Breaking News
Home / ਪੰਜਾਬ / ਸਿੱਧੂ ਦੀ ਕਿਰਕਰੀ :ਕੈਪਟਨ ਦੇ ਵਫਾਦਾਰਾਂ ਨੇ ਸਿੱਧੂ ਦਾ ਕੀਤਾ ਬਾਈਕਾਟ

ਸਿੱਧੂ ਦੀ ਕਿਰਕਰੀ :ਕੈਪਟਨ ਦੇ ਵਫਾਦਾਰਾਂ ਨੇ ਸਿੱਧੂ ਦਾ ਕੀਤਾ ਬਾਈਕਾਟ

ਜਲੰਧਰ/ਬਿਊਰੋ ਨਿਊਜ਼ : ਦੋਆਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਫ਼ਾਦਾਰ ਦੋ ਆਗੂਆਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਪਣੇ ਹਲਕਿਆਂ ਵਿਚ ਫੇਰੀਆਂ ਦਾ ਬਾਈਕਾਟ ਕਰ ਦਿੱਤਾ। ਇਸ ਨਾਲ ਪੰਜਾਬ ਕਾਂਗਰਸ ਦੀ ਫੁੱਟ ਜੱਗ-ਜ਼ਾਹਿਰ ਹੋ ਗਈ ਹੈ। ਸਿੱਧੂ ਸ਼ਾਹਕੋਟ ਹਲਕੇ ਦੇ ਪਿੰਡ ਸੀਚੇਵਾਲ ਵਿਚ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਾਏ ਸੀਵਰੇਜ ਟਰੀਟਮੈਂਟ ਪਲਾਂਟ ਦੇਖਣ ਆਏ ਸਨ। ਕਾਂਗਰਸੀ ਆਗੂ ਹਰਦੇਵ ਲਾਡੀ, ਜੋ ਸ਼ਾਹਕੋਟ ਹਲਕੇ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ, ਮੰਤਰੀ ਨੂੰ ਨਹੀਂ ਮਿਲੇ।
ਲਾਡੀ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਵੱਲੋਂ ਫੇਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਸਥਾਨਕ ਐਸਡੀਐਮ ਵੱਲੋਂ ਉਨ੍ਹਾਂ ਨੂੰ ਐਨ ਮੌਕੇ ‘ਤੇ ਇਸ ਬਾਰੇ ਦੱਸਿਆ ਗਿਆ।ਸਿੱਧੂ ਨੇ ਸੁਲਤਾਨਪੁਰ ਲੋਧੀ ਵੀ ਜਾਣਾ ਸੀ ਪਰ ਵਿਧਾਇਕ ਨਵਤੇਜ ਚੀਮਾ ਵੱਲੋਂ ਉਨ੍ਹਾਂ ਖ਼ਿਲਾਫ਼ ਸਟੈਂਡ ਲੈਣ ਕਾਰਨ ਇਹ ਫੇਰੀ ਖੜ੍ਹੇ ਪੈਰ ਰੱਦ ਕਰਨੀ ਪਈ। ਵਿਧਾਇਕ ਚੀਮਾ ਨੇ ਕਿਹਾ ਕਿ ਮੰਤਰੀ ਨੇ ਫੇਰੀ ਬਾਰੇ ਉਸ ਨੂੰ ਵੇਲੇ ਸਿਰ ਨਹੀਂ ਦੱਸਿਆ। ਸਵੇਰੇ ਉਸ ਨੂੰ ਸਿੱਧੂ ਦੇ ਫੋਨ ਆਏ, ਜਿਨ੍ਹਾਂ ਨੂੰ ਉਸ ਨੇ ਬਾਅਦ ਦੁਪਹਿਰ ਤਕ ਨਹੀਂ ਚੁੱਕਿਆ। ਦੋਵੇਂ ਆਗੂਆਂ ਨੇ ਕਿਹਾ, ‘ਇਸ ਮੰਤਰੀ ਨੇ ਉਨ੍ਹਾਂ ਦੇ ਹਲਕਿਆਂ ਵਿਚ ਪਹਿਲੀ ਵਾਰ ਆਉਣਾ ਸੀ। ਸਿਸ਼ਟਤਾ ਮੁਤਾਬਕ ਸਿੱਧੂ ਨੂੰ ਘੱਟੋ-ਘੱਟ ਇਕ ਦਿਨ ਸਾਨੂੰ ਇਸ ਬਾਰੇ ਦੱਸਣਾ ਚਾਹੀਦਾ ਸੀ। ਇਸ ਬਾਰੇ ਅਸੀਂ ਮੁੱਖ ਮੰਤਰੀ ਨੂੰ ਦੱਸਾਂਗੇ ਅਤੇ ਉਨ੍ਹਾਂ ਨੂੰ ਬੇਨਤੀ ਕਰਾਂਗੇ ਕਿ ਉਹ ਵਜ਼ੀਰਾਂ ਨੂੰ ਕਹਿਣ ਕੇ ਉਹ ਆਪਣੀਆਂ ਫੇਰੀਆਂ ਬਾਰੇ ਉਨ੍ਹਾਂ ਨੂੰ ਅਗਾਊਂ ਦੱਸਿਆ ਕਰਨ।’ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਅਣਗੌਲਿਆ ਕੀਤੇ ਜਾਣ ਦਾ ਮਸਲਾ ਵੀ ਮੁੱਖ ਮੰਤਰੀ ਕੋਲ ਉਠਾਇਆ ਜਾਵੇਗਾ। ਸੀਚੇਵਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ, ‘ਚੀਮਾ ਮੇਰੇ ਛੋਟੇ ਭਰਾ ਵਰਗਾ ਹੈ ਅਤੇ ਉਸ ਨੂੰ ਗੁੱਸਾ ਜ਼ਾਹਿਰ ਕਰਨ ਦਾ ਹੱਕ ਹੈ। ਮੈਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਦੀ ਯੋਜਨਾ ਬਾਰੇ ਉਸ ਨੂੰ ਮਿਲਣ ਆਇਆ ਸੀ।’ ਸ਼੍ਰੋਮਣੀ ਅਕਾਲੀ ਦਲ ਦੀ ‘ਜਬਰ ਵਿਰੋਧੀ ਲਹਿਰ’ ਬਾਰੇ ਸਿੱਧੂ ਨੇ ਕਿਹਾ, ‘ਇਹ ਸੁਖਬੀਰ ਬਾਦਲ ਦੇ ਵਿਹਲੇ ਦਿਮਾਗ ਦੀ ਕਾਲਪਨਿਕ ਕਾਢ ਹੈ। ਲੋਕਾਂ ਨੇ ਦਸ ਸਾਲ ਬਾਦਲਾਂ ਦਾ ਕੁਸ਼ਾਸਨ ਦੇਖਿਆ ਹੈ ਤੇ ਉਹ ਸਾਡੀ ਕਾਰਗੁਜ਼ਾਰੀ ਨੂੰ ਦੇਖ ਸਕਦੇ ਹਨ।’ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ‘ਚ ਬਹਿਸ ਲਈ ਚੁਣੌਤੀ ਦਿੱਤੀ।

 

Check Also

ਸ਼ਿਕਾਇਤ ਕਰਨ ’ਤੇ 24 ਘੰਟਿਆਂ ’ਚ ਵਾਪਸ ਮਿਲੇਗੀ ਜ਼ਬਤ ਰਾਸ਼ੀ : ਚੋਣ ਕਮਿਸ਼ਨ ਦਾ ਫੈਸਲਾ

ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੂੰ ਲੈ …