤੋਂ ਭਾਜਪਾ ਦੇ ਸੰਸਦ ਮੈਂਬਰ ਜੌਹਨ ਬਾਰਲਾ ਨੇ ਐਤਵਾਰ ਨੂੰ ਲੱਖੀਪਾੜਾ ਟੀ ਗਾਰਡਨ ਵਿੱਚ ਆਪਣੀ ਰਿਹਾਇਸ਼ ‘ਤੇ ਹੋਈ ਬੰਦ ਕਮਰਾ ਮੀਟਿੰਗ ਦੌਰਾਨ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਮੁੱਦਾ ਰੱਖਿਆ ਸੀ। ਉਧਰ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਭਾਜਪਾ ਦਾ ਬੰਗਾਲ ਨੂੰ ਵੰਡਣ ਜਾਂ ਵੱਖਰਾ ਰਾਜ ਬਣਾਉਣ ਦਾ ਨਾ ਤਾਂ ਕੋਈ ਏਜੰਡਾ ਤੇ ਨਾ ਹੀ ਇਰਾਦਾ ਹੈ। ਬਾਰਲਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਵੱਖਰੇ ਕਾਮਤਾਪੁਰੀ, ਗ੍ਰੇਟਰ ਕੂਚ ਬਿਹਾਰ ਤੇ ਗੋਰਖਾਲੈਂਡ ਦੀ ਮੰਗ ਲਈ ਅੰਦੋਲਨ ਚਲਦੇ ਹੋਣ ਕਰਕੇ ਉਨ੍ਹਾਂ ਇਹ ਮੰਗ ਰੱਖੀ ਸੀ। ਉਨ੍ਹਾਂ ਕਿਹਾ, ‘ਮੇਰਾ ਇਹ ਮੰਨਣਾ ਹੈ ਕਿ ਉੱਤਰੀ ਬੰਗਾਲ ਨੂੰ ਸੂਬੇ ਨਾਲੋਂ ਵੱਖ ਕਰ ਕੇ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾ ਸਕਦਾ ਹੈ। ਪਿਛਲੇ ਇਕ ਦਹਾਕੇ ਦੌਰਾਨ ਖੁਦਮੁਖਤਾਰ ਕਬਾਇਲੀ ਖੇਤਰ ਲਈ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਸਦ ਮੈਂਬਰ ਨੇ ਕਿਹਾ ਕਿ ਛੋਟੇ ਰਾਜ ਵਧੀਆ ਕਾਰਗੁਜ਼ਾਰੀ ਵਿਖਾ ਸਕਦੇ ਹਨ। ਉੱਤਰੀ ਬੰਗਾਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹੈ ਤੇ ਇਸ ਨੂੰ ਸੁਰੱਖਿਆ ਨਾਲ ਜੁੜੇ ਮੁੱਦੇ ਦਰਪੇਸ਼ ਹਨ। ਸਾਡਾ ਅਰਥਚਾਰਾ ਵੀ ਪ੍ਰਭਾਵਿਤ ਹੋਇਆ ਹੈ। ਚਾਹ ਬਗਾਨ ਬੰਦ ਹੋ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਸਾਡੀ ਸਥਿਤੀ ਬਿਹਤਰ ਹੋ ਸਕਦੀ ਹੈ।”
ਬੰਗਾਲ ਨੂੰ ਵੰਡਣ ਦੀ ਇਜਾਜ਼ਤ ਨਹੀਂ ਦਿਆਂਗੇ: ਮਮਤਾ
ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਬੰਗਾਲ ਦੇ ਕਿਸੇ ਵੀ ਹਿੱਸੇ ਨੂੰ ਆਪਣੀ ਆਜ਼ਾਦੀ ਗੁਆਉਣ ਤੇ ਨਵੀਂ ਦਿੱਲੀ ‘ਤੇ ਨਿਰਭਰ ਹੋਣ ਦੀ ਪ੍ਰਵਾਨਗੀ ਨਹੀਂ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਹਾਲੀਆ ਅਸੈਂਬਲੀ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ਸ਼ਰਮ ਆਉਣੀ ਚਾਹੀਦੀ ਹੈ, ਪਰ ਇਸ ਦੀ ਥਾਂ ਉਹ ਬੰਗਾਲ ‘ਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਹ ਕਿਸ ਦੇ ਹਿੱਤ ਵਿੱਚ ਬੰਗਾਲ ਨੂੰ ਵੰਡਣਾ ਚਾਹੁੰਦੇ ਹਨ?’ ਉਨ੍ਹਾਂ ਕਿਹਾ ਕਿ ਯੂਟੀ ਤੋਂ ਭਾਵ ਨਵੀਂ ਦਿੱਲੀ ਦੇ ਰਹਿਮੋ ਕਰਮ ‘ਤੇ ਰਹਿਣਾ ਤੇ ਆਪਣੀ ਆਜ਼ਾਦੀ ਗੁਆਉਣਾ ਹੈ।