ਨਵੀਂ ਦਿੱਲੀ : ਭਾਰਤ ਸਰਕਾਰ ਨੇ ਪੈਨ ਨੰਬਰ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਪੈਨ ਕਾਰਡ ਨੂੰ ਸਰਕਾਰੀ ਏਜੰਸੀਆਂ ਵਲੋਂ ਪਛਾਣ-ਪੱਤਰ ਮੰਨਿਆ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਨ ‘ਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਵਲੋਂ ਚੁੱਕੇ ਵੱਡੇ ਕਦਮ ਦਾ ਐਲਾਨ ਕੀਤਾ। ਆਮਦਨ ਕਰ ਵਿਭਾਗ ਵਲੋਂ ਜਾਰੀ ਕੀਤੇ 10 ਅੰਕਾਂ ਦੇ ਨੰਬਰ ਨੂੰ ਸਾਰੇ ਸਰਕਾਰੀ ਅਦਾਰਿਆਂ ‘ਚ ਵਰਤਿਆ ਜਾ ਸਕੇਗਾ।
ਸੀਤਾਰਮਨ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵਲੋਂ ਇਕੋ ਜਾਣਕਾਰੀ ਵਾਰ-ਵਾਰ ਵੱਖਰੇ ਤੌਰ ‘ਤੇ ਜਮ੍ਹਾਂ ਕਰਵਾਉਣ ਦੀ ਲੋੜ ਨੂੰ ਵੇਖਦਿਆਂ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ। ਅਜਿਹੀ ਜਾਣਕਾਰੀ ਇਕ ਸਾਂਝੇ ਪੋਰਟਲ ਰਾਹੀਂ ਵੱਖ-ਵੱਖ ਏਜੰਸੀਆਂ ਦੇ ਲਈ, ਵਿਅਕਤੀ ਦੀ ਚੋਣ ਦੇ ਆਧਾਰ ‘ਤੇ, ਸਾਂਝੀ ਕੀਤੀ ਜਾ ਸਕੇਗੀ।