ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਸ਼ਮੂਲੀਅਤ ਨੇ ਕੈਪਟਨ ਸਰਕਾਰ ਨੂੰ ਬੇਹੱਦ ਕਸੂਤਾ ਫਸਾ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਅਕਸਰ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਪੁਲਿਸ ਦੇ ਇੱਕ ਆਈਜੀ, ਇੱਕ ਡੀਆਈਜੀ ਤੇ ਹੋਰਨਾਂ ਅਫ਼ਸਰਾਂ ਸਮੇਤ ਅੱਧੀ ਦਰਜਨ ਤੋਂ ਵੱਧ ਪੁਲਿਸ ਅਧਿਕਾਰੀਆਂ ਵੱਲੋਂ ਇੰਦਰਜੀਤ ਸਿੰਘ ਦੀ ਪੁਸ਼ਤਪਨਾਹੀ ਕਰਨ ਦੇ ਤੱਥ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖ ਦਿੱਤੇ ਹਨ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਅਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਅਧਿਕਾਰੀ ਵੀ ਸ਼ਾਮਲ ਸਨ। ਐਸਟੀਐਫ ਵੱਲੋਂ ਇੰਦਰਜੀਤ ਸਿੰਘ ਦੀ ਤਫ਼ਤੀਸ਼ ਦੇ ਅਧਾਰ ‘ਤੇ ਕੀਤੇ ਖ਼ੁਲਾਸਿਆਂ ਕਾਰਨ ਪੁਲਿਸ ਵਿਚ ਘਬਰਾਹਟ ਫੈਲੀ ਹੋਈ ਹੈ। ਸ਼ੱਕੀ ਕਿਰਦਾਰ ਵਾਲੇ ਪੁਲਿਸ ਅਫ਼ਸਰਾਂ ਵੱਲੋਂ ਆਪਣੀ ਚਮੜੀ ਬਚਾਉਣ ਲਈ ਭੱਜ-ਨੱਠ ਕੀਤੀ ਜਾਣ ਲੱਗੀ ਹੈ।
ਐਸਟੀਐਫ ਦੇ ਅਧਿਕਾਰੀਆਂ ਵੱਲੋਂ ਭਾਵੇਂ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਹੁੰਦਲ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਪਰ ਹੋਰਨਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਦੇ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇੰਦਰਜੀਤ ਸਿੰਘ ਅਤੇ ਉਸ ਦੇ ਸਾਥੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਮੁੱਖ ਮੰਤਰੀ ਤੱਕ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ‘ਦੁਹਾਈ’ ਪਾਈ ਹੈ ਕਿ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਜੇਕਰ ਪੁਲਿਸ ਅਫ਼ਸਰਾਂ ਦੇ ਕਥਿਤ ਕਾਰਿਆਂ ਨੂੰ ਬੇਪਰਦ ਕੀਤਾ ਗਿਆ ਤਾਂ ਸਾਰੀ ਪੁਲਿਸ ਵਿੱਚ ਨਿਰਾਸ਼ਾ ਫੈਲ ਜਾਵੇਗੀ। ਸੂਤਰਾਂ ਅਨੁਸਾਰ ਪੁਲਿਸ ਅਧਿਕਾਰੀਆਂ ਦੇ ਕੇਸ ਦੀ ਪੈਰਵੀ ਕਰਨ ਵਾਲੇ ਅਧਿਕਾਰੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਝਾੜ-ਝੰਬ ਵੀ ਕੀਤੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇੰਦਰਜੀਤ ਦੇ ਸਾਥੀਆਂ ਦੀ ਹਮਾਇਤ ਵਿਚ ਉਤਰੇ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਐਸਟੀਐਫ ਅਧਿਕਾਰੀਆਂ ਵੱਲੋਂ ਠੀਕ ਦਿਸ਼ਾ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਐਸਟੀਐਫ ਦੇ ਅਧਿਕਾਰੀਆਂ ਨੂੰ ਪੁਲਿਸ ਅਫ਼ਸਰਾਂ ਦੀ ਸ਼ਮੂਲੀਅਤ ਦੇ ਤੱਥ ਇਕੱਤਰ ਕਰਨ ਲਈ ਤਾਂ ਆਖ ਦਿੱਤਾ ਹੈ ਪਰ ਕਾਰਵਾਈ ਦਾ ਅਧਿਕਾਰ ਆਪਣੇ ਕੋਲ ਰਾਖਵਾਂ ਰੱਖਿਆ ਹੋਇਆ ਹੈ।
ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਐਸਟੀਐਫ ਦੀਆਂ ਗਤੀਵਿਧੀਆਂ ਕਾਰਨ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਐਸਟੀਐਫ ਦੀਆਂ ਗਤੀਵਿਧੀਆਂ ਵਿਚ ਰੁਕਾਵਟ ਖੜ੍ਹੀ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਸੀਨੀਅਰ ਪ੍ਰਸ਼ਾਸਕੀ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਦਰਮਿਆਨ ਚੱਲ ਰਹੀ ਇਸ ਖਹਿਬਾਜ਼ੀ ਦਾ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਹੈ।
Check Also
ਬਿਕਰਮ ਮਜੀਠੀਆ ਨੇ ਏਅਰਪੋਰਟ ’ਤੇ ਕਿਰਪਾਨ ਪਾ ਕੇ ਡਿਊਟੀ ਕਰਨ ’ਤੇ ਪਾਬੰਦੀ ਲਗਾਉਣ ਨੂੰ ਦੱਸਿਆ ਮੰਦਭਾਗਾ
ਕਿਹਾ : ਸਿਵਲ ਏਵੀਏਸ਼ਨ ਆਪਣੇ ਹੁਕਮਾਂ ’ਤੇ ਮੁੜ ਤੋਂ ਕਰੇ ਗੌਰ ਅੰਮਿ੍ਰਤਸਰ/ਬਿਊਰੋ ਨਿਊਜ਼ : ਸੀਨੀਅਰ …