-12.3 C
Toronto
Monday, January 26, 2026
spot_img
Homeਪੰਜਾਬਪੰਨੂ, ਪੰਧੇਰ ਤੇ ਦੀਪ ਸਿੱਧੂ ਖਿਲਾਫ਼ ਉਠੀ ਆਵਾਜ਼

ਪੰਨੂ, ਪੰਧੇਰ ਤੇ ਦੀਪ ਸਿੱਧੂ ਖਿਲਾਫ਼ ਉਠੀ ਆਵਾਜ਼

ਪੰਜਾਬ ਵਿਚ ਕਿਸਾਨ ਸੰਘਰਸ਼ੀ ਅਖਾੜਿਆਂ ’ਚ ਜੋਸ਼ ਮੱਠਾ ਨਹੀਂ ਪਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ੀ ਅਖਾੜਿਆਂ ਤੋਂ ਦਿੱਲੀ ਦੀ ਇਤਿਹਾਸਕ ‘ਟਰੈਕਟਰ ਪਰੇਡ’ ਨੂੰ ਬਦਨਾਮ ਕਰਨ ਲਈ ਚਾਲਾਂ ਚੱਲਣ ਵਾਲੇ ਕਿਸਾਨ ਆਗੂਆਂ ਅਤੇ ਫਿਲਮ ਅਦਾਕਾਰ ਦੀਪ ਸਿੱਧੂ ‘ਤੇ ਨਿਸ਼ਾਨਾ ਸਾਧਿਆ ਗਿਆ। ਸੂਬੇ ਵਿੱਚ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਇਹ ਧਰਨੇ ਜਾਰੀ ਰਹੇ। ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਚੱਲੀਆਂ ਚਾਲਾਂ ਦੇ ਮੋਹਰੇ ਵਜੋਂ ਭੂਮਿਕਾ ਨਿਭਾਉਂਦਿਆਂ ਕਿਸਾਨ ਆਗੂਆਂ ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ ਅਤੇ ਦੀਪ ਸਿੱਧੂ ਨੇ ਸਮੂਹ ਕਿਸਾਨੀ, ਖਾਸਕਰ ਪੰਜਾਬੀਆਂ ਨਾਲ ਗੱਦਾਰੀ ਕੀਤੀ ਹੈ। ਦਿੱਲੀ ਦੇ ਮੋਰਚੇ ਤੋਂ ਉਕਤ ਤਿੰਨਾਂ ਨੂੰ ਪੰਜਾਬ ਦੇ ਗੱਦਾਰ ਐਲਾਨੇ ਜਾਣ ਦੀ ਪ੍ਰੋੜਤਾ ਪੰਜਾਬ ਦੇ ਮੋਰਚਿਆਂ ਤੋਂ ਵੀ ਕੀਤੀ ਗਈ। ਕਿਸਾਨ ਆਗੂਆਂ ਮੁਤਾਬਕ ਪੌਣੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਸਨ। ਕੇਂਦਰ ਸਰਕਾਰ ਨੇ ਆਪਣੇ ਕਥਿਤ ਪਿੱਠੂਆਂ ਰਾਹੀਂ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਨੂੰ ਖ਼ਰੀਦਣ ਅਤੇ ਪਾੜਨ ਦੇ ਯਤਨ ਕੀਤੇ ਪਰ ਉਹ ਕਾਮਯਾਬ ਨਾ ਹੋ ਸਕੀ। ਉਨ੍ਹਾਂ ਕਿਹਾ, ‘ਕਿਸਾਨ ਜਥੇਬੰਦੀਆਂ ਵੱਲੋਂ ਐਲਾਨੀ ਟਰੈਕਟਰ ਪਰੇਡ ਨੇ ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ। ਇਸ ਕਰਕੇ ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਮੋਹਰੇ ਵਰਤੇ, ਜਿਨ੍ਹਾਂ ਨੇ ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਅੰਜਾਮ ਦਿੱਤਾ।’ ਕਿਸਾਨ ਬੁਲਾਰਿਆਂ ਨੇ ਦਿੱਲੀ ਪੁਲਿਸ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਹੜੀ ਦਿੱਲੀ ਪੁਲਿਸ ਬਿਨਾਂ ਕਿਸੇ ਕਾਰਨ ਨਾਮੀ ਸੰਸਥਾ ਜਾਮੀਆ ਮਿਲੀਆ ਯੂਨੀਵਰਸਿਟੀ ‘ਚ ਵੜ ਕੇ ਮਾਸੂਮ ਵਿਦਿਆਰਥੀਆਂ ‘ਤੇ ਜ਼ੁਲਮ ਢਾਹ ਸਕਦੀ ਹੈ ਤੇ ਏਬੀਵੀਪੀ ਦੇ ਕਥਿਤ ਗੁੰਡਿਆਂ ਤੋਂ ਜੇਐੱਨਯੂ ਵਿੱਚ ਗੁੰਡਾਗਰਦੀ ਕਰਵਾ ਸਕਦੀ ਹੈ, ਉਸ ਵੱਲੋਂ ਗਣਤੰਤਰ ਦਿਵਸ ਮੌਕੇ ਅਤਿ ਸੁਰੱਖਿਅਤ ਖੇਤਰ ਮੰਨੇ ਜਾਂਦੇ ਲਾਲ ਕਿਲ੍ਹੇ ਅੰਦਰ ਦੀਪ ਸਿੱਧੂ ਅਤੇ ਉਸ ਦੇ ਹਮਾਇਤੀਆਂ ਨੂੰ ਕਿਵੇਂ ਜਾਣ ਦਿੱਤਾ ਗਿਆ। ਉਨ੍ਹਾਂ ਨੇ ਦਿੱਲੀ ਦੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕਥਿਤ ਗੱਦਾਰਾਂ ਦੇ ਚਿਹਰੇ ਹੀ ਬੇਪਰਦ ਨਹੀਂ ਹੋਣੇ ਚਾਹੀਦੇ ਸਗੋਂ ਦਿੱਲੀ ਪੁਲਿਸ ਦੀ ਭੂਮਿਕਾ ਵੀ ਦੁਨੀਆ ਦੇ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਰੋਸ ਮੁਜ਼ਾਹਰਿਆਂ ਦੌਰਾਨ ਕਿਸਾਨ ਆਗੂਆਂ ‘ਤੇ ਝੂਠੇ ਕੇਸ ਮੜ੍ਹਨ ਦੀ ਨਿੰਦਾ ਵੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਿਆਂ ਅਤੇ ਮੁਜ਼ਾਹਰਿਆਂ ਦਾ ਦੌਰ ਪਹਿਲਾਂ ਵਾਂਗ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੀ ਨਿਰਾਸ਼ਾਜਨਕ ਘਟਨਾ ਮਗਰੋਂ ਵੀ ਪੰਜਾਬ ਦੇ ਸੰਘਰਸ਼ੀ ਅਖਾੜਿਆਂ ‘ਤੇ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ। ਉਨ੍ਹਾਂ ਕਿਹਾ ਕਿ ਅੱਜ ਵੀ ਧਰਨਿਆਂ ‘ਤੇ ਸ਼ਾਮਲ ਲੋਕਾਂ ਲਾਲ ਕਿਲ੍ਹੇ ‘ਤੇ ਵਾਪਰੀਆਂ ਘਟਨਾਵਾਂ ਦੀ ਸਮੂਹਿਕ ਨਿੰਦਾ ਕਰਦਿਆਂ ਭਾਰਤ ਸਰਕਾਰ ਦੀ ਹਰ ਚਾਲ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ 46 ਥਾਵਾਂ ‘ਤੇ ਧਰਨੇ ਚੱਲ ਰਹੇ ਹਨ। ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਧਰਨੇ ਸ਼ਾਮਲ ਹਨ। ਸਾਰੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਜਾਰੀ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਹੋਰ ਵਿਸ਼ਾਲ ਹੋਵੇਗਾ ਤੇ ਹਰ ਹਾਲ ‘ਚ ਕਿਸਾਨਾਂ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਪਹਿਲਾਂ ਵਾਂਗ ਸਰਕਾਰ ਦੀਆਂ ਚਾਲਾਂ ਨੂੰ ਨਾਕਾਮ ਬਣਾਉਣ ਦਾ ਸੱਦਾ ਦਿੱਤਾ।
ਜਿੱਤ ਲਈ ਹੋਰ ਵਿਉਂਤਬੰਦੀ ਕਰਾਂਗੇ: ਜਗਮੋਹਣ ਸਿੰਘ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਕਿਹਾ ਕਿ ਦਿੱਲੀ ਦੀ ਘਟਨਾ ਕਿਸਾਨੀ ਅੰਦੋਲਨ ਨੂੰ ਢਾਹ ਨਹੀਂ ਲਾ ਸਕਦੀ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਲੜੀ ਜਾ ਰਹੀ ਲੜਾਈ ਜਿੱਤਣ ਲਈ ਹੁਣ ਹੋਰ ਵੀ ਸੰਗਠਤ ਰਣਨੀਤਕ ਤਰੀਕਿਆਂ ਨਾਲ ਵਿਉਂਤਬੰਦੀ ਕੀਤੀ ਜਾਵੇਗੀ।

RELATED ARTICLES
POPULAR POSTS