Breaking News
Home / ਪੰਜਾਬ / ਬਹਿਬਲ ਕਲਾਂ ਗੋਲੀ ਕਾਂਡ ਸੰਘਰਸ਼ ‘ਚ ਵੀ ਘੁਸਪੈਠ ਕਰਨਾ ਚਾਹੁੰਦਾ ਸੀ ਦੀਪ ਸਿੱਧੂ

ਬਹਿਬਲ ਕਲਾਂ ਗੋਲੀ ਕਾਂਡ ਸੰਘਰਸ਼ ‘ਚ ਵੀ ਘੁਸਪੈਠ ਕਰਨਾ ਚਾਹੁੰਦਾ ਸੀ ਦੀਪ ਸਿੱਧੂ

ਬਾਦਲਾਂ ਖਿਲਾਫ ਬੋਲ ਕੇ ਭਾਜਪਾ ਨੂੰ ਖੁਸ਼ ਕਰਨਾ ਚਾਹੁੰਦਾ ਸੀ ਦੀਪ ਸਿੱਧੂ
ਫਰੀਦਕੋਟ/ਬਿਊਰੋ ਨਿਊਜ਼ : ਕਿਸਾਨਾਂ ਦੇ ਇਤਿਹਾਸਕ ਅੰਦੋਲਨ ਨੂੰ ਕਥਿਤ ਤੌਰ ‘ਤੇ ਭਾਜਪਾ ਦੀ ਸ਼ਹਿ ‘ਤੇ ਸਾਬੋਤਾਜ ਕਰਨ ਦੇ ਦੋਸ਼ਾਂ ‘ਚ ਘਿਰਿਆ ਅਦਾਕਾਰ ਦੀਪ ਸਿੱਧੂ ਇਸ ਤੋਂ ਪਹਿਲਾਂ ਬਹਿਬਲ ਕਲਾਂ ਗੋਲੀ ਕਾਂਡ ਦੇ ਸੰਘਰਸ਼ ‘ਚ ਵੀ ਸ਼ਾਮਲ ਹੋਣਾ ਚਾਹੁੰਦਾ ਸੀ। ਇਸੇ ਮਕਸਦ ਲਈ ਉਹ 14 ਅਕਤੂਬਰ 2020 ਨੂੰ ਬਹਿਬਲ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬਹਿਬਲ ਕਲਾਂ ਗੁਰਦੁਆਰਾ ਸਾਹਿਬ ਵਿੱਚ ਗਿਆ, ਜਿੱਥੇ ਉਸ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਸ ਨੂੰ ਭਾਜਪਾ ਦਾ ਏਜੰਟ ਦੱਸਿਆ ਸੀ। ਸੂਚਨਾ ਮੁਤਾਬਕ ਦੀਪ ਸਿੱਧੂ ਬਹਿਬਲ ਗੋਲੀ ਕਾਂਡ ‘ਚ ਬਾਦਲਾਂ ਖ਼ਿਲਾਫ਼ ਬੋਲ ਕੇ ਭਾਜਪਾ ਆਗੂਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਪਰ ਉਥੇ ਉਸ ਦੀ ਕੋਈ ਦਾਲ ਨਾ ਗਲੀ ਅਤੇ ਉਸ ਮਗਰੋਂ ਉਹ ਕਿਸਾਨੀ ਸੰਘਰਸ਼ ‘ਚ ਸਰਗਰਮ ਹੋ ਗਿਆ। ਮੁਕਤਸਰ ਜ਼ਿਲ੍ਹੇ ਦੇ ਪਿੰਡ ਉਦੇਕਰਨ ਦੇ ਜੰਮਪਲ ਦੀਪ ਸਿੱਧੂ ਨੇ ਪੁਣੇ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੈ। ਉਸ ਨੂੰ ਬੌਲੀਵੁੱਡ ਅਦਾਕਾਰ ਧਰਮਿੰਦਰ ਅਤੇ ਸਨੀ ਦਿਓਲ ਦਾ ਕਰੀਬੀ ਮੰਨਿਆ ਜਾਂਦਾ ਹੈ ਹਾਲਾਂਕਿ ਸੰਨੀ ਦਿਓਲ ਨੇ ਟਵੀਟ ਕੀਤਾ ਹੈ ਕਿ ਉਸ ਵੱਲੋਂ ਦੀਪ ਸਿੱਧੂ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਗਏ ਹਨ।
ਅਸਲ ‘ਚ ਦਿਓਲ ਪਰਿਵਾਰ ਦੀ ਮਦਦ ਨਾਲ ਹੀ ਦੀਪ ਸਿੱਧੂ ਫ਼ਿਲਮੀ ਦੁਨੀਆ ਵਿੱਚ ਆਇਆ ਅਤੇ ਹੁਣ ਤੱਕ ਉਹ ਪੰਜ ਫ਼ਿਲਮਾਂ ਕਰ ਚੁੱਕਾ ਹੈ। ਦੀਪ ਸਿੱਧੂ ਦਾ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਸਾਂਝੇ ਜਾਂ ਲੋਕ ਪੱਖੀ ਸੰਘਰਸ਼ ਲਈ ਲੜਨ ਦਾ ਕੋਈ ਇਤਿਹਾਸ ਨਹੀਂ ਹੈ, ਹਾਲਾਂਕਿ ਉਹ ਸੰਨੀ ਦਿਓਲ ਦਾ ਗੁਰਦਾਸਪੁਰ ਤੋਂ ਮੀਡੀਆ ਇੰਚਾਰਜ ਰਿਹਾ ਹੈ।
ਸਨੀ ਦਿਓਲ ਨੇ ਦੀਪ ਸਿੱਧੂ ਨਾਲ ਸਬੰਧ ਨਾ ਹੋਣ ਦੀ ਗੱਲ ਦੁਹਰਾਈ
