Breaking News
Home / ਹਫ਼ਤਾਵਾਰੀ ਫੇਰੀ / 34 ਸਾਲ ਬਾਅਦ ਇਨਸਾਫ : 1984 ‘ਚ ਹੱਤਿਆ ਤੇ ਗੁਰਦੁਆਰਾ ਸਾੜਨ ‘ਤੇ ਹਾਈਕੋਰਟ ਨੇ ਟਰਾਇਲ ਕੋਰਟ ਦਾ ਫੈਸਲਾ ਬਦਲਿਆ

34 ਸਾਲ ਬਾਅਦ ਇਨਸਾਫ : 1984 ‘ਚ ਹੱਤਿਆ ਤੇ ਗੁਰਦੁਆਰਾ ਸਾੜਨ ‘ਤੇ ਹਾਈਕੋਰਟ ਨੇ ਟਰਾਇਲ ਕੋਰਟ ਦਾ ਫੈਸਲਾ ਬਦਲਿਆ

ਮਰਨ ਤੱਕ ਸੱਜਣ ਕੁਮਾਰ ਨੂੰ ਜੇਲ੍ਹ
ਜੱਜਾਂ ਨੇ ਭਾਵੁਕ ਹੁੰਦੇ ਹੋਏ ਕਿਹਾ : ਦੋਸ਼ੀਆਂ ਨੂੰ ਰਾਜਨੀਤਕ ਸ਼ਰਣ ਪ੍ਰਾਪਤ ਸੀ। ਪੁਲਿਸ ਅਤੇ ਪ੍ਰਸ਼ਾਸਨ ਵੀ ਇਨ੍ਹਾਂ ਨੂੰ ਦਹਾਕਿਆਂ ਤੱਕ ਬਚਾਉਂਦਾ ਰਿਹਾ। ਹੁਣ ਸੱਚ ਦੀ ਜਿੱਤ ਹੋਈ ਹੈ।
5 ਵਿਅਕਤੀਆਂ ਦੀ ਹੱਤਿਆ ਦੀ ਜਿਨ੍ਹਾਂ ਗਵਾਹੀਆਂ ਨੂੰ ਟ੍ਰਾਇਲ ਕੋਰਟ ਨੇ ਨਹੀਂ ਮੰਨਿਆ ਸੀ, ਉਨ੍ਹਾਂ ‘ਤੇ ਹੀ 6 ਨੂੰ ਦੋਸ਼ੀ ਠਹਿਰਾਇਆ, 4 ਨੂੰ ਉਮਰਕੈਦ
21 ਸਾਲ ਬਾਅਦ 2005 ਵਿਚ ਸੱਜਣ ‘ਤੇ ਕੇਸ ਦਰਜ ਹੋਇਆ, ਪਰ 2013 ਵਿਚ ਟ੍ਰਾਇਲ ਕੋਰਟ ਨੇ ਉਸ ਨੂੰ ਸਾਜਿਸ਼ਕਰਤਾ ਨਹੀਂ ਮੰਨਿਆ
ਸੱਜਣ ਸਮੇਤ ਸਾਰਿਆਂ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦਾ ਹੁਕਮ, ਦਿੱਲੀ ਨਹੀਂ ਛੱਡ ਸਕਦੇ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 34 ਸਾਲ ਬਾਅਦ ਸੋਮਵਾਰ ਨੂੰ ਦਿੱਲੀ ਹਾਈਕੋਰਟ ਨੇ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮਰਨ ਤੱਕ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਨੇ ਕਿਹਾ ਕਿ ਇਹ ਕਤਲੇਆਮ ਮਨੁੱਖਤਾ ਦੇ ਖਿਲਾਫ ਅਪਰਾਧ ਸੀ। ਰਾਜਨੀਤਕ ਸ਼ਰਣ ਪ੍ਰਾਪਤ ਵਿਅਕਤੀਆਂ ਨੇ ਇਸਦੀ ਸਾਜਿਸ਼ ਰਚੀ ਸੀ। ਹੁਣ ਸੱਚ ਦੀ ਜਿੱਤ ਹੋਈ ਹੈ। ਹਾਈਕੋਰਟ ਨੇ ਕਾਂਗਰਸ ਦੇ ਸਾਬਕਾ ਐਮ.ਸੀ. ਬਲਵਾਨ ਖੋਖਰ, ਰਿਟਾਇਰਡ ਨੇਵੀ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਵੀ ਦੋਸ਼ੀ ਮੰਨਿਆ ਹੈ। ਬਲਵਾਨ, ਭਾਗਮਲ ਅਤੇ ਗਿਰਧਾਰੀ ਨੂੰ ਉਮਰਕੈਦ, ਜਦਕਿ ਮਹਿੰਦਰ ਅਤੇ ਕਿਸ਼ਨ ਨੂੰ 10-10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਛੇ ਦੋਸ਼ੀਆਂ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨਾ ਪਵੇਗਾ, ਤਦ ਤੱਕ ਇਨ੍ਹਾਂ ਦੇ ਦਿੱਲੀ ਤੋਂ ਬਾਹਰ ਜਾਣ ਲਈ ਰੋਕ ਰਹੇਗੀ। ਕਤਲੇਆਮ ਦਾ ਇਹ ਮਾਮਲਾ 1-2 ਨਵੰਬਰ, 1984 ਨੂੰ ਪਾਲਮ ਕਾਲੋਨੀ ਦੇ ਰਾਜਨਗਰ ਪਾਰਟ-1 ਵਿਚ ਪੰਜ ਸਿੱਖਾਂ ਦੀ ਹੱਤਿਆ ਅਤੇ ਰਾਜਨਗਰ ਪਾਰਟ-2 ਵਿਚ ਗੁਰਦੁਆਰਾ ਸਾੜਨ ਨਾਲ ਜੁੜਿਆ ਹੈ। ਸੱਜਣ ਨੂੰ ਬਰੀ ਕਰਨ ਸਬੰਧੀ ਟ੍ਰਾਇਲ ਕੋਰਟ ਦਾ ਫੈਸਲਾ ਰੱਦ ਕਰਦੇ ਹੋਏ ਜਸਟਿਸ ਐਸ. ਮੁਰਲੀਧਰ ਅਤੇ ਵਿਨੋਦ ਗੋਇਲ ਦੀ ਬੈਂਚ ਨੇ ਕਿਹਾ – ਅਪਰਾਧਿਕ ਸਾਜਿਸ਼ ਰਚਣ ਅਤੇ ਹੱਤਿਆ ਲਈ ਭੀੜ ਨੂੰ ਉਕਸਾਉਣ, ਧਰਮ ਦੇ ਅਧਾਰ ‘ਤੇ ਦੋ ਭਾਈਚਾਰਿਆਂ ਵਿਚ ਤਕਰਾਰ ਵਧਾਉਣ ਦਾ ਆਰੋਪ ਸਹੀ ਹੈ। ਦੂਜੇ ਪਾਸੇ ਸੱਜਣ ਕੁਮਾਰ ਨੇ ਸਜ਼ਾ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ।
ਦਿੱਲੀ ਕੈਂਟ ਦੀ ਘਟਨਾ, ਜਿਸ ਨੂੰ ਹਾਈਕੋਰਟ ਨੇ ਸੱਚ ਮੰਨਿਆ : ਅਦਾਲਤ ਨੇ ਮੰਨਿਆ ਕਿ 1 ਨਵੰਬਰ ਦੀ ਰਾਤ 11.00 ਵਜੇ ਸੱਜਣ ਸਫੈਦ ਕਾਰ ਵਿਚ ਦਿੱਲੀ ਕੈਂਟ ਦੇ ਰਾਜਨਗਰ ਪਹੁੰਚਿਆ। ਭੀੜ ਦੀ ਅਗਵਾਈ ਕੀਤੀ। ਭੀੜ ਦਾ ਹਜ਼ੂਮ ਸਿੱਖਾਂ ਦੇ ਘਰਾਂ ਵੱਲ ਵਧਿਆ। ਸਿੱਖ ਘਰਾਂ ਵਿਚ ਬਿਜਲੀ ਬੰਦ ਕਰਕੇ ਲੁਕੇ ਰਹੇ। ਫਿਰ 2 ਨਵੰਬਰ ਦੀ ਸਵੇਰੇ 5.00 ਵਜੇ ਮਾਰੋ-ਮਾਰੋ ਦਾ ਰੌਲਾ ਪਿਆ। ਜਗਸ਼ੇਰ ਸਿੰਘ ਭਰਾਵਾਂ ਨਾਲ ਪੰਜਾਬ ਭੱਜਣ ਲਈ ਨਿਕਲੇ। ਭੀੜ ਨੇ ਮੰਦਰ ਦੇ ਕੋਲ ਉਨ੍ਹਾਂ ਨੂੰ ਘੇਰ ਲਿਆ। ਪੁਲਿਸ ਵਾਲੇ ਵੀ ਮੱਦਦ ਲਈ ਅੱਗੇ ਨਹੀਂ ਆਏ। ਸਾਢੇ 6 ਵਜੇ ਤੱਕ ਸਿਰਫ ਜਗਸ਼ੇਰ ਬਚੇ ਸਨ, ਬਾਕੀ ਸਾਰਿਆਂ ਨੂੰ ਮਾਰ ਦਿੱਤਾ ਗਿਆ ਸੀ।
