ਚੰਡੀਗੜ੍ਹ : ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ ਠੱਗ ਬਣੇ ਟਰੈਵਲ ਏਜੰਟਾਂ ਕਾਰਨ ਭੁਲੱਥ ਦਾ ਇਕ ਨੌਜਵਾਨ ਦੁਬਈ ਵਿੱਚ ਲਾਪਤਾ ਹੋ ਗਿਆ ਹੈ ਜਦੋਂ ਕਿ 27 ਪੰਜਾਬੀ ਨੌਜਵਾਨ ਯੂਏਈ ਅਤੇ ਸਾਊਦੀ ਅਰਬ ਵਿੱਚ ਕਈ ਹਫ਼ਤਿਆਂ ਤੋਂ ਫਸੇ ਹੋਏ ਹਨ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਦਖ਼ਲ ਮੰਗਿਆ ਹੈ ਤਾਂ ਜੋ ਇਹ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ ‘ਤੇ ਫਸੇ ਇਨ੍ਹਾਂ ਨੌਜਵਾਨਾਂ ਦੀਆਂ ਤਰਸਯੋਗ ਹਾਲਤ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ।
ਕਪੂਰਥਲਾ ਵਿੱਚ ਭੁਲੱਥ ਦੇ ਵਾਸੀ ਨੌਜਵਾਨ ਖੁਸ਼ਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਪੱਧਰ ‘ਤੇ ਖੁਸ਼ਵਿੰਦਰ ਨੂੰ ਲੱਭਣ ਦੇ ਬਹੁਤ ਯਤਨ ਕੀਤੇ ਪਰ ਪੰਜਾਬ ਸਰਕਾਰ ਜਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਖੁਸ਼ਵਿੰਦਰ ਸਿੰਘ ਦੀ ਭੈਣ ਸਤਿੰਦਰਜੀਤ ਕੌਰ ਤੱਗੜ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਸਬੰਧੀ ਠੱਗ ਟਰੈਵਲ ਏਜੰਟ ਵਿਰੁੱਧ ਕੇਸ ਤੱਕ ਵੀ ਦਰਜ ਨਹੀਂ ਕੀਤਾ। ਉਸ ਨੇ ਕਿਹਾ, ”ਮੇਰਾ ਭਰਾ ਪਿਛਲੇ ਸਾਲ ਲੁਧਿਆਣਾ ਦੇ ਟਰੈਵਲ ਏਜੰਟ ਜ਼ਰੀਏ ਦੁਬਈ ਗਿਆ ਸੀ ਜਿਸ ਨੇ ਉਸ ਨੂੰੰ ਉਥੇ ਪਹੁੰਚਣ ‘ਤੇ ਛੇਤੀ ਹੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਦੁਬਈ ਪਹੁੰਚਣ ਦੇ ਦੋ ਮਹੀਨੇ ਤਕ ਉਸ ਨੂੰ ਨੌਕਰੀ ਸਬੰਧੀ ਕੋਈ ਕਾਗਜ਼ਾਤ ਨਹੀਂ ਮਿਲੇ ਅਤੇ ਉਹ ਨਵੰਬਰ ਵਿੱਚ ਲਾਪਤਾ ਹੋ ਗਿਆ।” ਤੱਗੜ ਨੇ ਦੱਸਿਆ ਕਿ ਇਸ ਤੋਂ ਬਾਅਦ ਏਜੰਟ ਛੁਪ ਗਿਆ।
ਉਸ ਦੇ ਭਰਾ ਨੂੰ ਜਦੋਂ ਪਤਾ ਲੱਗਾ ਕਿ ਉਸ ਨਾਲ ਠੱਗੀ ਵੱਜੀ ਹੈ ਤਾਂ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਉਸ ਨੇ ਕਿਹਾ ਕਿ ਉਨ੍ਹਾਂ ਦੀ ਉਸ ਨਾਲ ਆਖ਼ਰੀ ਵਾਰ 14 ਨਵੰਬਰ 2017 ਨੂੰ ਗੱਲ ਹੋਈ ਸੀ। ਹਰਜੋਤ ਬੈਂਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੇ 27 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਨਵਾਂਸ਼ਹਿਰ ਤੇ ਬੰਗਾ ਦੇ ਹਨ।
Check Also
ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …