ਪੁਰਾਤੱਤਵ ਵਿਭਾਗ ਵੱਲੋਂ ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪੁਰਾਤੱਤਵ ਮਹਿਕਮੇ (ਏਐੱਸਆਈ) ਵੱਲੋਂ ਦੇਸ਼ ਦੇ ਅਹਿਮ ਸੈਲਾਨੀ ਕੇਂਦਰ ਖੋਲ੍ਹਣ ਦੇ ਫ਼ੈਸਲੇ ਮਗਰੋਂ ਦਿੱਲੀ ਦੇ ਪ੍ਰਸਿੱਧ ਸੈਲਾਨੀ ਕੇਂਦਰ, ਸਮਾਰਕ ਤੇ ਦਰਸ਼ਨੀ ਸਥਾਨ ਆਮ ਲੋਕਾਂ ਲਈ ਖੋਲ੍ਹੇ ਗਏ, ਜੋ ਕੋਵਿਡ-19 ਦੀ ਦੂਜੀ ਲਹਿਰ ਕਾਰਨ ਦੋ ਮਹੀਨੇ ਪਹਿਲਾਂ ਬੰਦ ਕਰ ਦਿੱਤੇ ਸਨ।
ਜਾਣਕਾਰੀ ਮੁਤਾਬਿਤ ਦਿੱਲੀ ਅੰਦਰ ਸਭ ਤੋਂ ਵੱਧ 170 ਇਤਿਹਾਸਕ ਥਾਵਾਂ ਅਜਿਹੀਆਂ ਹਨ, ਜਿੱਥੇ ਕੌਮਾਂਤਰੀ ਤੇ ਕੌਮੀ ਪੱਧਰ ਦੇ ਸੈਲਾਨੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ। ਮਹਿਕਮੇ ਦੇ ਫ਼ੈਸਲੇ ਮਗਰੋਂ ਰਾਜਧਾਨੀ ਵਿੱਚ ਲਾਲ ਕਿਲਾ, ਹਮਾਯੂੰ ਦਾ ਮਕਬਰਾ, ਪੁਰਾਣਾ ਕਿਲਾ, ਕੁਤਬ ਮਿਨਾਰ, ਸਫ਼ਦਰਜੰਗ ਮਕਬਰਾ, ਹੌਜ਼ ਖ਼ਾਸ ਤੇ ਮਹਿਰੌਲੀ ਵਿੱਚ ਕਈ ਸਥਾਨ ਆਮ ਲੋਕਾਂ ਲਈ ਮੁੜ ਖੁੱਲ੍ਹ ਗਏ ਹਨ।
ਇਸ ਤੋਂ ਇਲਾਵਾ ਕਈ ਅਹਿਮ ਅਜਾਇਬ ਘਰ ਵੀ ਖੋਲ੍ਹੇ ਗਏ। ਇਸ ਦੇ ਨਾਲ ਹੀ ਮਹਿਕਮੇ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਹਰੇਕ ਆਉਣ ਵਾਲੇ ਲਈ ਕੋਵਿਡ-19 ਨਿਯਮਾਂ ਦੀ ਪਾਲਣਾ ਲਾਜ਼ਮੀ ਕੀਤੀ ਜਾਵੇ ਤੇ ਭੀੜ ਨਾ ਹੋਣ ਦਿੱਤੀ ਜਾਵੇ। ਉਕਤ ਥਾਵਾਂ ਉਪਰ ਬਹੁਤ ਘੱਟ ਲੋਕ ਦੇਖੇ ਗਏ। ਕੌਮਾਂਤਰੀ ਸੈਲਾਨੀਆਂ ਦਾ ਆਉਣਾ ਬੰਦ ਹੈ ਕਿਉਂਕਿ ਕੌਮਾਂਤਰੀ ਹਵਾਈ ਉਡਾਣਾਂ ਬੰਦ ਹਨ ਤੇ ਘਰੇਲੂ ਸੈਲਾਨੀ ਵੀ ਕਰੋਨਾ ਦੇ ਡਰੋਂ ਅਜਿਹੀਆਂ ਥਾਵਾਂ ਉਪਰ ਜਾਣ ਤੋਂ ਕਤਰਾ ਰਹੇ ਹਨ। ਹਾਲਾਂਕਿ ਇਨ੍ਹਾਂ ਸਥਾਨਾਂ ਨੂੰ ਰੋਗਾਣੂ ਮੁਕਤ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕਾਂ ਵਿੱਚ ਕਰੋਨਾ ਵਾਇਰਸ ਦੀ ਦਹਿਸ਼ਤ ਹੈ। ਜ਼ਿਕਰਯੋਗ ਹੈ ਕਿ ਏਐੱਸਆਈ ਉਕਤ ਥਾਵਾਂ ਤੋਂ ਸਾਲਾਨਾ ਕਰੋੜਾਂ ਰੁਪਏ ਟਿਕਟਾਂ ਦੇ ਰੂਪ ਵਿੱਚ ਕਮਾਉਂਦਾ ਹੈ ਤੇ ਰੱਖ-ਰਖਾਓ ਵੀ ਕਰਦਾ ਹੈ।
ਏਐੱਸਆਈ ਨੇ 14 ਜੂਨ ਨੂੰ ਫ਼ੈਸਲਾ ਕੀਤਾ ਸੀ ਕਿ ਦੇਸ਼ ਦੇ ਕੇਂਦਰੀ ਸੁਰੱਖਿਆ ਪ੍ਰਾਪਤ 3691 ਸਥਾਨ ਆਮ ਲੋਕਾਂ ਲਈ 16 ਜੂਨ ਨੂੰ ਖੋਲ੍ਹੇ ਜਾਣਗੇ, ਜਿਨ੍ਹਾਂ ਵਿੱਚ ਦਿੱਲੀ ਦੀਆਂ 170 ਇਤਿਹਾਸਕ ਥਾਵਾਂ ਹਨ।
ਤਾਜ ਮਹਿਲ ਵੀ ਸੈਲਾਨੀਆਂ ਲਈ ਖੁੱਲ੍ਹਿਆ
ਆਗਰਾ : ਦੋ ਮਹੀਨੇ ਬੰਦ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਤਾਜ ਮਹਿਲ ਖੁੱਲ੍ਹ ਗਿਆ ਹੈ ਤੇ ਬ੍ਰਾਜ਼ੀਲ ਤੋਂ ਆਈ ਇਕ 40 ਸਾਲਾ ਮਹਿਲਾ ਨੇ ਇਸਦਾ ਦੀਦਾਰ ਕਰਨ ਵਾਲੀ ਪਹਿਲੀ ਸੈਲਾਨੀ ਸੀ। ਮੇਲੀਸਾ ਡਾਲਾ ਰੋਸਾ ਨੇ ਕਿਹਾ ਕਿ ਤਾਜ ਨੂੰ ਦੇਖਣਾ ਵਿਲੱਖਣ ਤਜਰਬਾ ਹੈ ਤੇ ਸੈਲਾਨੀਆਂ ਦੀ ਭੀੜ ਨਹੀਂ ਸੀ। ਭਾਰਤੀ ਪੁਰਾਤਤਵ ਸਰਵੇਖਣ ਨੇ ਉਨ੍ਹਾਂ ਸਾਰੀਆਂ ਇਤਿਹਾਸਕ ਇਮਾਰਤਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਸਾਂਭ ਸੰਭਾਲ ਕੇਂਦਰ ਸਰਕਾਰ ਕਰਦੀ ਹੈ। ਕਈ ਅਜਾਇਬ ਘਰ ਵੀ ਖੋਲ੍ਹ ਦਿੱਤੇ ਗਏ ਹਨ। ਆਗਰਾ ਪ੍ਰਸ਼ਾਸਨ ਨੇ ਤਾਜ ਮਹਿਲ ਵਿਚ ਇਕ ਵੇਲੇ ਫਿਲਹਾਲ 650 ਸੈਲਾਨੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੀ ਦਿੱਤੀ ਹੈ। ਮਾਸਕ ਸਾਰਿਆਂ ਲਈ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।