ਪ੍ਰਸ਼ੰਸਕਾਂ ਨੇ ਮਨਾਈ ਖੁਸ਼ੀ, ਪਾਇਆ ਭੰਗੜਾ ਅਤੇ ਚਲਾਏ ਪਟਾਕੇ
ਜੋਧਪੁਰ : ਅਦਾਕਾਰ ਸਲਮਾਨ ਖ਼ਾਨ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜੋਧਪੁਰ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ। ਇਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ 52 ਸਾਲਾ ਅਦਾਕਾਰ ਨੂੰ ਪੁਲਿਸ ਪਹਿਰੇ ਹੇਠ ਇੱਥੇ ਹਵਾਈ ਅੱਡੇ ‘ਤੇ ਲਿਜਾਇਆ ਗਿਆ। ਪਹਿਲਾਂ ਜ਼ਿਲ੍ਹਾ ਸੈਸ਼ਨ ਜੱਜ ਰਵਿੰਦਰ ਕੁਮਾਰ ਜੋਸ਼ੀ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰ ਲਈ ਤੇ ਉਸ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਲਈ ਇਕ ਮਹੀਨੇ ਦੀ ਮੋਹਲਤ ਵੀ ਦੇ ਦਿੱਤੀ। ਜੋਧਪੁਰ ਜੇਲ੍ਹ ਦੇ ਬਾਹਰਵਾਰ ਇਕੱਠੇ ਹੋਏ ਸਲਮਾਨ ਖ਼ਾਨ ਦੇ ਸੈਂਕੜੇ ਪ੍ਰਸ਼ੰਸਕਾਂ ਨੇ ਆਪਣੇ ਚਹੇਤੇ ਸਟਾਰ ਦੇ ਬਾਹਰ ਆਉਂਦਿਆਂ ਹੀ ਪਟਾਕੇ ਚਲਾਏ ਤੇ ਉਸ ਦੀਆਂ ਫਿਲਮਾਂ ਦੇ ਗਾਣਿਆਂ ਦੀਆਂ ਤਰਜਾਂ ‘ਤੇ ਖੂਬ ਨਾਚ ਗਾਣਾ ਕੀਤਾ। ઠਜ਼ਮਾਨਤ ਦੇ ਕਾਗ਼ਜ਼ਾਤ ਮਿਲਣ ਸਾਰ ਜੇਲ੍ਹ ਅਧਿਕਾਰੀਆਂ ਨੇ ਸਲਮਾਨ ਨੂੰ ਰਿਹਾਅ ਕਰ ਦਿੱਤਾ ਤੇ ਪੁਲਿਸ ਦੇ ਪਹਿਰੇ ਹੇਠ ਉਸ ਨੂੰ ਹਵਾਈ ਅੱਡੇ ਲਿਜਾਇਆ ਗਿਆ ਜਿੱਥੋਂ ਉਹ ਇਕ ਵਿਸ਼ੇਸ ਜਹਾਜ਼ ਰਾਹੀਂ ਮੁੰਬਈ ਲਈ ਰਵਾਨਾ ਹੋ ਗਿਆ। ਜੱਜ ਨੇ ਸਲਮਾਨ ਖ਼ਾਨ ਨੂੰ 7 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਜਿਸ ਦਿਨ ਸਜ਼ਾ ਮੁਲਤਵੀ ਕਰਨ ਦੀ ਅਰਜ਼ੀ ਉਪਰ ਸੁਣਵਾਈ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਕੋਲੋਂ ਰਾਜਸਥਾਨ ਦੀ ਪ੍ਰਧਾਨਗੀ ਖੋਹੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਕੁਮਾਰ ਵਿਸ਼ਵਾਸ ਦੇ ਬਾਗ਼ੀਪੁਣੇ ਤੋਂ ਬਾਅਦ ਪਾਰਟੀ ਨੇ ਉਸ ਨੂੰ ਰਾਜਸਥਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਪਿਛਲੇ ਸਾਲ ਮਈ ਮਹੀਨੇ ਵਿਚ ਦਿੱਤੀ ਗਈ ਸੀ। ਰਾਜ ਸਭਾ ਨਾ ਭੇਜੇ ਜਾਣ ਤੋਂ ਖ਼ਫਾ ਕੁਮਾਰ ਵਿਸ਼ਵਾਸ ਨੇ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਿਆ ਸੀ। ਦੋਵਾਂ ਆਗੂਆਂ ਵਿੱਚ ਕਾਫ਼ੀ ਸਮੇਂ ਤੋਂ ਮਤਭੇਦ ਚੱਲ ਰਿਹਾ ਹੈ। ਚੋਣ ਪ੍ਰਚਾਰ ਤੋਂ ਲੈ ਕੇ ਕੌਮੀ ਮੁੱਦਿਆਂ ‘ਤੇ ਵਿਚਾਰਾਂ ਤਕ ਦੋਵੇਂ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਹਾਲ ਹੀ ਵਿੱਚ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਹੋਰ ਵੱਡੇ ਆਗੂਆਂ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ, ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂਆਂ ਤੋਂ ਮਾਣਹਾਨੀ ਦੇ ਮਾਮਲੇ ਵਿੱਚ ਮਾਫ਼ੀ ਮੰਗੀ ਤਾਂ ਕੁਮਾਰ ਵਿਸ਼ਵਾਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਚੇਤੇ ਰਹੇ ਕਿ ਕੁਮਾਰ ਵਿਸ਼ਵਾਸ ‘ਤੇ ਵੀ ਮਾਣਹਾਨੀ ਦਾ ਕੇਸ ਦਰਜ ਹੈ।
Check Also
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੇਵੇਂਦਰ ਫੜਨਵੀਸ ਹੋ ਸਕਦੇ ਹਨ ਸੂਬੇ ਦੇ ਨਵੇਂ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ …