ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਅਤੇ ਸਮੂਹ ਕੈਨੇਡਾ-ਵਾਸੀ ਸਮਾਜ ਵਿੱਚ ਸੁਰੱਖਿਅਤ ਰਹਿਣਾ ਚਾਹੁੰਦੇ ਹਨ। ਇਸ ਦੀ ਪ੍ਰਾਪਤੀ ਲਈ ਬੰਦੂਕੀ ਅਪਰਾਧ ਅਤੇ ਹਿੰਸਾ ਨੂੰ ਰੋਕਣ ਲਈ ਫ਼ੈੱਡਰਲ ਸਰਕਾਰ ਵੱਲੋਂ ਇੱਕ ਵਿਆਪਕ ਯੋਜਨਾ ਦਾ ਐਲਾਨ ਕੀਤਾ ਗਿਆ ਹੈ।
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਲੰਘੇ ਸੋਮਵਾਰ ਆਪਣੇ ਸਾਥੀਆਂ ਅਤੇ ਮਾਣਯੋਗ ਪਬਲਿਕ ਸੇਫ਼ਟੀ ਮੰਤਰੀ ਮਾਰਕੋ ਮੈਂਡੀਸੀਨੋ ਨਾਲ ਮਿਲ ਕੇ ਬੰਦੂਕ ਅਤੇ ਗੈਂਗ ਹਿੰਸਾ ਨੂੰ ਰੋਕਣ ਲਈ ਵੱਖ-ਵੱਖ ਪਹਿਲਕਦਮੀਆਂ ਲਈ ਅਗਲੇ ਪੰਜ ਸਾਲਾਂ ਲਈ 390 ਮਿਲੀਅਨ ਡਾਲਰ ਨਿਵੇਸ਼ ਕਰਨ ਬਾਰੇ ਕੀਤੇ ਗਏ ਐਲਾਨਨਾਮੇ ਵਿਚ ਸ਼ਾਮਲ ਹੋਏ। ਸਾਰੇ ਪ੍ਰੋਵਿੰਸਾਂ ਤੇ ਟੈਰੀਟਰੀਆਂ ਵੱਲੋਂ ਲਾਅ ਐੱਨਫੋਰਸਮੈਂਟ ਅਤੇ ਅਪਰਾਧਾਂ ਦੀ ਰੋਕਥਾਮ ਲਈ ਇਸ ਰਕਮ ਦੀ ਵਰਤੋਂ ਕੀਤੀ ਜਾਏਗੀ।
ਜ਼ਿਕਰਯੋਗ ਹੈ ਕਿ ਪੀਲ ਪੁਲਿਸ ਆਪਣੇ ਮੁਖੀ ਨਿਸ਼ਾਨ ਦੁਰੈਪਾਹ ਦੀ ਅਗਵਾਈ ਵਿਚ ਪੀਲ ਰੀਜਨ ਵਿਚ ਬੰਦੂਕੀ ਹਿੰਸਾ ਅਤੇ ਅਤੇ ਅਪਰਾਧਕ ਕਾਰਵਾਈਆਂ ਨੂੰ ਰੋਕਣ ਲਈ ਸਿਰਤੋੜ ਯਤਨ ਕਰ ਰਹੀ ਹੈ। ਉਹ ਲਾਅ ਐੱਨਫੋਰਸਮੈਂਟ ਏਜੰਸੀਸੀਆਂ, ਕਮਿਊਨਿਟੀ ਆਰਗੇਨਾਈਜ਼ੇਸ਼ਨਾਂ ਅਤੇ ਸ਼ਹਿਰੀਆਂ ਦੇ ਨਾਲ ਮਿਲ ਕੇ ਬੰਦੂਕੀ ਸਭਿਆਚਾਰ ਨੂੰ ਨੱਥ ਪਾਉਣ ਅਤੇ ਹਿੰਸਾ ਦੇ ਪੀੜਤ ਪਰਿਵਾਰਾਂ ਦੀ ਸਹਾਇਤਾ ਕਰ ਰਹੀ ਹੈ। ਪੁਲਿਸ ਮੁਖੀ ਨਿਸ਼ ਨੇ ਅਜਿਹੇ ਮੁੱਦਿਆਂ ਦੇ ਹੱਲ ਲਈ ਲੋਕਾਂ ਦੇ ਮਿਲਵਰਤਣ ਅਤੇ ਸ਼ਮੂਲੀਅਤ ઑਤੇ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਪੀਲ ਰੀਜਨ ਵਿਚ ਲੋਕਾਂ ਦੇ ਲਈ ਸੁਰੱਖ਼ਿਅਤ ਮਾਹੌਲ ਬਨਾਉਣ ਲਈ ਕਾਫ਼ੀ ਹੱਦ ਤੱਕ ਸਹਾਈ ਸਾਬਤ ਹੋਈ ਹੈ।
ਬੰਦੂਕੀ ਅਪਰਾਧ ਨੂੰ ਠੱਲ ਪਾਉਣ ਲਈ ਕੋਈ ਵੀ ਇਕੱਲਾ ਪ੍ਰੋਗਰਾਮ ਜਾਂ ਪਹਿਲਕਦਮੀ ਕਾਰਗਰ ਸਾਬਤ ਨਹੀਂ ਹੋ ਸਕਦੇ। ਇਸ ਲਈ ਤਾਂ ਸਮੂਹਿਕ ਯਤਨਾਂ ਦੀ ਜ਼ਰੂਰਤ ਹੈ।
ਐਲਾਨ ਕੀਤੀ ਗਈ ਇਹ ਫ਼ੰਡਿੰਗ 2017 ਵਿਚ ਐਲਾਨ ਕੀਤੀ ਗਈ ਪਹਿਲਕਦਮੀ ”ਟੇਕ ਐੱਕਸ਼ਨ ਅਗੇਨਸਟ ਗੰਨ ਐਂਡ ਵਾਇਲੈਂਸ” ਦੀ ਸਫ਼ਲਤਾ ਦੇ ਆਧਾਰਿਤ ਹੈ ਜਿਸ ਨਾਲ ਵੱਖ-ਵੱਖ ਪ੍ਰੋਵਿੰਸਾਂ ਵਿੱਚ ਗੰਨ ਅਤੇ ਗੈਂਗ ਹਿੰਸਾ ਨੂੰ ਰੋਕਣ ਵਿਚ ਸਹਾਇਤਾ ਮਿਲੀ ਸੀ।
ਕੈਨੇਡਾ-ਵਾਸੀਆਂ ਨੂੰ ਸੁਰੱਖ਼ਿਅਤ ਰੱਖਣ ਲਈ ਸਾਰੀਆਂ ਇਕਾਈਆਂ ਮਿਲ ਕੇ ਕੰਮ ਕਰਦੀਆਂ ਹਨ ਜਿਨ੍ਹਾਂ ਵਿਚ ਮਜ਼ਬੂਤ ਬਾਰਡਰ ਸਕਿਉਰਿਟੀ, ਬਿੱਲ ਸੀ-21 ਵਰਗੇ ਕਾਨੂੰਨ, ਗੰਨ ਹਿੰਸਾ ਨੂੰ ਰੋਕਣ ਲਈ ਸਖ਼ਤ ਸਰਕਾਰੀ ਕਾਨੂੰਨ ਅਤੇ ਆਉਣ ਵਾਲਾ ਬੇਲ ਰਿਫ਼ਾਰਮ, ਆਦਿ ਸ਼ਾਮਲ ਹਨ। ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਐਲਾਨ ਕੀਤੀ ਗਈ ਇਹ ਯੋਜਨਾ ਮਜ਼ਬੂਤ ਬਚਾਅ ਰਣਨੀਤੀਆਂ ਲਈ ਲਾਹੇਵੰਦ ਸਾਬਤ ਹੋਵੇਗੀ।