ਟ੍ਰਾਇਲ ਕੋਰਟ ਨੇ ਸਾਜਿਸ਼ ਨਹੀਂ ਮੰਨੀ ਸੀ, ਹੁਣ ਉਸ ‘ਤੇ ਫੈਸਲਾ : 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1-2 ਨਵੰਬਰ ਦੀ ਇਸ ਘਟਨਾ ਨੂੰ ਲੈ ਕੇ ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ‘ਤੇ 2005 ਵਿਚ ਸੱਜਣ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਪਰ 2013 ਵਿਚ ਟ੍ਰਾਇਲ ਕੋਰਟ ਨੇ ਸੱਜਣ ਨੂੰ ਬਰੀ ਕਰ ਦਿੱਤਾ। ਬਾਕੀ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਫੈਸਲੇ ਨੂੰ ਸੀਬੀਆਈ ਅਤੇ ਪੀੜਤ ਪਰਿਵਾਰਾਂ ਨੇ ਹਾਈਕੋਰਟ ਵਿਚ ਚੁਣੌਤੀ ਦਿੱਤੀ। ਹਾਈਕੋਰਟ ਨੇ ਕਿਹਾ ਕਿ ਤਿੰਨ ਗਵਾਹਾਂ ਦੇ ਹੌਸਲੇ ਅਤੇ ਦ੍ਰਿੜ੍ਹਤਾ ਕਰਕੇ ਸਜ਼ਾ ਦਿੱਤੀ ਜਾ ਸਕੀ ਹੈ। ਹਾਈਕੋਰਟ ਨੇ ਇਸ ਲਈ ਗਵਾਹਾਂ ਦੀ ਸਰਾਹਨਾ ਕੀਤੀ।
442 ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ, 400 ‘ਤੇ ਕੇਸ ਪੈਂਡਿੰਗ ਹੈ : ਰਾਜ ਸਭਾ ਵਿਚ ਕੇਂਦਰ ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿਚ 2733 ਸਿੱਖ ਮਾਰੇ ਗਏ ਸਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਕੁੱਲ 587 ਮੁਕੱਦਮੇ ਦਰਜ ਹੋਏ ਸਨ, ਜਿਨ੍ਹਾਂ ਵਿਚੋਂ 241 ਕੇਸ ਬੰਦ ਹੋ ਚੁੱਕੇ ਹਨ। 20 ਨਵੰਬਰ ਨੂੰ ਪਹਿਲੀ ਵਾਰ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਹੁਣ ਸੱਜਣ ਕੁਮਾਰ ਪਹਿਲਾ ਵੱਡਾ ਨਾਮ ਹੈ, ਜਿਸ ਨੂੰ ਦੋਸ਼ੀ ਠਹਿਰਾਇਆ ਗਿਆ। ਕਾਂਗਰਸ ਆਗੂ ਜਗਦੀਸ਼ ਟਾਈਟਲਰ ਸਮੇਤ 400 ਤੋਂ ਜ਼ਿਆਦਾ ਆਰੋਪੀਆਂ ‘ਤੇ ਵੱਖ-ਵੱਖ ਮੁਕੱਦਮੇ ਚੱਲ ਰਹੇ ਹਨ।
