Breaking News
Home / ਪੰਜਾਬ / ਪੰਜਾਬ ਦੇ ਕਰਜ਼ਈ ਕਿਸਾਨਾਂ ਦੀ ਮੱਦਦ ਲਈ ਅੱਗੇ ਆਉਣ ਲੱਗੇ ਪਰਵਾਸੀ

ਪੰਜਾਬ ਦੇ ਕਰਜ਼ਈ ਕਿਸਾਨਾਂ ਦੀ ਮੱਦਦ ਲਈ ਅੱਗੇ ਆਉਣ ਲੱਗੇ ਪਰਵਾਸੀ

‘ਆਪ’ ਦੇ ਵਫਦ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਸੱਦਣ ਲਈ ਰਾਜਪਾਲ ਨੂੰ ਦਿੱਤਾ ਮੰਗ ਪੱਤਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਪਰਵਾਸੀ ਪੰਜਾਬੀਆਂ ਨੂੰ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਵਿੱਚ ਹੱਥ ਵਟਾਉਣ ਦੀ ਅਪੀਲ ਨੂੰ ਬੂਰ ਪੈਣ ਲੱਗਾ ਹੈ। ਵਿਦੇਸ਼ਾਂ ਵਿਚ ਵਸੇ ਅੱਧੀ ਦਰਜਨ ਤੋਂ ਵੱਧ ਪੰਜਾਬੀਆਂ ਨੇ ਕਿਸਾਨ-ਮਜ਼ਦੂਰਾਂ ਦੇ ਕਰਜ਼ੇ ਦੇ ਭਾਰ ਦੀ ਪੰਡ ਹੌਲੀ ਕਰਨ ਲਈ ਲੱਖਾਂ ਰੁਪਏ ਦੀ ਮਦਦ ਭੇਜੀ ਹੈ।
‘ਆਪ’ ਦੇ ਵਫ਼ਦ ਵੱਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲ ਕੇ ਕਿਸਾਨ ਖ਼ੁਦਕਸ਼ੀਆਂ ਬਾਰੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਸਬੰਧੀ ਮੰਗ ਪੱਤਰ ਦੇਣ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਵਫ਼ਦ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਕਿਸਾਨ ਖ਼ੁਦਕਸ਼ੀਆਂ ਦੇ ਮਸਲੇ ਦਾ ਹੱਲ ਕੱਢਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ। ਇਸ ਮੌਕੇ ਸਿਰਫ਼ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਤੋਂ ਉਨ੍ਹਾਂ ਨੂੰ ਮੁਕਤ ਕਰਨ ਲਈ ਰਸਤਾ ਲੱਭਿਆ ਜਾਵੇ। ਮੰਗ ਪੱਤਰ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਕਈ ਸੁਝਾਅ ਵੀ ਦਿੱਤੇ ਗਏ ਹਨ। ਖਹਿਰਾ ਨੇ ਦੱਸਿਆ ਕਿ ‘ਆਪ’ ਦੀ ਅਪੀਲ ‘ਤੇ ਪਰਵਾਸੀ ਪੰਜਾਬੀਆਂ ਨੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਦੀ ਪੰਡ ਹਲਕੀ ਕਰਨ ਲਈ ਵਿਦੇਸ਼ਾਂ ਤੋਂ ਵਿੱਤੀ ਮਦਦ ਭੇਜਣੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਆਸਟਰੇਲੀਆ ਰਹਿ ਰਹੇ ਭੋਗਪੁਰ ਨੇੜਲੇ ਪਿੰਡ ਚਰੜ ਦੇ ਰਛਪਾਲ ਸਿੰਘ ਨੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦਵਿੰਦਰ ਸਿੰਘ ਦਾ ਕਰਜ਼ਾ ਉਤਾਰਨ ਲਈ ਦੋ ਲੱਖ ਰੁਪਏ ਭੇਜੇ ਹਨ। ਇਟਲੀ ਤੋਂ ਲਾਡੀ ਅਤੇ ਜੀਤ ਕੁਲਾਰ ਨੇ ਇੱਕ-ਇੱਕ ਲੱਖ ਰੁਪਏ ਅਤੇ ਕਈ ਹੋਰਾਂ ਨੇ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮੱਦਦ ਭੇਜੀ ਹੈ।
ਉਨ੍ਹਾਂ ਦੱਸਿਆ ਕਿ ਕਈ ਹੋਰ ਪਰਵਾਸੀਆਂ ਦੇ ਵੀ ਮਦਦ ਦੇਣ ਲਈ ਫੋਨ ਆ ਰਹੇ ਹਨ। ਖਹਿਰਾ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਕਰਜ਼ੇ ਦਾ ਇੱਕ ਹਿੱਸਾ ਮੁਆਫ਼ ਕੀਤਾ ਜਾਵੇ ਜਾਂ ਇੱਕ ਸਾਲ ਲਈ ਉਗਰਾਹੀ ਮੁਲਤਵੀ ਕਰਨ ਅਤੇ ਵਿਆਜ ਮੁਆਫ਼ ਕਰਨ ਨਾਲ ਵੀ ਕਿਸਾਨਾਂ ਨੂੰ ਰਾਹਤ ਮਿਲ ਸਕਦੀ ਹੈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੋ ਹਜ਼ਾਰ ਤੋਂ ਉਪਰ ਦੇ ਮੋਬਾਈਲ ਬਿੱਲਾਂ ਅਤੇ ਸ਼ਰਾਬ ‘ਤੇ ਸੈੱਸ ਲਾ ਕੇ ਕਰਜ਼ੇ ਦੀ ਰਕਮ ਇਕੱਠੀ ਕਰਨ ਦਾ ਸੁਝਾਅ ਦਿੱਤਾ ਹੈ। ਮੰਗ ਪੱਤਰ ਦੀ ਕਾਪੀ ਮੁੱਖ ਮੰਤਰੀ ਨੂੰ ਵੀ ਭੇਜੀ ਗਈ ਹੈ।

Check Also

ਆਮ ਆਦਮੀ ਪਾਰਟੀ ਵੀ ਕਿਸਾਨਾਂ ਦੇ ਹੱਕ ਨਿੱਤਰੀ

ਹਰਸਿਮਰਤ ਦੇ ਅਸਤੀਫੇ ਨੂੰ ਚੀਮਾ ਨੇ ਦੱਸਿਆ ਡਰਾਮਾ ਚੰਡੀਗੜ੍ਹ/ਬਿਊਰੋ ਨਿਊਜ ਆਮ ਆਦਮੀ ਪਾਰਟੀ ਦੀ ਪੰਜਾਬ …