
ਹਾਈਕਮਾਂਡ ਨਾਲ ਚਰਚਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ 13-0 ਦਾ ਮਿਸ਼ਨ ਫੇਲ੍ਹ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਚ ਫੇਰਬਦਲ ਦੀ ਤਿਆਰੀ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਲੋਕ ਸਭਾ ਹਲਕਾ ਵਾਈਜ਼ ਵਿਧਾਇਕਾਂ, ਆਗੂਆਂ ਅਤੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਸਬੰਧੀ ਮੰਥਨ ਕਰ ਚੁੱਕੇ ਹਨ। ਇਸਦੇ ਚੱਲਦਿਆਂ ਹੁਣ ਭਗਵੰਤ ਮਾਨ ਹਾਈਕਮਾਨ ਨਾਲ ਪੰਜਾਬ ਦੇ ਮੰਤਰੀ ਮੰਡਲ ’ਚ ਫੇਰਬਦਲ ਸਬੰਧੀ ਚਰਚਾ ਕਰਨਗੇ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ 13 ਵਿਚੋਂ ਸਿਰਫ 3 ਸੀਟਾਂ ਹੀ ਜਿੱਤ ਸਕੀ ਹੈ ਅਤੇ ‘ਆਪ’ ਦੇ 4 ਮੰਤਰੀ ਅਤੇ 3 ਵਿਧਾਇਕ ਵੀ ਚੋਣ ਹਾਰ ਗਏ ਸਨ। ਪੰਜਾਬ ਵਿਚ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ 15 ਮੰਤਰੀ ਹਨ ਅਤੇ ਹੁਣ 2 ਹੋਰ ਮੰਤਰੀ ਬਣਾਏ ਜਾ ਸਕਦੇ ਹਨ। ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ‘ਆਪ’ ਦੇ ਮੰਤਰੀ ਮੀਤ ਹੇਅਰ ਦੀ ਜਗ੍ਹਾ ਵੀ ਮੰਤਰੀ ਦਾ ਅਹੁਦਾ ਕਿਸੇ ਹੋਰ ਨੂੰ ਦਿੱਤਾ ਜਾਣਾ ਹੈ।