ਤਿੰਨ ਗਵਾਹ : ਜਿਨ੍ਹਾਂ ਦੇ ਬਿਆਨਾਂ ‘ਤੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ…
ਜਗਦੀਸ਼ ਕੌਰ : ਪਤੀ ਅਤੇ ਬੇਟੇ ਨੂੰ ਗੁਆਇਆ, ਬਿਆਨ ਬਦਲਣ ਲਈ ਕਰੋੜਾਂ ਰੁਪਏ ਦਾ ਲਾਲਚ, ਮਾਰਨ ਦੀਆਂ ਧਮਕੀਆਂ ਵੀ ਮਿਲੀਆਂ
ਬਿਆਨ : ‘ਹੱਤਿਆਵਾਂ ਕਰ ਰਹੀ ਭੀੜ ਨੂੰ ਸੱਜਣ ਕੁਮਾਰ ਭੜਕਾ ਰਿਹਾ ਸੀ। ਉਸ ਸਮੇਂ ਸੱਜਣ ਕੁਮਾਰ ਸੰਸਦ ਮੈਂਬਰ ਸੀ। ਭੀੜ ਉਸਦੇ ਕਹਿਣ ‘ਤੇ ਹੀ ਲੋਕਾਂ ਨੂੰ ਮਾਰ ਰਹੀ ਸੀ। ਭੀੜ ਨੇ ਮੇਰੇ ਪਤੀ ਕੇਹਰ ਸਿੰਘ ਅਤੇ ਬੇਟੇ ਗੁਰਪ੍ਰੀਤ ਸਿੰਘ ਨੂੰ ਸਾੜ ਕੇ ਮਾਰ ਦਿੱਤਾ।’ਇਹੀ ਬਿਆਨ ਟ੍ਰਾਇਲ ਕੋਰਟ ਵਿਚ ਵੀ ਦਿੱਤਾ ਗਿਆ ਸੀ। ਪਰ, ਇਸ ਵੱਲ ਤਵੱਜੋਂ ਨਹੀਂ ਦਿੱਤੀ ਗਈ। ਟ੍ਰਾਇਲ ਕੋਰਟ ਵਿਚ ਜਗਦੀਸ਼ ਕੌਰ ਨੇ ਸੱਜਣ ਦੇ ਭਤੀਜੇ ਬਲਵੰਤ ਖੋਖਰ, ਗਿਰਧਾਰੀ ਲਾਲ ਅਤੇ ਕੈਪਟਨ ਭਾਗਮਲ ਦੀ ਪਹਿਚਾਣ ਕੀਤੀ ਸੀ। ਜਗਦੀਸ਼ ਕੌਰ ਨੇ ਕਿਹਾ- ਸਾਨੂੰ ਕਰੋੜਾਂ ਰੁਪਏ ਵਿਚ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਝੁਕੇ ਨਹੀਂ ਤਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ।
ਨਿਰਪ੍ਰੀਤ ਕੌਰ : ਗਵਾਹੀ ਤੋਂ ਨਹੀਂ ਹਟੀ ਤਾਂ ਟਾਡਾ ਲਗਵਾਇਆ, ਮੈਂ 9 ਸਾਲ ਅਤੇ ਮਾਂ 3 ਸਾਲ ਜੇਲ੍ਹ ਵਿਚ ਰਹੀ, ਹਮਲਾ ਵੀ ਕਰਵਾਇਆ
ਬਿਆਨ : ‘ਸੱਜਣ ਦੀ ਅਗਵਾਈ ਵਿਚ ਭੀੜ ਨੇ ਸਿੱਖਾਂ ਨੂੰ ਸਾੜਨਾ ਸ਼ੁਰੂ ਕੀਤਾ। ਬਲਵਾਨ ਅਤੇ ਕਿਸ਼ਨ ਖੋਖਰ ਨੇ ਮੇਰੇ ਪਿਤਾ ਨਿਰਮਲ ਸਿੰਘ ਨੂੰ ਸਾੜਨ ਲਈ ਪੁਲਿਸ ਇੰਸਪੈਕਟਰ ਤੋਂ ਮਾਚਿਸ ਮੰਗੀ। ਸਾਰਾ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ।’
ਇਹੀ ਬਿਆਨ ਸੀਬੀਆਈ ਨੂੰ ਦਿੱਤਾ ਗਿਆ। ਹਾਈਕੋਰਟ ਨੇ ਇਸੇ ਨੂੰ ਸਹੀ ਮੰਨਿਆ। ਨਿਰਪ੍ਰੀਤ ਨੇ ਕਿਹਾ – ਮੈਂ ਉਦੋਂ 16 ਸਾਲ ਦੀ ਸੀ। ਦਿੱਲੀ ਤੋਂ ਜਾ ਕੇ ਮੈਂ ਜਲੰਧਰ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੈਂਬਰ ਬਣ ਗਈ। ਸਾਡੇ ‘ਤੇ ਟਾਡਾ ਲਗਾ ਦਿੱਤਾ ਗਿਆ। ਮੈਂ 9 ਸਾਲ ਜੇਲ੍ਹ ਵਿਚ ਰਹੀ ਅਤੇ ਮੇਰੀ ਮਾਂ ਤਿੰਨ ਸਾਲ ਇਕ ਮਹੀਨਾ। ਇਹ ਸਭ ਇਸ ਲਈ ਹੋਇਆ, ਕਿਉਂਕਿ ਮੈਂ ਗਵਾਹੀ ਤੋਂ ਪਿੱਛੇ ਨਹੀਂ ਹਟੀ।
ਜਗਸ਼ੇਰ ਸਿੰਘ : 3 ਭਰਾਵਾਂ ਨੂੰ ਮੇਰੇ ਸਾਹਮਣੇ ਮਾਰਿਆ ਗਿਆ, ਮੈਂ ਵਾਲ ਕਟਾ ਰੱਖੇ ਸਨ, ਪਗੜੀ ਨਹੀਂ ਪਹਿਨੀ ਸੀ, ਇਸ ਲਈ ਬਚ ਗਿਆ
ਬਿਆਨ : ‘ਮੇਰੇ ਭਰਾ ਨਰਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੂੰ ਮਾਰਨ ਵਾਲੀ ਭੀੜ ਨੂੰ ਸੱਜਣ ਨੇ ਭੜਕਾਇਆ। ਫੌਜ ਦੇ ਇਕ ਮੇਜਰ ਨੇ ਭੀੜ ਨੂੰ ਹਟਾਇਆ, ਜਦ ਤੱਕ ਤਿੰਨਾਂ ਦੀ ਜਾਨ ਚਲੀ ਗਈ ਸੀ।’
ਜਗਸ਼ੇਰ ਨੇ ਕਿਹਾ – ਮੇਰੇ ਹੱਸਦੇ ਖੇਡਦੇ ਪਰਿਵਾਰ ਨੂੰ ਸਿਰਫ ਇਕ ਭੜਕਾਊ ਭਾਸ਼ਣ ਨੇ ਉਜਾੜ ਦਿੱਤਾ। ਦਿੱਲੀ ਵਿਚ ਮੇਰਾ ਸਭ ਕੁਝ ਬਰਬਾਦ ਹੋ ਗਿਆ ਸੀ, ਇਸ ਲਈ ਮੈਂ ਪੰਜਾਬ ਜਾ ਕੇ ਰਹਿਣ ਲੱਗਾ।1984 ਦੀ ਉਸ ਘਟਨਾ ਤੋਂ ਪਹਿਲਾਂ ਹੀ ਮੈਂ ਵਾਲ ਕਟਾ ਲਏ ਸਨ। ਮੈਂ ਪਗੜੀ ਨਹੀਂ ਪਹਿਨਦਾ ਸੀ। ਇਸ ਲਈ ਕਤਲੇਆਮ ਮਚਾਉਣ ਵਾਲੀ ਭੀੜ ਦੀ ਨਜ਼ਰ ਤੋਂ ਬਚ ਗਿਆ।

Check Also

ਇਕ ਨਵੇਂ ਸਰਵੇਖਣ ਅਨੁਸਾਰ

ਦੋ ਤਿਹਾਈ ਕੈਨੇਡੀਅਨਾਂ ਨੂੰ ਵਿਆਜ਼ ਦਰਾਂ ਵਿਚ ਕਟੌਤੀ ਦੀ ਹੈ ਜ਼ਰੂਰਤ ਕੈਲਗਰੀ/ਬਿਊਰੋ ਨਿਊਜ਼ : ਇੱਕ …