Breaking News
Home / ਹਫ਼ਤਾਵਾਰੀ ਫੇਰੀ / ਕਿਸਾਨ ਅੰਦੋਲਨ ਪੰਜਾਬ ਦੀ ਪੱਗ ਦਾ ਸਵਾਲ ਬਣਿਆ : ਰਾਜੇਵਾਲ

ਕਿਸਾਨ ਅੰਦੋਲਨ ਪੰਜਾਬ ਦੀ ਪੱਗ ਦਾ ਸਵਾਲ ਬਣਿਆ : ਰਾਜੇਵਾਲ

ਬੱਬੂ ਮਾਨ ਬੋਲੇ – ਕਿਸਾਨ ਜਥੇਬੰਦੀਆਂ ਇਕਜੁੱਟ ਤੇ ਇਕ ਸੁਰ ਹੋਣ
ਬੰਗਾ : ਸ਼ਹੀਦਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਦੋਆਬੇ ਦੇ ਕਸਬਾ ਬੰਗਾ ਵਿਚ ਹੋਈ ਕਿਸਾਨਾਂ ਦੀ ਮਹਾਰੈਲੀ ‘ਚ ਕਿਸਾਨ ਜਥੇਬੰਦੀਆਂ ਦੀ ਇਕਜੁੱਟਤਾ ਸਪੱਸ਼ਟ ਨਜ਼ਰ ਆਈ। ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਨੌਜਵਾਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕਿਸਾਨ ਅੰਦੋਲਨ ਪੰਜਾਬ ਦੀ ਪੱਗ ਦਾ ਸਵਾਲ ਬਣ ਗਿਆ ਹੈ। ਇਸ ਮੌਕੇ ਗਾਇਕ ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਸ਼ਰਤ ਰੱਖੀ ਸੀ ਕਿ ਜੇ ਜਥੇਬੰਦੀਆਂ ਇਕਜੁੱਟ ਤੇ ਇਕਸੁਰ ਹੋਣਗੀਆਂ, ਉਹ ਤਾਂ ਹੀ ਇਸ ਰੈਲੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਗਾਇਕ ਸਰਬਜੀਤ ਚੀਮਾ, ਅਮਿਤੋਜ ਮਾਨ, ਪੰਮੀ ਬਾਈ, ਬਲਰਾਜ, ਸਿੱਪੀ ਗਿੱਲ ਨੇ ਵੀ ਹਾਜ਼ਰੀ ਲਵਾਈ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਇਹ ਲੜਾਈ ਨੌਜਵਾਨਾਂ ਦੇ ਮੋਢਿਆਂ ‘ਤੇ ਹੀ ਲੜੀ ਜਾਣੀ ਹੈ। ਬਜ਼ੁਰਗ ਲੀਡਰਸ਼ਿਪ ਕੋਲ ਤਾਂ ਠਰ੍ਹੰਮਾ ਹੈ। ਉਨ੍ਹਾਂ ਕਿਹਾ ਕਿ ਕੋਈ ਤਾਕਤ ਕਿਸਾਨਾਂ ਦੇ ਅੰਦੋਲਨ ਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ। ਉਨ੍ਹਾਂ ਨੇ ਸਰਕਾਰੀ ਏਜੰਸੀਆਂ ਤੇ ਭਾਜਪਾ ਦੇ ਆਈਟੀ ਸੈੱਲ ਦੇ ਗੁਮਰਾਹਕੁਨ ਪ੍ਰਚਾਰ ਤੋਂ ਸਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਛਾਣ ਕਾਇਮ ਰੱਖਣ ਤੇ ਕੇਸ ਨਾ ਕਟਵਾਉਣ। ਦਿੱਲੀ ‘ਚ 26 ਜਨਵਰੀ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਜਥੇਬੰਦੀਆਂ ‘ਚ ਆਏ ਵਖਰੇਵਿਆਂ ਤੇ ਕੁੜੱਤਣ ਨੂੰ ਦੂਰ ਕਰਦਿਆਂ ਬੰਗਾ ਦਾਣਾ ਮੰਡੀ ਵਿੱਚ ਕਿਸਾਨਾਂ ਦੇ ਮੰਚ ‘ਤੇ ਸਾਰੀਆਂ ਧਿਰਾਂ ਮੋਢੇ ਨਾਲ ਮੋਢਾ ਜੋੜ ਕੇ ਬੈਠੀਆਂ ਸਨ। ਰੈਲੀ ਦੇ ਉਤਸ਼ਾਹ ਤੋਂ ਸਪੱਸ਼ਟ ਹੋ ਗਿਆ ਕਿ ਕਿਸਾਨ ਮੋਰਚੇ ਵਿੱਚ ਉਹੀ ਜਲੌਅ ਪਰਤ ਆਇਆ ਹੈ, ਜਿਹੜਾ 26 ਜਨਵਰੀ ਤੋਂ ਪਹਿਲਾਂ ਸੀ। ਰੈਲੀ ਵਿੱਚ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖ ਕੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਆਗੂਆਂ ਦੇ ਚਿਹਰਿਆਂ ‘ਤੇ ਵੀ ਨੂਰ ਝਲਕ ਰਿਹਾ ਸੀ। ਇਸ ਮਹਾਰੈਲੀ ਦੀ ਵਿਉਂਤਬੰਦੀ ਕਰਨ ਵਿੱਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਵੱਡੀ ਭੂਮਿਕਾ ਨਿਭਾਈ। ਮੰਚ ‘ਤੇ ਖੱਬੀਆਂ ਧਿਰਾਂ, ਨਿਹੰਗ ਜਥੇਬੰਦੀਆਂ, ਸਾਧੂ ਸੰਪਰਦਾ ਤੇ ਦਲਿਤ ਭਾਈਚਾਰੇ ਦੇ ਧਾਰਮਿਕ ਆਗੂਆਂ ਸਮੇਤ ਸਾਰੀਆਂ ਧਿਰਾਂ ਹਾਜ਼ਰ ਸਨ। ਰੈਲੀ ਵਿੱਚ ‘ਇਨਕਲਾਬ ਜ਼ਿੰਦਾਬਾਦ’, ‘ਸਾਮਰਾਜਵਾਦ ਮੁਰਦਾਬਾਦ’ ਅਤੇ ‘ਜਵਾਨੀ ਜ਼ਿੰਦਾਬਾਦ’ ਦੇ ਨਾਅਰਿਆਂ ਨੇ ਆਕਾਸ਼ ਗੂੰਜਣ ਲਾ ਦਿੱਤਾ।
