ਬਰੈਂਪਟਨ : ਐੰਮਪੀ ਰਾਜ ਗਰੇਵਾਲ ਨੇ ਆਪਣਾ ਪਹਿਲਾ ਸਾਲਾਨਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ। ਇਸ ਚੋਟੀ ਦੀ ਟੱਕਰ ਵਾਲੇ ਟੂਰਨਾਮੈਂਟ ਵਿੱਚ 12 ਟੀਮਾਂ ਨੇ ਪੂਰੀ ਤਿਆਰੀ ਨਾਲ ਭਾਗ ਲਿਆ। ਸਮਾਪਤੀ ਉੱਤੇ ਟੀਮਾਂ ਦੇ ਨਾਲ-ਨਾਲ ਖਿਡਾਰੀਆਂ ਦੀਆਂ ਵਿਅਕਤੀਗਤ ਪ੍ਰਾਪਤੀਆਂ ਦਾ ਮਾਣ-ਸਨਮਾਨ ਕਰਦੇ ਅਤੇ ਉਨ੍ਹਾਂ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਟਰਾਫੀਆਂ ਦੇ ਇਨਾਮ ਦਿੱਤੇ ਗਏ। ਟੂਰਨਾਮੈਂਟ ਸਨਿੱਚਰਵਾਰ ਸਵੇਰੇ ਆਰੰਭ ਹੋਇਆ ਅਤੇ ਸਾਰਾ ਦਿਨ ਟੀਮਾਂ ਆਪਣੇ ਪੂਰੇ ਜੋਬਨ ਵਿੱਚ ਇੱਕ ਦੂਜੇ ਨਾਲ ਟੱਕਰ ਲੈਂਦੀਆਂ ਰਹੀਆਂ। ਐਤਵਾਰ ਨੂੰ ਵੀ ਟੀਮਾਂ ਨੇ ਆਪਣੀ ਸ਼ਕਤੀ ਅਤੇ ਬੁੱਧੀ ਦੇ ਜੌਹਰ ਦਿਖਾਉਂਦਿਆਂ ਖੇਡ-ਕਲਾ ਦੇ ਉੱਤਮ ਨਮੂਨੇ ਪੇਸ਼ ਕੀਤੇ। ਐਤਵਾਰ ਦੇ ਪ੍ਰੋਗਰਾਮਾਂ ਵਿੱਚ ਸਾਡੇ ਨੌਜਵਾਨਾਂ ਨੇ ‘ਥਰੀ-ਪੁਆਇੰਟ-ਕੰਪੀਟੀਸ਼ਨ’ ਰਾਹੀਂ ਆਪੋ ਆਪਣੀ ਕਲਾ ਅਤੇ ਕੁਸ਼ਲਤਾ ਦੇ ਸੁਮੇਲੀ ਹੁਨਰਾਂ ਦੀ ਭਰਪੂਰ ਪ੍ਰਦਰਸ਼ਨੀ ਕੀਤੀ। ਮਿਸਟਰ ਗਰੇਵਾਲ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲਿਆਂ ਦਾ ਅਤੇ ਆਪਣੀ ਹਾਜ਼ਰੀ ਰਾਹੀਂ ਭਾਗ ਲਾਉਣ ਵਾਲਿਆਂ ਦਾ ਹਾਰਦਿਕ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨ ਸਤਿਕਾਰ ਯੋਗ ਮਨਿਸਟਰ ਨਵਦੀਪ ਬੈਂਸ ਅਤੇ ਕਾਊਂਸਲਰ ਗੁਰਪਰੀਤ ਢਿੱਲੋਂ ਨੇ ਖਿਡਾਰੀਆਂ ਦਾ ਹੌਸਲਾ ਅਤੇ ਉਨ੍ਹਾਂ ਨਾਲ ਨੇੜਤਾ ਵਧਾ ਕੇ ਇਸ ਟੂਰਨਾਮੈਂਟ ਦੀ ਸ਼ੋਭਾ ਨੂੰ ਚਾਰ ਚੰਨ ਲਾਏ।