ਗੁਰਦਾਸਪੁਰ : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ ਨੇ ਦੁਹਰਾਇਆ, ‘ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾ ਕੇ ਕਿਸਾਨਾਂ ਦਾ ਅਕਸ ਵਿਗਾੜਨ ਵਾਲੇ ਦੀਪ ਸਿੱਧੂ ਨਾਲੋਂ ਉਹ ਪਹਿਲਾਂ ਹੀ ਸਬੰਧ ਤੋੜ ਚੁੱਕੇ ਹਨ।’ ਇਹ ਗੱਲ ਸੰਸਦ ਮੈਂਬਰ ਦਿਓਲ ਨੇ ਦੀਪ ਸਿੱਧੂ ਦੇ ਉਨ੍ਹਾਂ ਨਾਲ ਸਬੰਧਾਂ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਪੋਸਟਾਂ ‘ਤੇ ਟਿੱਪਣੀ ਕਰਦਿਆਂ ਕਹੀ ਹੈ। ਪਿਛਲੇ ਮਹੀਨੇ ਦਿੱਲੀ ਦੀਆਂ ਹੱਦਾਂ ‘ਤੇ ਕਿਸਾਨ ਅੰਦੋਲਨ ਸ਼ੁਰੂ ਹੋਣ ਸਮੇਂ ਵੀ ਸਨੀ ਦਿਓਲ ਦੇ ਪਠਾਨਕੋਟ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਗਿਆ ਸੀ ਕਿ ਸੰਸਦ ਮੈਂਬਰ ਪਹਿਲਾਂ ਹੀ ਸਿੱਧੂ ਤੋਂ ਵੱਖ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਫਰਵਰੀ 2019 ਵਿਚ ਸਨੀ ਦਿਓਲ ਵੱਲੋਂ ਗੁਰਦਾਸਪੁਰ ਸੰਸਦੀ ਸੀਟ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੇ ਜਾਣ ਸਮੇਂ ਦੀਪ ਸਿੱਧੂ ਨੂੰ ਇੱਕ ਅਹਿਮ ਹਸਤੀ ਵਜੋਂ ਦੇਖਿਆ ਗਿਆ ਸੀ। ਦੂਸਰੇ ਪਾਸੇ ਸਨੀ ਦਿਓਲ ਦੇ ਨਿੱਜੀ ਸਹਾਇਕ ਪੰਕਜ ਜੋਸ਼ੀ ਨੇ ਦਾਅਵਾ ਕੀਤਾ ਕਿ ਸਿੱਧੂ, ਦਿਓਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਈਟਾਂ ‘ਤੇ ਵਾਇਰਲ ਹੋਈਆਂ ਹਨ, ਉਹ ਸੰਨੀ ਦਿਓਲ ਵੱਲੋਂ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਿੱਚੀਆਂ ਗਈਆਂ ਸਨ।
ਉਸ ਸਮੇਂ ਉਨ੍ਹਾਂ ਹਲਕੇ ਦਾ ਦੌਰਾ ਵੀ ਨਹੀਂ ਕੀਤਾ ਸੀ ਅਤੇ ਭਾਜਪਾ ਵੱਲੋਂ ਸਿਰਫ਼ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਸੀ, ਜਿਸ ਮਗਰੋਂ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਾਲ ਇੱਕ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ, ‘ਪਿਛਲੇ ਸਾਲ 6 ਦਸੰਬਰ ਨੂੰ ਸਪੱਸ਼ਟ ਕੀਤਾ ਗਿਆ ਸੀ ਦੀਪ ਸਿੱਧੂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਸੀ ਕਿਉਂਕਿ ਉਸ ਵੱਲੋਂ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਸਦ ਮੈਂਬਰ ਸਨੀ ਦਿਓਲ ਦੇ ਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ।’ ਸੂਤਰਾਂ ਮੁਤਾਬਕ ਸਨੀ ਦਿਓਲ ਦੇ ਸੰਸਦ ਮੈਂਬਰ ਬਣਨ ਮਗਰੋਂ ਸਿੱਧੂ ਨੇ ਆਪਣੇ ਖ਼ੁਦ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਗੱਲ ਸਨੀ ਦਿਓਲ ਨੂੰ ਪਸੰਦ ਨਾ ਆਈ ਅਤੇ ਉਨ੍ਹਾਂ ਨੇ ਦੀਪ ਸਿੱਧੂ ਨਾਲੋਂ ਆਪਣੇ ਸਬੰਧ ਤੋੜ ਲਏ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …