ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਇਕ ਮਹੀਨੇ ਦੇ ਅੰਦਰ ਦੂਜੀ ਵਾਰ ਆਪਣੀ ਹੀ ਸਰਕਾਰ ਦੇ ਖਿਲਾਫ ਮੈਦਾਨ ਵਿਚ ਉਤਰੇ ਹਨ। ਉਨ੍ਹਾਂ ਦੀ ਜਨ ਸੰਘਰਸ਼ ਯਾਤਰਾ ਅਜਮੇਰ ਤੋਂ ਸ਼ੁਰੂ ਹੋਈ ਜੋ 15 ਮਈ ਨੂੰ ਜੈਪੁਰ ਪਹੁੰਚ ਕੇ ਸਮਾਪਤ ਹੋਵੇਗੀ।
ਪਾਇਲਟ ਪੇਪਰ ਲੀਕ ਮਾਮਲੇ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਪੰਜ ਦਿਨ ਦੀ ਯਾਤਰਾ ‘ਤੇ ਨਿਕਲੇ ਹਨ। ਜਨ ਸੰਘਰਸ਼ ਯਾਤਰਾ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਅਜਮੇਰ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਵਸੁੰਧਰਾ ਰਾਜੇ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਨੂੰ ਅਸੀਂ ਲਲਕਾਰਾ ਸੀ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਸੱਤਾ ਵਿਚ ਆਈ।
ਉਨ੍ਹਾਂ ਕਿਹਾ ਕਿ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦਾ ਪੇਪਰ ਲੀਕ ਕਰਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਅਤੇ ਪਹਿਲੀ ਵਾਰ ਆਰ ਪੀ ਐਸ ਸੀ ਦਾ ਮੈਂਬਰ ਗ੍ਰਿਫ਼ਤਾਰ ਹੋਇਆ ਸੀ। ਜਦੋਂ ਮੈਂ ਇਸ ਸਬੰਧੀ ਮੁੱਦਾ ਚੁੱਕਿਆ ਤਾਂ ਕਿਹਾ ਗਿਆ ਇਸ ਮਾਮਲੇ ‘ਚ ਕੋਈ ਅਫ਼ਸਰ ਸ਼ਾਮਲ ਨਹੀਂ। ਪਾਇਲਟ ਨੇ ਕਿਹਾ ਕਿ ਜਦੋਂ ਕਿਸੇ ਦਲਾਲ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਆਰ ਪੀ ਐਸ ਸੀ ਦੇ ਮੈਂਬਰ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਪਾਇਲਟ ਨੇ ਅੱਗੇ ਕਿਹਾ ਕਿ ਇਹ ਜਨ ਸੰਘਰਸ਼ ਯਾਤਰਾ ਜਨਤਾ ਦਰਮਿਆਨ ਜਾਣ ਅਤੇ ਉਨ੍ਹਾਂ ਦੀ ਗੱਲ ਸੁਣਨ ਲਈ ਕੱਢੀ ਜਾ ਰਹੀ ਹੈ।