![](https://parvasinewspaper.com/wp-content/uploads/2020/06/narendramodi-300x225.jpg)
ਕਿਹਾ – ਕਰੋਨਾ ਨਾਲ ਨਜਿੱਠਣ ਲਈ ਸਾਰੇ ਸੂਬੇ ਪੰਜਾਬ ਦਾ ਮਾਡਲ ਅਪਣਾਉਣ
ਚੰਡੀਗੜ੍ਹ : ਕਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਪੰਜਾਬ ਵੱਲੋਂ ਅਪਣਾਈ ਸੂਖਮ ਪੱਧਰ ‘ਤੇ ਕੰਟਰੋਲ ਦੀ ਵਿਧੀ ਅਤੇ ਘਰ-ਘਰ ਸਰਵੇਖਣ ਦੀ ਨੀਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਲਾਘਾ ਕੀਤੀ ਹੈ। ਮੋਦੀ ਨੇ ਸਾਰੇ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਣਾਉਣ ਲਈ ਕਿਹਾ ਹੈ, ਜਿਸ ਸਦਕਾ ਪੰਜਾਬ ਨੂੰ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ-19 ਨਾਲ ਨਜਿੱਠਣ ਲਈ ਸੂਬੇ ਦਾ ਇਹ ਮਾਡਲ ਦੱਸਦੇ ਹੋਏ ਸਾਰੇ ਸੂਬਿਆਂ ਨੂੰ ਇਸ ਰਣਨੀਤੀ ਨੂੰ ਅਪਣਾਉਣ ਦਾ ਸੁਝਾਅ ਦੇ ਰਹੇ ਸਨ, ਜਿਸ ਨਾਲ ਇਸ ਮਹਾਂਮਾਰੀ ਦਾ ਮੁਕਾਬਲਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਕੋਲੋਂ ਸੂਬਿਆਂ ਵਿਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਬਜ਼ਾਰਾਂ ਵਿਚ ਭੀੜ ਵਧਣ ਲੱਗੀ ਹੈ ਤੇ ਢਿੱਲ ਦੇਣ ਨਾਲ ਕਰੋਨਾ ਵਿਰੁੱਧ ਲੜਾਈ ਕਮਜ਼ੋਰ ਹੋਵੇਗੀ। ਮੋਦੀ ਨੇ ਇਹ ਵੀ ਦੱਸਿਆ ਕਿ ਹੁਣ ਲਘੂ ਉਦਯੋਗਾਂ ‘ਤੇ ਵੀ ਕੰਮ ਸ਼ੁਰੂ ਹੋ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਡਾਕਟਰਾਂ ਵਲੋਂ ਦਿੱਤੀਆਂ ਹਦਾਇਤਾਂ ਦਾ ਜ਼ਰੂਰ ਪਾਲਣ ਕਰਨ। ਉਨ੍ਹਾਂ ਕਰੋਨਾ ਕਾਰਨ ਹੋਣ ਵਾਲੀ ਹਰ ਮੌਤ ਨੂੰ ਦੁਖਦਾਈ ਦੱਸਿਆ।