ਪਿਛਲੇ ਕਈ ਕੀਮਤੀ ਮਹੀਨਿਆਂ ਦੇ ਸੁਨਹਿਰੀ ਸਮਿਆਂ ਵਿੱਚ ਬਹੁਤ ਸਾਰੇ ਨੌਜਵਾਨ ਬਾਸਕਟਬਾਲ ਖੇਡਣ ਲਈ ਆਉਂਦੇ ਰਹੇ ਹਨ ਅਤੇ ਉਹ ਆਪਣੀ ਖੇਡ ਤੇ ਸਰੀਰਕ ਉਸਾਰੀ ਵਿੱਚ ਨਿਰੰਤਰ ਸੰਦਲੀ ਪੈੜਾਂ ਪਾਉਂਦੇ ਰਹੇ ਹਨ। ਸਹਿਯੋਗ ਅਤੇ ਸੁਹਿਰਦਤਾ ਵਿੱਚ ਮਹਿਕਦਾ ਇਹ ਚਾਰ ਚੁਫੇਰਾ ਨੌਜਵਾਨਾਂ ਲਈ ਇੱਕ ਸੁਰੱਖਿਅਤ, ਸੁਖਾਵਾਂ ਅਤੇ ਸੁਹਾਵਣਾ ਵਾਤਾਵਰਨ ਪੈਦਾ ਕਰਦਾ ਹੈ ਕਿ ਉਹ ਐੰਮਪੀ ਗਰੇਵਾਲ ਨਾਲ ਆਪਣਾ ਖੁੱਲ੍ਹਾ ਵਿਚਾਰ ਵਟਾਂਦਰਾ ਕਰ ਸਕਣ ਅਤੇ ਨਵੇਂ, ਸਥਾਈ ਮਿੱਤਰ ਬਣਾ ਸਕਣ। ਟੂਰਨਾਮੈਂਟ ਸਬੰਧੀ ਐਮਪੀ ਗਰੇਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, “ਖੇਡਾਂ ਵੱਖੋ-ਵੱਖਰੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਕ ਮੰਚ ਉੱਤੇ ਇਕੱਠਿਆਂ ਤਾਂ ਕਰਦੀਆਂ ਹੀ ਹਨ ਸਗੋਂ ਇਸ ਦੇ ਨਾਲ-ਨਾਲ ਰੂਹ ਤੀਕਰ ਇੱਕ ਮਿੱਕ ਵੀ ਕਰਦੀਆਂ ਹਨ। ਜਿੱਥੇ ਕਿਤੇ ਵੀ ਅਜੇਹੇ ਸਮਾਗਮ ਹੋ ਸਕਣ ਮਾਨਵਤਾ ਦੀ ਭਲਾਈ ਲਈ ਇਹ ਬਹੁਤ ਹੀ ਲੋੜੀਂਦੇ ਹਨ। ਮੈਂ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਖਿਡਾਰੀਆਂ ਨੇ ਆਪਣੀ ਪੂਰੀ ਸ਼ਕਤੀ ਅਤੇ ਸਮਰਥਾ ਨਾਲ ਇਸ ਟੂਰਨਾਮੈਂਟ ਵਿੱਚ ਭਾਗ ਲਿਆ, ਜੋ ਸਹਿਯੋਗੀ ਖਿਡਾਰੀਆਂ ਦੀ ਸਹਾਇਤਾ ਲਈ ਆਏ ਤੇ ਜਿਨ੍ਹਾਂ ਨੇ ਮਨ-ਤਨ ਨਾਲ ਆਪਣੇ ਫਰਜ਼ ਨਿਭਾਏ, ਵਲੰਟੀਅਰਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਦੇ ਮਿਸ਼ਨ ਨੂੰ ਸਫਲ ਬਣਾਇਆ, ਸੱਚੇ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੈਂ ਇੱਛਾ ਅਤੇ ਆਸ ਕਰਦਾ ਹਾਂ ਕਿ ਆਉਂਦੇ ਸਮਿਆਂ ਲਈ ਸਾਡੀ ਕਮਿਊਨਿਟੀ ਦਾ ਇਹ ਇੱਕ ਸਾਲਾਨਾ ਸਮਾਗਮ ਬਣ ਜਾਏਗਾ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …