Breaking News
Home / ਹਫ਼ਤਾਵਾਰੀ ਫੇਰੀ / ‘ਆਪ’ ਖਾਤਰ ਜਹਾਜ਼ ਭਰ ਪੰਜਾਬ ਪਹੁੰਚੇ ਐਨ ਆਰ ਆਈ

‘ਆਪ’ ਖਾਤਰ ਜਹਾਜ਼ ਭਰ ਪੰਜਾਬ ਪਹੁੰਚੇ ਐਨ ਆਰ ਆਈ

chalo-punjab-aap-nri-supporters_650x400_61484827267 copy copyਕੈਨੇਡਾ ਤੋਂ 180 ਐਨ ਆਰ ਆਈਜ਼ ਦਾ ਦਿੱਲੀ ਏਅਰਪੋਰਟ ‘ਤੇ ਢੋਲ ਵਜਾ, ਭੰਗੜਾ ਪਾ ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਤੋਂ ਪਰਵਾਸੀ ਭਾਰਤੀਆਂ ਦਾ ਪਹਿਲਾ ਵਫਦ ਵੀਰਵਾਰ ਨੂੰ ਪੰਜਾਬ ਪਹੁੰਚ ਗਿਆ ਹੈ। ਇਹ ਵਫਦ ਕੇਐਲਐਮ ਦੀ ਵਿਸ਼ੇਸ਼ ਫਲਾਈਟ ਰਾਹੀਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉਤੇ ਵੀਰਵਾਰ ਨੂੰ ਇੱਕ ਵਜੇ ਪਹੁੰਚਿਆ। ਦੂਜਾ ਵਫਦ ਯੂਕੇ ਤੋਂ 24 ਜਨਵਰੀ ਨੂੰ ਆਏਗਾ।ઠ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਓਵਰਸੀਜ ਕਨਵੀਨਰ ਕੁਮਾਰ ਵਿਸ਼ਵਾਸ ਵੱਲੋਂ ਹਵਾਈ ਅੱਡੇ ਉਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਨੇਡਾ ਤੋਂ ਆਏ ਇਸ ਵਫ਼ਦ ਦਾ ਜਿੱਥੇ ਏਅਰਪੋਰਟ ‘ਤੇ ਢੋਲ ਵਜਾ ਕੇ, ਭੰਗੜਾ ਪਾ ਕੇ ਸਵਾਗਤ ਕੀਤਾ ਗਿਆ, ਉਥੇ ਏਅਰਪੋਰਟ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਨ੍ਹਾਂ ‘ਤੇ ਚਲੋ ਪੰਜਾਬ ਦੇ ਬੋਰਡ ਲੱਗੇ ਹੋਏ ਸਨ। ਚੰਡੀਗੜ੍ਹ ਪਹੁੰਚਣ ਉਤੇ ਆਮ ਆਦਮੀ ਪਾਰਟੀ ਦੇ ਕੌਮੀ ਜਨਰਨ ਸਕੱਤਰ ਸੰਜੇ ਸਿੰਘ ਅਤੇ ਕੰਵਰ ਸੰਧੂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ઠ
ਟੋਰਾਂਟੋ ਵਿੱਚ ਚਲੋ ਪੰਜਾਬ ਮੁਹਿੰਮ ਦੇ ਕਨਵੀਨਰ ਸੁਰਿੰਦਰ ਮਾਵੀ, ਜੋ ਕਿ ਪਹਿਲੇ ਵਫਦ ਨਾਲ ਪਹੁੰਚੇ, ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਆਏ ਹਨ। ਮਾਵੀ ਨੇ ਕਿਹਾ ਕਿ ਅਸੀਂ ਕੈਨੇਡਾ ਵਿੱਚ ਵੇਖਿਆ ਹੈ ਕਿ ਕਿਵੇਂ ਇੱਕ ਚੰਗੀ ਸਰਕਾਰ ਲੋਕਾਂ ਦਾ ਜੀਵਨ ਬਦਲ ਦਿੰਦੀ ਹੈ। ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਕੋਈ ਲੋਕਤੰਤਰ ਨਹੀਂ ਹੈ ਅਤੇ ਨਾ ਹੀ ਕਾਨੂੰਨ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਕੇਵਲ ਬਾਦਲ ਪਰਿਵਾਰ ਹੀ ਪੰਜਾਬ ਵਿੱਚ ਸੱਤਾ ਚਲਾ ਰਿਹਾ ਹੈ ਅਤੇ ਆਮ ਲੋਕ ਇਸ ਪਰਿਵਾਰ ਦੇ ਹੱਥੋਂ ਪੀੜਤ ਹੋ ਰਹੇ ਹਨ।ઠ
ਕੈਨੇਡਾ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਕਨਵੀਨਰ ਜੋਬਨ ਰੰਧਾਵਾ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਵੱਲੋਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਤੋਂ ਨਿਜਾਤ ਪਾਉਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦੋਆਬਾ ਖੇਤਰ ਵਿੱਚ ਜਾਣਗੇ ਅਤੇ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਉਨ੍ਹਾਂ ਲਈ ਟੀਚਾ ਰਹੇਗਾ।ઠਰੰਧਾਵਾ ਨੇ ਕਿਹਾ ਕਿ 35 ਹਜ਼ਾਰ ਤੋਂ ਜ਼ਿਆਦਾ ਪਰਵਾਸੀ ਭਾਰਤੀ ਚਲੋ ਪੰਜਾਬ ਮੁਹਿੰਮ ਨਾਲ ਜੁੜੇ ਹੋਏ ਹਨ ਅਤੇ ਬਹੁਤ ਸਾਰੇ ਪੰਜਾਬ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਕੀ ਵੀ ਜਲਦ ਹੀ ਪਹੁੰਚ ਜਾਣਗੇ। ਇਸ ਮੌਕੇ ਸੁਮੇਸ਼ ਹਾਂਡਾ, ਕੈਨੇਡਾ ਸੈਕਟਰੀ ਅਤੇ ਉਘੇ ਫੰਡ ਕੁਲੈਕਟਰ, ਡਾ ਸਾਰਿਕਾ ਵਰਮਾ, ਜੁਆਇੰਟ ਸਕੱਤਰ ਆਪ ਪੰਜਾਬ ਅਤੇ ਪਰਵਾਸੀ ਭਾਰਤੀਆਂ ਦੇ ਵਫਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਨਕਾਰਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦੇ ਸਾਫ ਮਤਲਬ ਹੈ ਕਿ ਬਾਦਲ ਪਰਿਵਾਰ ਨੂੰ ਸੱਤਾ ਵਿੱਚ ਆਉਣ ਦਾ ਇੱਕ ਹੋਰ ਮੌਕਾ ਦੇਣਾ।
ਸੁਖਬੀਰ ਨੇ ਐਨਆਰਆਈ ਭਾਈਚਾਰੇ ਨੂੰ ਅੱਤਵਾਦੀ ਕਰਾਰ ਦਿੱਤਾ : ਸੰਜੇ ਸਿੰਘ
ਚੰਡੀਗੜ੍ਹ : ਆਪ ਦੇ ਕੌਮੀ ਜਨਰਲ ਸਕੱਤਰ ਸੰਜੇ ਸਿੰਘ ਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ  ਬਾਦਲ ਦੀ ਉਸ ਟਿੱਪਣੀ ਦੀ ਸਖਤ ਅਲੋਚਨਾ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਪੂਰੇ ਐਨਆਰਆਈ ਭਾਈਚਾਰੇ ਨੂੰ ਅੱਤਵਾਦੀ ਦੱਸਿਆ ਤੇ ਆਮ ਆਦਮੀ ਪਾਰਟੀ ਉਤੇ ਕੱਟੜਵਾਦੀਆਂ ਤੋਂ ਫੰਡ ਲੈਣ ਦਾ ਦੋਸ਼ ਲਗਾਇਆ।
1941 ਉਮੀਦਵਾਰਾਂ ਨੇ ਦਾਖਲ ਕੀਤੇ ਕਾਗਜ਼
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਬੁੱਧਵਾਰ ਤੱਕ 1941 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਭਰੇ। ਅੰਮ੍ਰਿਤਸਰ ਸੰਸਦੀ ਹਲਕੇ ਦੀ ਉਪ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿਚ ਹਨ। ਆਖਰੀ ਦਿਨ 1040 ਉਮੀਦਵਾਰਾਂ ਨੇ ਪਰਚੇ ਭਰੇ। ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 222 ਨਾਮਜ਼ਦਗੀਆਂ ਦਾਖਲ ਹੋਈਆਂ।  21 ਜਨਵਰੀ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਇਸ ਵਾਰ ਦੀਆਂ ਚੋਣਾਂ ਦਾ ਸਭ ਤੋਂ ਵੱਡਾ ਤੇ ਅਹਿਮ ਪੱਖ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮੁਕਾਬਲਾ ਹੋਣ ਜਾ ਰਿਹਾ ਹੈ। ਕੈਪਟਨ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਕਾਗ਼ਜ਼ ਦਾਖ਼ਲ ਕਰਦਿਆਂ ਮਾਘ ਮਹੀਨੇ ਦੀ ਕੜਾਕੇ ਦੀ ਠੰਢ ਦੌਰਾਨ ਚੋਣ ਮਾਹੌਲ ਨੂੰ ਭਖ਼ਾ ਦਿੱਤਾ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਪਰਚੇ ਭਰੇ।
ਨਵਜੋਤ ਸਿੰਘ ਸਿੱਧੂ ਨੇ ਪਹਿਲੀ ਵਾਰ ਵਿਧਾਨ ਸਭਾ ਲਈ ਕਾਂਗਰਸ ਦੇ ਉਮੀਦਵਾਰ ਵਜੋਂ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਕਾਗ਼ਜ਼ ਦਾਖ਼ਲ ਕੀਤੇ। ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਕਾਗ਼ਜ਼ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਵਿੱਚ ਸ਼ਾਮਲ ਹਨ। ਸਿਆਸਤਦਾਨਾਂ ਦੇ ਰੁਖ਼ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਲਈ ਵੱਕਾਰ ਦਾ ਸਵਾਲ ਬਣਦੀਆਂ ਜਾ ਰਹੀਆਂ ਹਨ। ਬਹੁਜਨ ਸਮਾਜ ਪਾਰਟੀ, ਖੱਬੀਆਂ ਪਾਰਟੀਆਂ, ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ‘ਆਪ’ ਦੇ ਬਾਗ਼ੀ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਫਰੰਟ ਅਤੇ ਹੋਰ ਕਈ ਦਲਾਂ ਨੇ ਵੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
ਨਾਮਜ਼ਦਗੀਆਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਪੰਜਾਬ ਦੇ ਚੋਣ ਮੈਦਾਨ ਵਿੱਚ ਉਪਰੋਕਤ ਆਗੂਆਂ ਸਮੇਤ ਜਿਹੜੇ ਪ੍ਰਮੁੱਖ ਆਗੂ ਨਿੱਤਰ ਆਏ ਹਨ ਉਨ੍ਹਾਂ ਵਿੱਚ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ, ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ, ਪਰਮਿੰਦਰ ਢੀਂਡਸਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਮਜੀਠੀਆ, ਗਰਪ੍ਰੀਤ ਸਿੰਘ ਘੁੱਗੀ, ਕੰਵਰ ਸੰਧੂ, ਸਿਮਰਨਜੀਤ ਸਿੰਘ ਮਾਨ, ਡਾ. ਦਲਜੀਤ ਸਿੰਘ ਚੀਮਾ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਿੰਮਤ ਸਿੰਘ ਸ਼ੇਰਗਿੱਲ, ਜਰਨੈਲ ਸਿੰਘ ਸਮੇਤ ਹੋਰ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਮੁਤਾਬਕ ਪਠਾਨਕੋਟ ਤੋਂ 58, ਗੁਰਦਾਸਪੁਰ ਵਿੱਚ 106, ਅੰਮ੍ਰਿਤਸਰ ਵਿੱਚ 196, ਤਰਨਤਾਰਨ ਵਿੱਚ 55, ਜਲੰਧਰ ਵਿੱਚ 146, ਨਵਾਂਸ਼ਹਿਰ ਵਿੱਚ 45, ਕਪੂਰਥਲਾ ਵਿੱਚ 76, ਹੁਸ਼ਿਆਰਪੁਰ ਵਿੱਚ 119, ਲੁਧਿਆਣਾ ਵਿੱਚ 222, ਮੁਹਾਲੀ ਵਿੱਚ 69, ਰੋਪੜ ਵਿੱਚ 41, ਫਤਿਹਗੜ੍ਹ ਸਾਹਿਬ ਵਿੱਚ 37, ਸੰਗਰੂਰ ਵਿੱਚ 115, ਫਿਰੋਜ਼ਪੁਰ ਵਿੱਚ 70, ਮੋਗਾ ਵਿੱਚ 61, ਫਰੀਦਕੋਟ ਵਿੱਚ 41, ਮੁਕਤਸਰ ਵਿੱਚ 68, ਬਠਿੰਡਾ ਵਿੱਚ 110, ਮਾਨਸਾ ਵਿੱਚ 48, ਫਾਜ਼ਿਲਕਾ ਵਿੱਚ 66, ਬਰਨਾਲਾ ਵਿੱਚ 44 ਅਤੇ ਪਟਿਆਲਾ ਵਿੱਚ 148 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ। ਸਾਲ 2012 ਦੀਆਂ ਚੋਣਾਂ ਵੇਲੇ 1878 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ ਸਨ। ਕਾਗਜ਼ਾਂ ਦੀ ਪੜਤਾਲ ਅਤੇ ਵਾਪਸੀ ਤੋਂ ਬਾਅਦ 1078 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਸਨ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …