Home / ਭਾਰਤ / ਹਿਮਾਚਲ ‘ਚ ਸਕੂਲ ਬੱਸ ਖੱਡ ‘ਚ ਡਿੱਗੀ, 29 ਬੱਚਿਆਂ ਸਮੇਤ 32 ਮੌਤਾਂ

ਹਿਮਾਚਲ ‘ਚ ਸਕੂਲ ਬੱਸ ਖੱਡ ‘ਚ ਡਿੱਗੀ, 29 ਬੱਚਿਆਂ ਸਮੇਤ 32 ਮੌਤਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਦੁੱਖ ਦਾ ਪ੍ਰਗਟਾਵਾ
ਊਨਾ/ਬਿਊਰੋ ਨਿਊਜ਼ : ਜ਼ਿਲ੍ਹਾ ਸਦਰ ਮੁਕਾਮ ਧਰਮਸ਼ਾਲਾ ਤੋਂ ਲਗਪਗ 100 ਕਿਲੋਮੀਟਰ ਦੂਰ ਨੂਰਪੁਰ-ਚੰਬਾ ਰਾਜਮਾਰਗ ਉਪਰ ਪਿੰਡ ਗੁਰਚਲ ਨੇੜੇ ਸੋਮਵਾਰ ਨੂੰ ਇਕ ਸਕੂਲ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ 29 ਬੱਚਿਆਂ ਸਮੇਤ 32 ਮੌਤਾਂ ਹੋ ਗਈਆਂ ਹਨ।
ਪੁਲਿਸ ਮੁਤਾਬਕ ਮਾਰੇ ਗਏ ਬੱਚੇ ਰਾਮ ਸਿੰਘ ਪਠਾਨੀਆ ਸਕੂਲ ਦੇ ਸਨ। ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਦੱਸਿਆ ਕਿ 29 ਬੱਚਿਆਂ ਸਮੇਤ 32 ਜਣੇ ਮਾਰੇ ਗਏ ਹਨ। ਐਸਪੀ ਕਾਂਗੜਾ ਸੰਤੋਸ਼ ਪਟਿਆਲ ਨੇ ਦੱਸਿਆ ਕਿ ਬੱਸ ਚਾਲਕ 67 ਸਾਲਾ ਮਦਨ ਲਾਲ ਤੇ ਦੋ ਅਧਿਆਪਕਾਵਾਂ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ ਹੈ। ਮੁਕਾਮੀ ਵਿਧਾਇਕ ਰਾਕੇਸ਼ ਪਠਾਨੀਆ ਜੋ ਹਾਦਸੇ ਵਾਲੀ ਜਗ੍ਹਾ ਪਹੁੰਚੇ ਹੋਏ ਸਨ, ਨੇ ਕਿਹਾ ਕਿ 27 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ ਹੋਰ ਲਾਸ਼ਾਂ ਦੀ ਨਿਸ਼ਾਨਦੇਹੀ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲਗਪਗ 13 ਬੱਚਿਆਂ ਨੂੰ ਪਠਾਨਕੋਟ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਜ਼ਖ਼ਮੀ ਦਮ ਤੋੜ ਗਿਆ। ਇਕ ਹੋਰ ਜ਼ਖ਼ਮੀ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਸਕੂਲ ਬੱਸ ਵਿੱਚ 40-45 ਬੱਚੇ ਸਵਾਰ ਸਨ। ਮਰਨ ਵਾਲਿਆਂ ਵਿਚੋਂ ਜ਼ਿਆਦਾਤਰ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀ ਸਨ। ਦੁਖਦਾਈ ਖ਼ਬਰ ਸੁਣ ਕੇ ਮਾਪੇ ਤੇ ਰਿਸ਼ਤੇਦਾਰ ਹਾਦਸੇ ਵਾਲੀ ਜਗ੍ਹਾ ਵੱਲ ਦੌੜੇ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਬਚਾਓ ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਫੂਡ ਸਪਲਾਈਜ਼ ਮੰਤਰੀ ਕ੍ਰਿਸ਼ਨ ਕਪੂਰ ਨੂੰ ਮੌਕੇ ‘ਤੇ ਭੇਜਿਆ ਗਿਆ। ਮੁਕਾਮੀ ਨੌਜਵਾਨਾਂ ਦੀ ਮਦਦ ਨਾਲ ਮਲਬੇ ਹੇਠੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਸਨ।
ਰਾਜਪਾਲ ਅਚਾਰੀਆ ਦੇਵਬ੍ਰਤ, ਮੁੱਖ ਮੰਤਰੀ ਜੈਰਾਮ ਠਾਕੁਰ, ਕੇਂਦਰੀ ਮੰਤਰੀ ਜੇਪੀ ਨੱਡਾ, ਟ੍ਰਾਂਸਪੋਰਟ ਮੰਤਰੀ ਠਾਕੁਰ ਨੇ ਇਸ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਣਕਾਰੀ ਅਨੁਸਾਰ ਨੂਰਪੁਰ-ਮਲਕਵਾਲ ઠਦੇ ਕੋਲ ਬਾਅਦ ਦੁਪਹਿਰ ਸਾਡੇ ਤਿੰਨ ਵਜੇ ਸਕੂਲ ਬੱਸ 200 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਹ ਬੱਸ ਇੱਕ ਪ੍ਰਾਈਵੇਟ ਸਕੂਲ ਦੀ ਸੀ?ਅਤੇ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ-ਘਰ ਛੱਡਣ ਲਈ ਰਵਾਨਾ ਹੋਈ ਸੀ। ਰਸਤੇ ਵਿੱਚ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ।?ਹਾਦਸੇ ਦੀ ਸੂਚਨਾ ਮਿਲਣ ‘ਤੇ ਕਾਂਗੜਾ ਦੇ ਡੀਸੀ ਅਤੇ ਐਸਪੀ ਨੂਰਪੁਰ ਹਸਪਤਾਲ ਪਹੁੰਚ ਗਏ। ਜ਼ਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਨੂਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿੱਚ ਹੋਈਆਂ ਮੌਤਾਂ ‘ਤੇ ਦੁੱਖ ਪ੍ਰਗਟਾਇਆ ਹੈ।

Check Also

ਆਮ ਆਦਮੀ ਪਾਰਟੀ ਗੁਜਰਾਤ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ

ਭਾਜਪਾ ਅਤੇ ਕਾਂਗਰਸ ਵਿਚਕਾਰ ਹੈ ਅੰਦਰਖਾਤੇ ਗੱਠਜੋੜ : ਕੇਜਰੀਵਾਲ ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) …