
ਵਿਸ਼ੇਸ਼ ਜਾਂਚ ਟੀਮ ਕਰੇਗੀ ਇਸ ਸਾਰੇ ਮਾਮਲੇ ਦੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੰਚਕੂਲਾ ਪੁਲਿਸ ਨੇ ਸਾਬਕਾ ਡੀਜੀਪੀ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਮਿ੍ਰਤਕ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਾਲੇਰਕੋਟਲਾ ਨਿਵਾਸੀ ਸ਼ਮਸੁਦੀਨ ਚੌਧਰੀ ਦੀ ਸ਼ਿਕਾਇਤ ਦੇ ਅਧਾਰ ’ਤੇ ਪੰਚਕੂਲਾ ਪੁਲਿਸ ਨੇ ਐਮ.ਡੀ.ਸੀ. ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਅਕੀਲ ਅਖਤਰ ਦੀ ਸ਼ੱਕੀ ਮੌਤ ਦੇ ਸਬੰਧ ਵਿਚ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ ਸ਼ਿਕਾਇਤ ਕਰਤਾ ਸ਼ਮਸੁਦੀਨ ਚੌਧਰੀ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਇਲਜ਼ਾਮ ਲਗਾਇਆ ਗਿਆ ਸੀ ਕਿ ਅਕੀਲ ਅਖਤਰ ਦੀ ਮੌਤ ਸ਼ੱਕੀ ਹਾਲਤ ਵਿਚ ਹੋਈ ਹੈ ਅਤੇ ਇਸ ਵਿਚ ਪਰਿਵਾਰਕ ਮੈਂਬਰ ਸ਼ਾਮਲ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲੰਘੀ 27 ਅਗਸਤ ਨੂੰ ਅਕੀਲ ਅਖਤਰ ਨੇ ਸੋਸ਼ਲ ਮੀਡੀਆ ’ਤੇ ਜਨਤਕ ਹੋ ਕੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਸ ਨੇ ਨਿੱਜੀ ਝਗੜਿਆਂ ਅਤੇ ਉਸਦੀ ਜਾਨ ਨੂੰ ਖਤਰੇ ਦੇ ਖਦਸ਼ਿਆਂ ਦਾ ਇਲਜ਼ਾਮ ਲਗਾਇਆ ਸੀ। ਅਕੀਲ ਅਖਤਰ ਨੇ ਇਹ ਵੀ ਕਿਹਾ ਸੀ ਕਿ ਉਸਦਾ ਪੂਰਾ ਪਰਿਵਾਰ, ਜਿਸ ਵਿਚ ਉਸਦੀ ਮਾਂ ਅਤੇ ਭੈਣ ਵੀ ਸ਼ਾਮਲ ਹਨ, ਉਸ ਨੂੰ ਮਾਰਨ ਜਾਂ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸਾਜਿਸ਼ ਰਚ ਰਹੇ ਹਨ। ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਇਕ ਵਿਸ਼ੇਸ ਟੀਮ ਕਰੇਗੀ।

