ਅਦਾਲਤ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਭੁੱਲਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਿਆ
ਚੰਡੀਗੜ੍ਹ/ਬਿਊਰੋ ਨਿਊਜ਼
ਸੀਬੀਆਈ ਵਲੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਮੈਡੀਕਲ ਜਾਂਚ ਤੋਂ ਬਾਅਦ ਚੰਡੀਗੜ੍ਹ ਸਥਿਤ ਸੀਬੀਆਈ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਭੁੱਲਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਸੀਬੀਆਈ ਨੇ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਕੋਠੀ ’ਤੇ ਛਾਪਾ ਮਾਰਿਆ ਸੀ ਤੇ ਉਥੋਂ ਕਰੀਬ 7 ਕਰੋੜ ਰੁਪਏ ਦੀ ਨਕਦੀ ਅਤੇ ਡੇਢ ਕਿੱਲੋ ਸੋਨਾ ਜ਼ਬਤ ਕੀਤਾ ਸੀ। ਸੀਬੀਆਈ ਦੀ ਟੀਮ ਨੂੰ ਬੀ.ਐਮ.ਡਬਲਿਊ. ਅਤੇ ਔਡੀ ਕਾਰਾਂ ਦੀਆਂ ਚਾਬੀਆਂ, ਪੰਜਾਬ ਵਿਚ ਕਈ ਜਾਇਦਾਦਾਂ ਦੇ ਦਸਤਾਵੇਜ, ਸਮਰਾਲਾ ਵਿਚ ਇਕ ਫਾਰਮ ਹਾਊਸ, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਇਕ ਡਬਲ ਬੈਰਲ ਬੰਦੂਕ, ਪਿਸਤੌਲ, ਰਿਵਾਲਵਰ, ਏਅਰਗੰਨ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਵੀ ਮਿਲਿਆ ਸੀ। ਜ਼ਿਕਰਯੋਗ ਹੈ ਕਿ ਡੀਆਈਜੀ ਭੁੱਲਰ ਨੇ ‘ਸੇਵਾ ਪਾਣੀ’ ਦੇ ਨਾਮ ’ਤੇ ਇਕ ਸਕਰੈਪ ਕਾਰੋਬਾਰੀ ਨੂੰ ਮਹੀਨਾਵਾਰ ਭੁਗਤਾਨ ਕਰਨ ਲਈ ਕਿਹਾ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਝੂਠੇ ਮਾਮਲਿਆਂ ਵਿਚ ਫਸਾਉਣ ਦੀ ਧਮਕੀ ਦਿੱਤੀ ਸੀ। ਇਸਦੇ ਚੱਲਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਡੀਆਈਜੀ ਦੀ ਗਿ੍ਰਫਤਾਰੀ ਸੂਬੇ ਦੇ ਵੱਡੇ ਢਾਂਚੇ ’ਤੇ ਸਵਾਲੀਆ ਨਿਸ਼ਾਨ ਹੈ।