ਲੰਘੇ ਕੱਲ੍ਹ ਵੀਰਵਾਰ ਨੂੰ ਸਾਰੇ 16 ਮੰਤਰੀਆਂ ਨੇ ਦੇ ਦਿੱਤਾ ਸੀ ਅਸਤੀਫਾ
ਗਾਂਧੀਨਗਰ/ਬਿਊਰੋ ਨਿਊਜ਼
ਗੁਜਰਾਤ ਵਿਚ ਭੂਪੇਂਦਰ ਪਟੇਲ ਸਰਕਾਰ ਦੀ ਨਵੀਂ ਕੈਬਨਿਟ ਨੇ ਅੱਜ ਸਹੁੰ ਚੁੱਕ ਲਈ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਛੱਡ ਕੇ ਸਾਰੇ 16 ਮੰਤਰੀਆਂ ਨੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ। ਨਵੀਂ ਕੈਬਨਿਟ ਵਿਚ ਹੁਣ 26 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਇਸਦੇ ਚੱਲਦਿਆਂ ਨਵੀਂ ਕੈਬਨਿਟ ਵਿਚ ਪਟੇਲ ਭਾਈਚਾਰੇ ਤੋਂ ਮੁੱਖ ਮੰਤਰੀ ਸਣੇ 8 ਮੰਤਰੀ ਹੋਣਗੇ ਅਤੇ 8 ਓ.ਬੀ.ਸੀ., 3 ਐਸ.ਸੀ., 4 ਐਸ.ਟੀ. ਅਤੇ 3 ਮਹਿਲਾਵਾਂ ਹਨ। ਇਸ ਕੈਬਨਿਟ ਵਿਚ 19 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਹਰਸ਼ ਸੰਘਵੀ ਨੇ ਅਹੁਦੇ ਦੀ ਸਹੁੰ ਚੁੱਕੀ ਅਤੇ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ ਹੈ। ਕਿ੍ਰਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਫੇਰਬਦਲ ਨੂੰ ਗੁਜਰਾਤ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਗੁਜਰਾਤ ਕੈਬਨਿਟ ਵਿਚ ਮੁੱਖ ਮੰਤਰੀ ਸਣੇ 17 ਮੰਤਰੀ ਸਨ ਅਤੇ ਹੁਣ ਇਹ ਗਿਣਤੀ 26 ਹੋ ਗਈ ਹੈ।