30 ਜੂਨ ਨੂੰ ਸੰਭਾਲਣਗੇ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੂੰ ਨਵਾਂ ਫੌਜ ਮੁਖੀ ਨਿਯੁਕਤ ਕਰ ਦਿੱਤਾ ਹੈ। ਉਹ ਮੌਜੂਦਾ ਫੌਜ ਮੁਖੀ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ। ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਆਉਂਦੀ 30 ਜੂਨ ਨੂੰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲੈਣਗੇ ਅਤੇ ਇਸੇ ਦਿਨ ਮੌਜੂਦਾ ਫੌਜ ਮੁਖੀ ਜਨਰਲ ਮਨੋਜ ਪਾਂਡੇ ਰਿਟਾਇਰ ਹੋ ਰਹੇ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੌਜੂਦਾ ਫੌਜ ਮੁਖੀ ਦੇ ਕਾਰਜਕਾਲ ਵਿਚ ਇਕ ਮਹੀਨੇ ਦਾ ਵਾਧਾ ਕੀਤਾ ਗਿਆ ਸੀ। ਧਿਆਨ ਰਹੇ ਕਿ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ 30ਵੇਂ ਫੌਜ ਮੁਖੀ ਦੇ ਰੂਪ ਵਿਚ ਕਾਰਜਭਾਰ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਉਹ ਫੌਜ ਦੇ ਵਾਈਸ ਚੀਫ, ਨਾਰਦਰਨ ਆਰਮੀ ਕਮਾਂਡਰ, ਡੀਜੀ ਇਨਫੈਂਟਰੀ ਅਤੇ ਫੌਜ ਦੇ ਕਈ ਹੋਰ ਅਹਿਮ ਅਹੁਦਿਆਂ ’ਤੇ ਸੇਵਾ ਨਿਭਾਅ ਚੁੱਕੇ ਹਨ।