ਬੁਲਾਰਿਆਂ ਨੇ ਮੋਰਚੇ ਨੂੰ ਮਜ਼ਬੂਤ ਰੱਖਣ ਲਈ ਲਗਾਤਾਰ ਹਾਜ਼ਰੀ ਭਰਨ ਦੀ ਅਪੀਲ ਕੀਤੀ। 26 ਜਨਵਰੀ ਨੂੰ ਲਾਲ ਕਿਲੇ ਵਿੱਚ ਵਾਪਰੀ ਹਿੰਸਾ ਦੌਰਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਮੋਰਚੇ ਦੇ ਇਤਿਹਾਸ ਨਾਲ ਖੜ੍ਹੇ ਹੋਣ ਦਾ ਫ਼ੈਸਲਾ ਲਿਆ ਹੈ। ਫਿਲਮ ਅਭਿਨੇਤਾ ਯੋਗਰਾਜ ਸਿੰਘ ਨੇ 32 ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ 117 ਚੰਗੇ ਬੰਦਿਆਂ ਨੂੰ ਅੱਗੇ ਲਿਆ ਕੇ ਸੂਬੇ ਦੀ ਸੱਤਾ ਸੰਭਾਲਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ। ਕਾਮਰੇਡ ਦਰਸ਼ਨ ਪਾਲ ਨੇ ਮੰਚ ਤੋਂ ਇਹ ਗੱਲ ਸਪੱਸ਼ਟ ਕੀਤੀ ਕਿ ਇਹ ਸਮਾਂ ਸਿਆਸੀ ਪਾਰਟੀ ਬਣਾਉਣ ਦਾ ਨਹੀਂ ਹੈ, ਸਾਨੂੰ ਆਪਣਾ ਧਿਆਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ‘ਤੇ ਲਾਉਣਾ ਚਾਹੀਦਾ ਹੈ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਕੁਲਵੰਤ ਸਿੰਘ ਸੰਧੂ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਸੁਰਜੀਤ ਸਿੰਘ ਫੂਲ, ਨਿਰਭੈ ਸਿੰਘ ਢੁੱਡੀਕੇ, ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਸਿਰਸਾ, ਕੁਲਦੀਪ ਸਿੰਘ ਵਜੀਦਪੁਰ, ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਅਜੀਤ ਸਿੰਘ ਜੌਹਲਾਂ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਆਦਿ ਹਾਜ਼ਰ ਸਨ।
ઑਪੰਜਾਬੀ ਨਾ ਧੱਕਾ ਕਰਦੇ ਨੇ, ਨਾ ਸਹਿੰਦੇ ਨੇ
ਸਰਹਿੰਦ : ਸੰਯੁਕਤ ਕਿਸਾਨ ਮੋਰਚੇ ਦੀ ਰਹਿਨੁਮਾਈ ਹੇਠ ਬੁੱਧਵਾਰ ਨੂੰ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿੱਚ ਕੀਤੀ ਮਹਾ ਕਿਸਾਨ ਮਜ਼ਦੂਰ ਏਕਤਾ ਰੈਲੀ ਦੌਰਾਨ ਕਿਸਾਨ ਆਗੂਆਂ ਨੇ ਮੰਚ ਤੋਂ ਮੋਦੀ ਸਰਕਾਰ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬੀ ਨਾ ਧੱਕਾ ਕਰਦੇ ਹਨ ਤੇ ਨਾ ਹੀ ਸਹਿੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ‘ਤੇ ਲੀਕ ਮਾਰਨ ਦੀ ਥਾਂ ਕਿਸਾਨ ਅੰਦੋਲਨ ਨੂੰ ਹੀ ਤਾਰਪੀਡੋ ਕਰਨ ਦੀਆਂ ਵਿਉਂਤਾਂ ਘੜ ਰਹੀ ਹੈ, ਜੋ ਨਾਕਾਮ ਸਾਬਤ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੀਆਂ ਘੁਰਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਹਊਮੈ ਤੇ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ। ਕਿਸਾਨ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਤੇ ਹੱਕਾਂ ਦੀ ਪ੍ਰਾਪਤੀ ਕਿਸਾਨ ਅੰਦੋਲਨ ਦਾ ਅਸਲ ਟੀਚਾ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬੀਆਂ ਨੇ ਨਾ ਤਾਂ ਕਿਸੇ ਨਾਲ ਧੱਕਾ ਕੀਤਾ ਹੈ ਅਤੇ ਨਾ ਹੀ ਕਿਸੇ ਦਾ ਧੱਕਾ ਜਰਿਆ ਹੈ। ਇਸ ਰੈਲੀ ਨੂੰ ਡਾ. ਦਰਸ਼ਨ ਪਾਲ ਅਤੇ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਕਈ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …